ਤੰਦਰੁਸਤ ਭਾਰਤ’ ਦਾ ਹੋਕਾ ਦੇ ਰਹੇ ਰੋਸ਼ਨ ਮੁੰਸ਼ੀ ਦਾ ਸੰਗਰੂਰ ’ਚ ਸਨਮਾਨ ਤੰਦਰੁਸਤ ਭਾਰਤ’ ਦਾ ਹੋਕਾ ਦੇ ਰਹੇ ਰੋਸ਼ਨ ਮੁੰਸ਼ੀ ਦਾ ਸੰਗਰੂਰ ’ਚ ਸਨਮਾਨ
Publish Date: Sun, 18 Oct 2026 03:14 PM (IST)
Updated Date: Sun, 18 Oct 2026 03:15 PM (IST)
ਹੁਣ ਤੱਕ11,500 ਕਿਲੋਮੀਟਰ ਸਾਈਕਲ ਯਾਤਰਾ ਕੀਤੀ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਯੋਗ, ਕੁਦਰਤੀ ਸਿਹਤ ਸੰਭਾਲ ਅਤੇ ਵਾਤਾਵਰਨ ਦੀ ਰਾਖੀ ਦਾ ਸੁਨੇਹਾ ਲੈ ਕੇ ਸਾਈਕਲ ਰਾਹੀਂ ਦੇਸ਼ ਭਰ ਵਿੱਚ ਲੋਕਾਂ ਨੂੰ ਜਾਗਰੂਕ ਕਰ ਰਹੇ ਪੱਛਮੀ ਬੰਗਾਲ ਦੇ ਵਸਨੀਕ ਰੋਸ਼ਨ ਮੁੰਸ਼ੀ ਦਾ ਸੰਗਰੂਰ ਪਹੁੰਚਣ ’ਤੇ ਸਨਮਾਨ ਕੀਤਾ ਗਿਆ। ਨੈਸ਼ਨਲ ਇੰਸਟੀਚਿਊਟ ਆਫ ਹੋਲਿਸਟਿਕ ਹੈਲਥ ਨਾਲ ਜੁੜੇ ਮੁੰਸ਼ੀ ਦਾ ਰਾਜ ਪੁਰਸਕਾਰ ਅਤੇ ਸ੍ਰੀ ਧਨਵੰਤਰੀ ਪੁਰਸਕਾਰ ਨਾਲ ਸਨਮਾਨਿਤ ਡਾ. ਹਰਪ੍ਰੀਤ ਸਿੰਘ ਭੰਡਾਰੀ, ਸੰਗਰੂਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਅਰੋੜਾ ਅਤੇ ਸਮਾਜ ਸੇਵੀ ਰਾਜਵਿੰਦਰ ਸਿੰਘ ਲੱਕੀ ਨੇ ਸਿਰੋਪਾ ਅਤੇ ਸ਼ਾਲ ਭੇਟ ਕਰਕੇ ਸਵਾਗਤ ਕੀਤਾ। ਇਸ ਮੌਕੇ ਰੋਸ਼ਨ ਮੁੰਸ਼ੀ ਨੇ ਕਿਹਾ ਕਿ ਗੁਰੂਆਂ-ਪੀਰਾਂ ਦੀ ਧਰਤੀ ਪੰਜਾਬ ਵਿੱਚ ਆ ਕੇ ਉਨ੍ਹਾਂ ਨੂੰ ਬਹੁਤ ਚੰਗਾ ਲੱਗਿਆ ਹੈ। ਪੰਜਾਬ ਦੀ ਅਮੀਰ ਵਿਰਾਸਤ, ਮਨੁੱਖਤਾ ਦੀ ਸੇਵਾ ਦੀ ਭਾਵਨਾ ਅਤੇ ਲੋਕਾਂ ਦੇ ਪਿਆਰ ਨੇ ਉਨ੍ਹਾਂ ਨੂੰ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਭਗਤ ਪੂਰਨ ਸਿੰਘ ਜੀ ਦੀ ਸ਼ਖ਼ਸੀਅਤ ਅਤੇ ਨਿਸ਼ਕਾਮ ਸੇਵਾ ਦਾ ਜੀਵਨ ਉਨ੍ਹਾਂ ਲਈ ਵਿਸ਼ੇਸ਼ ਪ੍ਰੇਰਨਾ ਦਾ ਸਰੋਤ ਹੈ। ਡਾ. ਹਰਪ੍ਰੀਤ ਸਿੰਘ ਭੰਡਾਰੀ ਨੇ ਕਿਹਾ ਕਿ ਤੰਦਰੁਸਤੀ ਲਈ ਬਿਮਾਰੀਆਂ ਦੇ ਇਲਾਜ ਦੇ ਨਾਲ-ਨਾਲ ਉਨ੍ਹਾਂ ਤੋਂ ਬਚਾਅ ਅਤੇ ਚੰਗੀ ਜੀਵਨ-ਜਾਚ ਅਪਣਾਉਣੀ ਵੀ ਜ਼ਰੂਰੀ ਹੈ। ਯੋਗ, ਸੈਰ, ਸੰਤੁਲਿਤ ਖੁਰਾਕ ਅਤੇ ਸਰੀਰਕ ਸਰਗਰਮੀ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਅਜਿਹੀਆਂ ਮੁਹਿੰਮਾਂ ਲੋਕਾਂ ਨੂੰ ਤੰਦਰੁਸਤ ਜੀਵਨ ਜਿਊਣ ਅਤੇ ਵਾਤਾਵਰਨ ਦੀ ਸੰਭਾਲ ਲਈ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਸਿਹਤਮੰਦ ਸਮਾਜ ਦੀ ਉਸਾਰੀ ਲਈ ਲੋਕਾਂ ਨੂੰ ਸਰੀਰਕ ਸਰਗਰਮੀਆਂ ਅਤੇ ਚੰਗੀਆਂ ਜੀਵਨ-ਆਦਤਾਂ ਨਾਲ ਜੋੜਨਾ ਸਮੇਂ ਦੀ ਅਹਿਮ ਲੋੜ ਹੈ। ਮਲਕੀਤ ਸਿੰਘ ਚੰਗਾਲ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਨੇ ਕਿਹਾ ਕਿ ਸਿਹਤਮੰਦ ਸਰੀਰ ਅਤੇ ਸਾਫ਼-ਸੁਥਰਾ ਵਾਤਾਵਰਨ ਮਨੁੱਖੀ ਜੀਵਨ ਦੀਆਂ ਅਹਿਮ ਲੋੜਾਂ ਹਨ। ਉਨ੍ਹਾਂ ਸਾਈਕਲ ਯਾਤਰਾ ਰਾਹੀਂ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਲੋਕਾਂ ਨੂੰ ਚੰਗੀਆਂ ਜੀਵਨ-ਆਦਤਾਂ ਅਪਣਾਉਣ ਅਤੇ ਵਾਤਾਵਰਨ ਦੀ ਸੰਭਾਲ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ‘ਸਵਸਥ ਭਾਰਤ ਸਾਈਕਲ ਯਾਤਰਾ’ 2 ਅਕਤੂਬਰ ਨੂੰ ਨਵੀਂ ਦਿੱਲੀ ਦੇ ਰਾਜਘਾਟ ਤੋਂ ਸ਼ੁਰੂ ਹੋਈ ਸੀ ਅਤੇ 12 ਦਸੰਬਰ ਨੂੰ ਰਿਸ਼ੀਕੇਸ਼ ਵਿਖੇ ਸਮਾਪਤ ਹੋਣੀ ਹੈ। ਇਸ ਯਾਤਰਾ ਰਾਹੀਂ ਲਗਭਗ 11,500 ਕਿਲੋਮੀਟਰ ਸਾਈਕਲ ਚਲਾ ਕੇ ਸਿਹਤ ਜਾਗਰੂਕਤਾ ਦਾ ਸੁਨੇਹਾ ਲੋਕਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਮੌਕੇ ਰਾਜਿੰਦਰ ਸਿੰਘ ਮੈਨੇਜਰ, ਸਤਿਗੁਰ ਸਿੰਘ, ਹਰਪ੍ਰੀਤ ਸਿੰਘ, ਰਾਜ ਕੁਮਾਰ ਬਾਂਸਲ, ਕਰਨੈਲ ਸਿੰਘ ਸੇਖੋਂ, ਤਿਲਕ ਰਾਜ ਸਤੀਜਾ, ਓਪੀ ਖਿੱਪਲ, ਸੁਰਿੰਦਰ ਸਿੰਘ ਸੋਢੀ, ਕਿਸ਼ੋਰੀ ਲਾਲ ਅਤੇ ਕਮਲਜੀਤ ਸਿੰਘ ਹਾਜ਼ਰ ਸਨ।