- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹਿਰੀ ਚਮਕ-ਧਮਕ ਛੱਡ ਪੁਰਖਿਆਂ ਦੀ ਮਿੱਟੀ ਨਾਲ ਜੁੜਿਆ ਹਾਰਦਿਕ ਨੈਨ ਦਾ ਪਰਿਵਾਰ

ਹਰਜੀਤ ਸਿੰਘ, ਪੰਜਾਬੀ ਜਾਗਰਣ,
ਖਨੌਰੀ : ਅੱਜ ਦੇ ਦੌਰ ਵਿੱਚ ਜਿੱਥੇ ਤਿਉਹਾਰਾਂ ਦੀਆਂ ਖੁਸ਼ੀਆਂ ਅਕਸਰ ਵੱਡੇ ਸ਼ਹਿਰਾਂ ਅਤੇ ਪਰਿਵਾਰਕ ਸਮਾਗਮਾਂ ਤੱਕ ਸੀਮਤ ਹੋ ਕੇ ਰਹਿ ਜਾਂਦੀਆਂ ਹਨ, ਉੱਥੇ ਹਾਰਦਿਕ ਨੈਨ ਦੇ ਪਰਿਵਾਰ ਨੇ ਆਪਣੇ ਪੁਰਖਿਆਂ ਦੇ ਪਿੰਡ ਗੁਲਾੜੀ ਵਿਖੇ ਪਿੰਡ ਵਾਸੀਆਂ ਨਾਲ ਦੀਵਾਲੀ ਮਨਾਕੇ ਸਾਦਗੀ, ਆਪਣਾਪਣ ਅਤੇ ਸਮਾਜਿਕ ਸਾਂਝ ਦਾ ਸੁਨੇਹਾ ਦਿੱਤਾ। ਚੰਡੀਗੜ੍ਹ ਵਰਗੇ ਵੱਡੇ ਸ਼ਹਿਰਾਂ ਦੀ ਚਮਕ-ਧਮਕ ਤੋਂ ਦੂਰ ਰਹਿੰਦਿਆਂ ਪਰਿਵਾਰ ਨੇ ਪਿੰਡ ਦੀ ਮਿੱਟੀ ਨਾਲ ਆਪਣੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਦਿਆਂ ‘ਖੁਸ਼ੀਆਂ ਦੀ ਦੀਵਾਲੀ’ ਮਨਾਈ।
ਦੀਵਾਲੀ ਦੇ ਸ਼ੁਭ ਮੌਕੇ ’ਤੇ ਹਾਰਦਿਕ ਨੈਨ ਨੇ ਸਭ ਤੋਂ ਪਹਿਲਾਂ ਪਰਿਵਾਰ ਸਮੇਤ ਦਾਦਾ ਖੇੜਾ ਵਿਖੇ ਮੱਥਾ ਟੇਕਿਆ। ਇਸ ਉਪਰੰਤ ਸ਼ਿਵ ਮੰਦਰ, ਮਾਤਾ ਰਾਣੀ ਦੇ ਮੰਦਰ ਅਤੇ ਹੋਰ ਧਾਰਮਿਕ ਸਥਾਨਾਂ ’ਤੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ।
ਇਸ ਤੋਂ ਬਾਅਦ ਹਾਰਦਿਕ ਨੈਨ ਦੇ ਪਰਿਵਾਰ ਨੇ ਪਿੰਡ ਦੇ ਘਰ-ਘਰ ਜਾ ਕੇ ਲੋਕਾਂ ਨਾਲ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਅਤੇ ਹਰੇਕ ਪਰਿਵਾਰ ਨੂੰ ਮਿਠਾਈ ਦੇ ਡੱਬੇ ਭੇਟ ਕੀਤੇ। ਇਸ ਦੌਰਾਨ ਉਨ੍ਹਾਂ ਦੀ ਧਰਮ ਪਤਨੀ ਨੇ ਪਿੰਡ ਦੇ ਬਜ਼ੁਰਗਾਂ ਦੇ ਪੈਰ ਛੂਹ ਕੇ ਆਸ਼ੀਰਵਾਦ ਲਿਆ, ਜਦਕਿ ਬੱਚਿਆਂ ਅਤੇ ਨੌਜਵਾਨਾਂ ਨਾਲ ਵੀ ਪਿਆਰ ਭਰੀਆਂ ਮੁਲਾਕਾਤਾਂ ਕੀਤੀਆਂ।
ਹਾਰਦਿਕ ਨੈਨ ਦੇ ਪਰਿਵਾਰ ਦਾ ਕਹਿਣਾ ਸੀ ਕਿ ਦੀਵਾਲੀ ਵਰਗੇ ਪਵਿੱਤਰ ਤਿਉਹਾਰ ਦੀਆਂ ਖੁਸ਼ੀਆਂ ਆਪਣੇ ਲੋਕਾਂ ਨਾਲ ਸਾਂਝੀਆਂ ਕਰਨ ਨਾਲ ਹੀ ਤਿਉਹਾਰ ਦੀ ਅਸਲ ਖੁਸ਼ੀ ਮਿਲਦੀ ਹੈ। ਉਨ੍ਹਾਂ ਲਈ ਪਿੰਡ ਦਾ ਹਰ ਘਰ ਆਪਣੇ ਪਰਿਵਾਰ ਦਾ ਹਿੱਸਾ ਹੈ ਅਤੇ ਪਿੰਡ ਵਾਸੀਆਂ ਦਾ ਪਿਆਰ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਪੂੰਜੀ ਹੈ।
ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਹਾਰਦਿਕ ਨੈਨ ਦੇ ਪਰਿਵਾਰ ਵੱਲੋਂ ਪਿੰਡ ਵਿੱਚ ਪਹੁੰਚ ਕੇ ਹਰ ਘਰ ਨਾਲ ਖੁਸ਼ੀਆਂ ਸਾਂਝੀਆਂ ਕਰਨਾ ਇੱਕ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਨਾਲ ਪਿੰਡਾਂ ਵਿੱਚ ਆਪਸੀ ਭਾਈਚਾਰਾ, ਸਾਂਝ ਅਤੇ ਪਿਆਰ ਦੀ ਭਾਵਨਾ ਹੋਰ ਮਜ਼ਬੂਤ ਹੁੰਦੀ ਹੈ।
ਹਾਰਦਿਕ ਨੈਨ ਦੇ ਪਰਿਵਾਰ ਦੀ ਇਸ ਪਹਿਲਕਦਮੀ ਨਾਲ ਪਿੰਡ ਗੁਲਾੜੀ ਵਿੱਚ ਦੀਵਾਲੀ ਦਾ ਤਿਉਹਾਰ ਹੋਰ ਵੀ ਖਾਸ ਬਣ ਗਿਆ। ਉਨ੍ਹਾਂ ਦੀ ਇਸ ਸਾਦਗੀ ਅਤੇ ਪਿੰਡ ਨਾਲ ਜੁੜਾਅ ਦੀ ਇਲਾਕੇ ਵਿੱਚ ਚਰਚਾ ਹੋ ਰਹੀ ਹੈ।