- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੀਬਾ ਜਿੰਦਪ੍ਰੀਤ ਕੌਰ ਦੇ ਜਥੇ ਨੇ ਰਸਮਈ ਕੀਰਤਨ ਨਾਲ ਸੰਗਤਾਂ ਨੂੰ ਮੰਤਰ ਮੁਗਧ ਕੀਤਾ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਸਥਾਨਕ ਗੁਰਦੁਆਰਾ ਸਾਹਿਬ ਗੁਰੂ ਨਾਨਕ ਪੁਰਾ ਵਿਖੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਅਧੀਨ ਇਸਤਰੀ ਸਤਿਸੰਗ ਸਭਾ ਵੱਲੋਂ ਰਾਤਰੀ ਸਮਾਗਮ ਬੀਬੀ ਸਵਰਨ ਕੌਰ ਪ੍ਰਧਾਨ, ਪ੍ਰੀਤਮ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ, ਹਰਭਜਨ ਸਿੰਘ ਭੱਟੀ ਮੁੱਖ ਸੇਵਾਦਾਰ, ਨਰਿੰਦਰ ਪਾਲ ਸਿੰਘ ਸਾਹਨੀ ਐਡਵੋਕੇਟ ਸਰਪ੍ਰਸਤ ਦੀ ਦੇਖ-ਰੇਖ ਹੇਠ ਕੀਤਾ ਗਿਆ। ਸਮਾਗਮ ਦੀ ਆਰੰਭਤਾ ਇਸਤਰੀ ਸਤਿਸੰਗ ਸਭਾ ਵੱਲੋਂ ਪਰਵਿੰਦਰ ਕੌਰ, ਰੇਖਾ ਰਾਣੀ, ਗੁਰਲੀਨ ਕੌਰ, ਮਹਿਕਪ੍ਰੀਤ ਕੌਰ ਦੇ ਜਥੇ ਨੇ ਕੀਤੀ ਉਪਰੰਤ ਯੂਐੱਸਏ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਬੀਬਾ ਜਿੰਦਪ੍ਰੀਤ ਕੌਰ, ਜੋਤਸਰੂਪ ਕੌਰ, ਕਵਨਪ੍ਰੀਤ ਕੌਰ ਦੇ ਜਥੇ ਨੇ ਨਿਰਧਾਰਤ ਰਾਗਾਂ ਵਿੱਚ ਕੀਰਤਨ ਅਤੇ ਭੱਟ ਸਾਹਿਬਾਨ ਵੱਲੋਂ ਗੁਰੂ ਸਾਹਿਬ ਜੀ ਦੀ ਉਸਤਤ ਵਿੱਚ ਦਰਜ ਸ਼ਬਦਾਂ ਦਾ ਰਸਮਈ ਗਾਇਨ ਕਰਦਿਆਂ ਸੰਗਤਾਂ ਨੂੰ ਮੰਤਰ ਮੁਗਧ ਕਰ ਦਿੱਤਾ।
ਇਹ ਜ਼ਿਕਰਯੋਗ ਹੈ ਕਿ ਇਹ ਬੱਚੀਆਂ ਸੰਗਰੂਰ ਸ਼ਹਿਰ ਦੇ ਹੀ ਵੱਖ ਵੱਖ ਗੁਰਦੁਆਰਿਆਂ ਸਾਹਿਬਾਨ ਵਿੱਚ ਬਤੌਰ ਹੈੱਡ ਗ੍ਰੰਥੀ ਸੇਵਾ ਕਰਨ ਵਾਲੇ ਭਾਈ ਅਮਰਜੀਤ ਸਿੰਘ ਜੋਗੀ (ਜੋ ਹੁਣ ਅਮਰੀਕਾ ਨਿਵਾਸੀ ਹਨ) ਦੀਆਂ ਪੋਤੀਆਂ ਅਤੇ ਸੰਗੀਤ ਖੇਤਰ ਵਿੱਚ ਨਾਮਣਾ ਖੱਟਣ ਵਾਲੇ ਸੰਗਰੂਰ ਦੇ ਜੰਮਪਲ ਕੰਵਰਜੀਤ ਸਿੰਘ ਦੀਆਂ ਬੱਚੀਆਂ ਹਨ। ਇਨ੍ਹਾਂ ਜਥਿਆਂ ਨੂੰ ਚਰਨਜੀਤ ਪਾਲ ਸਿੰਘ ਦੇ ਸਟੇਜ ਸੰਚਾਲਨ ਅਧੀਨ ਪ੍ਰਬੰਧਕ ਕਮੇਟੀ ਵੱਲੋਂ ਹਰਭਜਨ ਸਿੰਘ ਭੱਟੀ, ਨਰਿੰਦਰ ਪਾਲ ਸਿੰਘ ਸਾਹਨੀ, ਗੁਰਿੰਦਰ ਸਿੰਘ ਗੁਜਰਾਲ, ਸੁਰਿੰਦਰ ਪਾਲ ਸਿੰਘ ਸਿਦਕੀ, ਪ੍ਰੀਤਮ ਸਿੰਘ ਅਤੇ ਇਸਤਰੀ ਸਤਿਸੰਗ ਸਭਾ ਦੀਆਂ ਬੀਬੀਆਂ ਵੱਲੋਂ ਸਨਮਾਨਿਤ ਕੀਤਾ ਗਿਆ। ਭਾਈ ਅਮਰਜੀਤ ਸਿੰਘ ਜੋਗੀ ਨੇ ਇਹ ਕਹਿੰਦੇ ਹੋਏ ਮਾਣ ਮਹਿਸੂਸ ਕੀਤਾ ਉਨ੍ਹਾਂ ਦੇ ਪਰਿਵਾਰ ਨੂੰ ਆਪਣੇ ਘਰ ਵਿੱਚ ਸੰਗਤਾਂ ਵੱਲੋਂ ਬਹੁਤ ਸਤਿਕਾਰ ਅਤੇ ਪਿਆਰ ਮਿਲ ਰਿਹਾ ਹੈ।
ਸੁਰਿੰਦਰ ਪਾਲ ਸਿੰਘ ਸਿਦਕੀ ਮੀਡੀਆ ਇੰਚਾਰਜ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤ ਵੇਲੇ ਦੀਆਂ ਪ੍ਰਭਾਤ ਫੇਰੀਆਂ ਵਿੱਚ ਵੱਖ-ਵੱਖ ਗੁਰੂ ਘਰਾਂ ਦੇ ਨਾਲ ਅਗਰਵਾਲ ਸਭਾ ਦੇ ਪ੍ਰਧਾਨ ਬਦਰੀ ਜਿੰਦਲ ਦੀ ਅਗਵਾਈ ਵਿੱਚ ਵੀ ਸੰਗਤਾਂ ਦਾ ਸਵਾਗਤ ਅਤੇ ਚਾਹ ਪ੍ਰਸ਼ਾਦ ਨਾਲ ਸੇਵਾ ਕਰਕੇ ਭਰਾਤਰੀ ਭਾਵ ਨੂੰ ਦਰਸਾਇਆ ਗਿਆ ਹੈ ਅਤੇ ਸਿੰਘ ਸਟੇਸ਼ਨਰੀ ਹਾਊਸ ਪਟਿਆਲਾ ਗੇਟ ਵਿਖੇ ਹਰਫੂਲ ਸਿੰਘ, ਗੁਰਦਰਸ਼ਨ ਸਿੰਘ ਵੱਲੋਂ ਵੀ ਸੰਗਤਾਂ ਦੀ ਸੇਵਾ ਕੀਤੀ ਗਈ। ਹਰਭਜਨ ਸਿੰਘ ਭੱਟੀ ਅਤੇ ਨਰਿੰਦਰ ਪਾਲ ਸਿੰਘ ਸਾਹਨੀ ਨੇ ਦੱਸਿਆ ਕਿ ਇਸੇ ਸਬੰਧ ਵਿੱਚ ਅੱਜ ਸ਼ਾਮ 4 ਵਜੇ ਅਲੌਕਿਕ ਨਗਰ ਕੀਰਤਨ ਗੁਰਦੁਆਰਾ ਸਾਹਿਬ ਗੁਰੂ ਨਾਨਕ ਪੁਰਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆਂ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਚਾਲੇ ਪਾਵੇਗਾ।