- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਨਰੇਗਾ ਮੁਲਾਜ਼ਮ 30 ਨੂੰ ਘੇਰਨਗੇ ਪੰਚਾਇਤ ਅਫਸਰ ਦੀ ਕੋਠੀ

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ
ਦਿੜ੍ਹਬਾ : ਮਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਲਾਕ ਦਿੜ੍ਹਬਾ ਦੀ ਅਹਿਮ ਮੀਟਿੰਗ ਦੌਰਾਨ ਬਲਾਕ ਪ੍ਰਧਾਨ ਬਿੱਕਰ ਸਿੰਘ ਕਮਾਲਪੁਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤ ਸਰਕਾਰ ਨੇ ਮਨਰੇਗਾ ਬੰਦ ਕਰਕੇ 1 ਜੁਲਾਈ ਤੋਂ ਵਿਕਸਤ ਭਾਰਤ ਜੀ ਰਾਮ ਜੀ ਸਕੀਮ ਪੂਰੇ ਭਾਰਤ ਵਿੱਚ ਲਾਗੂ ਕਰ ਦਿੱਤੀ ਹੈ ਪਰ ਦੂਸਰੇ ਪਾਸੇ ਪੰਜਾਬ ਦੇ ਮਨਰੇਗਾ ਮੁਲਾਜ਼ਮਾਂ ਦੇ 58 ਦਿਨ ਚੱਲੇ ਧਰਨੇ ਨੂੰ 29 ਜੁਲਾਈ ਨੂੰ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਵਾਲੀ ਕੈਬਨਿਟ ਸਬ ਕਮੇਟੀ ਦੇ ਚੇਅਰਮੈਨ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਵੱਲੋਂ ਇਹ ਕਹਿ ਕੇ ਸਮਾਪਤ ਕਰਵਾ ਦਿੱਤਾ ਗਿਆ ਸੀ ਕੇ ਮਨਰੇਗਾ ਮੁਲਾਜ਼ਮਾਂ ਦੀ ਪਿਛਲੀ ਸਾਰੀ ਤਨਖਾਹ 15 ਅਗਸਤ ਤੱਕ ਜਾਰੀ ਕਰ ਦਿੱਤੀ ਜਾਵੇਗੀ ਤੇ ਆਉਣ ਵਾਲ਼ੇ ਦਿਨਾਂ ਵਿੱਚ ਰੈਗੂਲਰ ਦੀ ਫਾਈਲ ਕੈਬਨਿਟ ਰਾਹੀਂ ਪਾਸ ਕਰ ਕੇ ਮਨਰੇਗਾ ਮੁਲਾਜ਼ਮਾਂ ਨੂੰ ਪੰਚਾਇਤ ਵਿਭਾਗ ਵਿੱਚ ਮਰਜ਼ ਕਰ ਕੇ ਰੈਗੂਲਰ ਦੇ ਆਰਡਰ ਜਾਰੀ ਕਰ ਦਿੱਤੇ ਜਾਣਗੇ। ਜਿਸ ਦੀ ਮਸ਼ਹੂਰੀ ਪੰਜਾਬ ਸਰਕਾਰ ਨੇ ਆਪਣੇ ਸੋਸ਼ਲ ਮੀਡੀਆ ’ਤੇ ਵੀ ਕਰ ਕੇ ਖੂਬ ਵਾਹ-ਵਾਹੀ ਬਟੋਰੀ ਸੀ। ਪਰ ਇਸ ਤੋਂ ਬਾਅਦ ਵੀ ਪੰਚਾਇਤੀ ਵਿਭਾਗ ਦੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਧ ਅਤੇ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨਾਲ ਮਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਦੀਆਂ ਕਈ ਮੀਟਿੰਗਾਂ ਹੋਈਆਂ ਪਰ ਸਿਵਾਏ ਭਰੋਸੇ ਤੋਂ ਕੁਝ ਵੀ ਨਹੀਂ ਮਿਲਿਆ ਤੇ ਅੱਜ 3 ਮਹੀਨੇ ਬੀਤਣ ਤੇ ਵੀ ਨਰੇਗਾ ਮੁਲਾਜ਼ਮਾਂ ਨੂੰ ਨਾ ਤਾਂ ਪੁਰਾਣੀ ਰਹਿੰਦੀ ਸਾਰੀ ਤਨਖਾਹ ਮਿਲੀ ਹੈ ਤੇ ਨਾ ਹੀ ਵਾਅਦੇ ਮੁਤਾਬਿਕ ਵਿਭਾਗ ਵਿੱਚ ਰੈਗੂਲਰ ਆਰਡਰ ਮਿਲੇ ਹਨ। ਇਸ ਕਰ ਕੇ ਸਮੂਹ ਪੰਜਾਬ ਦੇ ਮਨਰੇਗਾ ਮੁਲਾਜ਼ਮਾਂ ਵਿੱਚ ਰੋਸ ਦੀ ਲਹਿਰ ਹੈ, ਜਿਸ ਕਰ ਕੇ ਉਨ੍ਹਾਂ ਵੱਲੋਂ 30 ਅਕਤੂਬਰ ਨੂੰ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਖੰਨਾ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਬਲਾਕ ਸੁਪਰਡੇਂਟ ਕੁਲਦੀਪ ਸਿੰਘ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਰਮਨਪ੍ਰੀਤ ਕੌਰ, ਰਣਧੀਰ ਸਿੰਘ, ਬਲਵਿੰਦਰ ਸਿੰਘ, ਕਰਮਜੀਤ ਸਿੰਘ, ਕੁਲਦੀਪ ਸਿੰਘ, ਹਾਕਮ ਸਿੰਘ ਆਦਿ ਹਾਜ਼ਰ ਸਨ।