- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਹਿਮਦਗੜ੍ਹ ’ਚ ਕਾਂਗਰਸ ਦੀ ‘ਜਵਾਨੀ ਸੰਭਾਲ ਯਾਤਰਾ’ ਨੂੰ ਮਿਲਿਆ ਵੱਡਾ ਹੁੰਗਾਰਾ

ਸਾਬਕਾ ਮੁੱਖ ਮੰਤਰੀ ਚੰਨੀ ਨੇ ਭਗਵੰਤ ਮਾਨ ਸਰਕਾਰ ਨੂੰ ਘੇਰਿਆ
ਰੇਲਵੇ ਰੋਡ ਅਤੇ ਮੇਨ ਬਾਜ਼ਾਰ ਵਿੱਚ ਕੀਤਾ ਪੈਦਲ ਮਾਰਚ
ਮਹਾਂਵੀਰ ਗੋਇਲ, ਪੰਜਾਬੀ ਜਾਗਰਣ.
ਅਹਿਮਦਗੜ੍ਹ : ਸਵਰਗੀ ਕੌਂਸਲਰ ਦੀਪਕ ਸ਼ਰਮਾ (ਦੀਪਾ) ਦੀ ਯਾਦ ਨੂੰ ਸਮਰਪਿਤ ਅਹਿਮਦਗੜ੍ਹ ਵਿੱਚ ਕਾਂਗਰਸ ਪਾਰਟੀ ਵੱਲੋਂ ‘ਜਵਾਨੀ ਸੰਭਾਲ ਯਾਤਰਾ’ ਦਾ ਆਯੋਜਨ ਕਾਂਗਰਸੀ ਆਗੂ ਸੁਮਿਤ ਸਿੰਘ ਮਾਨ ਦੀ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਲੋਕਾਂ ਅਤੇ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ’ਤੇ ਤਿੱਖੇ ਸਿਆਸੀ ਹਮਲੇ ਕੀਤੇ।
ਚੰਨੀ ਨੇ ਕਿਹਾ ਕਿ ਪੰਜਾਬ ਵਿੱਚ ਝਾੜੂ ਵਾਲੀ ਸਰਕਾਰ ਦੇ ਰਾਜ ਦੌਰਾਨ ਗੈਂਗਸਟਰਵਾਦ ਅਤੇ ਫਿਰੌਤੀਖੋਰੀ ਦੀਆਂ ਘਟਨਾਵਾਂ ਵਿੱਚ ਵੱਡਾ ਵਾਧਾ ਹੋਇਆ ਹੈ। ਅੱਜ ਸੂਬੇ ਦਾ ਕੋਈ ਵੀ ਵਪਾਰੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਅਤੇ ਵਪਾਰੀਆਂ ਨੂੰ ਫਿਰੌਤੀ ਲਈ ਫੋਨ ਆ ਰਹੇ ਹਨ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ’ਤੇ ਤਨਜ਼ ਕੱਸਦਿਆਂ ਕਿਹਾ ਕਿ ਉਹ ਸਟੇਜ ਤਾਂ ਚਲਾ ਸਕਦੇ ਹਨ, ਪਰ ਸਟੇਟ ਚਲਾਉਣਾ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਹੈ।
ਇਸ ਮੌਕੇ ਚੰਨੀ ਨੇ ‘ਜਵਾਨੀ ਸੰਭਾਲ ਯਾਤਰਾ’ ਤਹਿਤ ਅਹਿਮਦਗੜ੍ਹ ਦੇ ਰੇਲਵੇ ਰੋਡ ਅਤੇ ਮੇਨ ਬਾਜ਼ਾਰ ਵਿੱਚ ਪੈਦਲ ਮਾਰਚ ਵੀ ਕੀਤਾ। ਇਸ ਮਾਰਚ ਵਿੱਚ ਔਰਤਾਂ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂਆਂ, ਵਰਕਰਾਂ ਅਤੇ ਇਲਾਕਾ ਵਾਸੀਆਂ ਨੇ ਸ਼ਮੂਲੀਅਤ ਕੀਤੀ। ਬਾਜ਼ਾਰ ਵਿੱਚ ਪੈਦਲ ਮਾਰਚ ਦੌਰਾਨ ਕਾਂਗਰਸੀ ਵਰਕਰਾਂ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ।
ਇਸ ਮੌਕੇ ਸਾਬਕਾ ਸੰਸਦ ਮੈਂਬਰ ਮੁਹੰਮਦ ਸਦੀਕ, ਕਾਂਗਰਸ ਦੇ ਕੌਮੀ ਬੁਲਾਰੇ ਸੁਮਿਤ ਸਿੰਘ ਮਾਨ, ਪੰਜਾਬ ਕਾਂਗਰਸ ਦੀ ਜਨਰਲ ਸਕੱਤਰ ਹਿਨਾ ਕਾਬੜੀਆ, ਜ਼ਿਲ੍ਹਾ ਕਾਂਗਰਸ ਪ੍ਰਧਾਨ ਨਿਸ਼ਾਂਤ ਅਖਤਰ, ਸਰਪੰਚ ਹਰਦੀਪ ਸਿੰਘ ਬੌੜਹਾਈ, ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਉਪ ਪ੍ਰਧਾਨ ਸੁਰਿੰਦਰ ਕੁਰੜ, ਜਸਵਿੰਦਰ ਸਿੰਘ ਜੱਸੀ ਬੌੜਹਾਈ, ਭੈਣ ਸਿਮਰਨ ਮਾਨ, ਤਰਸੇਮ ਗਰਗ, ਰਣਧੀਰ ਸਿੰਘ ਹੁੰਜਣ, ਜੱਗਾ ਰਾਮ ਧਰਮਸੋਤ, ਬਲਾਕ ਸੰਮਤੀ ਮੈਂਬਰ ਭੁਪਿੰਦਰ ਸਿੰਘ ਮਹੇਰਨਾ, ਸੁਖਜੀਤ ਸਿੰਘ ਬੌੜਹਾਈ ਅਤੇ ਸਾਬਕਾ ਸਰਪੰਚ ਜਸਬੀਰ ਸਿੰਘ ਜੰਡਾਲੀ ਹਾਜ਼ਰ ਸਨ।