ਮੰਤਰੀ ਅਮਨ ਅਰੋੜਾ ਨੇ ‘ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਵੰਡੇ ਪ੍ਰਾਪਰਟੀ ਕਾਰਡ ਮੰਤਰੀ ਅਮਨ ਅਰੋੜਾ ਨੇ ‘ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਵੰਡੇ ਪ੍ਰਾਪਰਟੀ ਕਾਰਡ
Publish Date: Thu, 22 Oct 2026 03:46 PM (IST)
Updated Date: Thu, 22 Oct 2026 03:48 PM (IST)
ਸੁਨਾਮ ਹਲਕੇ ਦੇ ਤਿੰਨ ਪਿੰਡਾਂ ਦੇ 810 ਪਰਿਵਾਰਾਂ ਨੂੰ ਮਿਲੇਗਾ ਲਾਭ ਕਿਹਾ- ਸਰਕਾਰ ਨਸ਼ਿਆਂ ਦੇ ਖਾਤਮੇ ਲਈ ਕਰ ਰਹੀ ਹੈ ਕੰਮ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪਿੰਡ ਈਲਵਾਲ ਵਿਖੇ ਕਰਵਾਏ ਸਮਾਗਮ ਦੌਰਾਨ ‘ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਵਿਧਾਨ ਸਭਾ ਹਲਕਾ ਸੁਨਾਮ ਦੇ ਪਿੰਡ ਉਭਾਵਾਲ, ਈਲਵਾਲ ਅਤੇ ਲਖਮੀਰਵਾਲਾ ਦੇ 810 ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ ਦੇ ਮਾਲਕਾਨਾ ਹੱਕਾਂ ਸਬੰਧੀ ਪ੍ਰਾਪਰਟੀ ਕਾਰਡ ਤਕਸੀਮ ਕੀਤੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਪੇਂਡੂ ਖੇਤਰਾਂ ਵਿੱਚ ਲਾਲ ਲਕੀਰ ਅੰਦਰ ਸਥਿਤ ਘਰਾਂ ਦੇ ਵਸਨੀਕਾਂ ਨੂੰ ਮਾਲਕਾਨਾ ਦਸਤਾਵੇਜ਼ ਮੁਹੱਈਆ ਕਰਵਾ ਕੇ ਉਨ੍ਹਾਂ ਦੀ ਚਿਰੋਕਣੀ ਲੋੜ ਪੂਰੀ ਕਰ ਰਹੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਪਿੰਡਾਂ ਵਿੱਚ ਅਨੇਕਾਂ ਪਰਿਵਾਰ ਪੀੜ੍ਹੀਆਂ ਤੋਂ ਆਪਣੇ ਘਰਾਂ ਵਿੱਚ ਰਹਿ ਰਹੇ ਸਨ, ਪਰ ਇਨ੍ਹਾਂ ਜਾਇਦਾਦਾਂ ਦੇ ਮਾਲਕਾਨਾ ਹੱਕਾਂ ਸਬੰਧੀ ਉਨ੍ਹਾਂ ਕੋਲ ਬਾਕਾਇਦਾ ਦਸਤਾਵੇਜ਼ ਨਹੀਂ ਸਨ। ਉਨ੍ਹਾਂ ਕਿਹਾ ਕਿ ‘ਮੇਰਾ ਘਰ ਮੇਰੇ ਨਾਮ’ ਸਕੀਮ ਅਜਿਹੇ ਪਰਿਵਾਰਾਂ ਲਈ ਅਹਿਮ ਉਪਰਾਲਾ ਹੈ, ਜਿਸ ਰਾਹੀਂ ਉਨ੍ਹਾਂ ਨੂੰ ਆਪਣੀ ਰਿਹਾਇਸ਼ੀ ਜਾਇਦਾਦ ਦੀ ਮਾਲਕੀ ਦਾ ਦਸਤਾਵੇਜ਼ੀ ਆਧਾਰ ਮਿਲ ਰਿਹਾ ਹੈ। ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਇਨ੍ਹਾਂ ਸਰਟੀਫਿਕੇਟਾਂ ਰਾਹੀਂ ਲਾਭਪਾਤਰੀਆਂ ਨੂੰ ਉਸੇ ਤਰ੍ਹਾਂ ਮਾਲਕਾਨਾ ਹੱਕ ਮਿਲ ਰਹੇ ਹਨ, ਜਿਵੇਂ ਤਹਿਸੀਲ ਵਿੱਚ ਰਜਿਸਟਰੀ ਕਰਵਾਉਣ ਉਪਰੰਤ ਮਿਲਦੇ ਹਨ। ਉਨ੍ਹਾਂ ਦੱਸਿਆ ਕਿ ਇਸ ਪ੍ਰਕਿਰਿਆ ਨਾਲ ਸਬੰਧਤ ਮਾਲ ਰਿਕਾਰਡ ਅਤੇ ਜਮ੍ਹਾਂਬੰਦੀ ਵਿੱਚ ਮਾਲਕੀ ਦਾ ਬਾਕਾਇਦਾ ਇੰਦਰਾਜ਼ ਹੋਵੇਗਾ। ਇਸ ਨਾਲ ਪਰਿਵਾਰਾਂ ਨੂੰ ਆਪਣੀ ਜਾਇਦਾਦ ਦੀ ਖਰੀਦੋ-ਫਰੋਖਤ ਕਰਨ ਅਤੇ ਲੋੜ ਅਨੁਸਾਰ ਬੈਂਕਾਂ ਦੀਆਂ ਸ਼ਰਤਾਂ ਪੂਰੀਆਂ ਕਰਕੇ ਕਰਜ਼ਾ ਪ੍ਰਾਪਤ ਕਰਨ ਵਿੱਚ ਸਹੂਲਤ ਮਿਲੇਗੀ। ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਨੇ ਸਾਲ 2007 ਤੋਂ 2017 ਦੇ ਦੌਰਾਨ ਪਹਿਲੀ ਵਾਰ ‘ਚਿੱਟਾ’ ਅਤੇ ‘ਗੈਂਗਸਟਰ’ ਵਰਗੇ ਸ਼ਬਦ ਸੁਣੇ ਸਨ ਤੇ ਉਸ ਸਮੇਂ ਇਨ੍ਹਾਂ ਅਨਸਰਾਂ ਦੀ ਪੁਸ਼ਤਪਨਾਹੀ ਹੁੰਦੀ ਰਹੀ। ਜਦਕਿ ਪੰਜਾਬ ਸਰਕਾਰ ਦਿਨ ਰਾਤ ਇੱਕ ਕਰ ਕੇ ਨਸ਼ਿਆਂ ਦੇ ਖ਼ਾਤਮੇ ਲਈ ਕੰਮ ਕਰ ਰਹੀ ਹੈ।