- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਗਰੂਰ ਦਾ ਲੇਬਰ ਚੌਕ ਬਣਿਆ ਨਸ਼ਿਆਂ ਦਾ ਹੌਟਸਪੌਟ

ਦਸ ਦਿਨਾਂ ’ਚ 10 ਕੇਸ ਦਰਜ, 2,450 ਨਸ਼ੀਲੇ ਕੈਪਸੂਲ ਬਰਾਮਦ
ਚੌਕ ਦੇ ਚਾਰੇ ਪਾਸੇ ਲਾਏ ਜਾਣਗੇ ਸੀਸੀਟੀਵੀ ਕੈਮਰੇ
ਐੱਸਐੱਸਪੀ ਨੇ ਕੀਤਾ ਲੇਬਰ ਚੌਕ ਦਾ ਦੌਰਾ
ਜਸਵੀਰ ਸਿੰਘ, ਪੰਜਾਬੀ ਜਾਗਰਣ,
ਸੰਗਰੂਰ :ਸ਼ਹਿਰ ਦੇ ਵਿਚਕਾਰ ਸਥਿਤ ਲੇਬਰ ਚੌਕ ਨਸ਼ਿਆਂ ਦਾ ਹੌਟਸਪੌਟ ਬਣ ਚੁੱਕਾ ਹੈ। ਇੱਥੇ ਸਵੇਰੇ-ਸ਼ਾਮ ਨਾ ਸਿਰਫ਼ ਕਥਿਤ ਤੌਰ ’ਤੇ ਨਸ਼ੀਲੇ ਪਦਾਰਥਾਂ ਦੀ ਸ਼ਰੇਆਮ ਵਿਕਰੀ ਹੁੰਦੀ ਹੈ, ਸਗੋਂ ਮਜ਼ਦੂਰਾਂ ਵੱਲੋਂ ਨਸ਼ਿਆਂ ਦਾ ਸੇਵਨ ਵੀ ਕੀਤਾ ਜਾਂਦਾ ਹੈ।
ਨਗਰ ਕੌਂਸਲ ਸੰਗਰੂਰ ਦੇ ਇੱਕ ਕੌਂਸਲਰ ਵੱਲੋਂ ਸੋਸ਼ਲ ਮੀਡੀਆ ’ਤੇ ਪੋਸਟ ਪਾਉਣ ਤੋਂ ਬਾਅਦ ਸੰਗਰੂਰ ਪੁਲਿਸ ਹਰਕਤ ਵਿੱਚ ਆਈ। ਇਸ ਤੋਂ ਬਾਅਦ ਸ਼ਨਿੱਚਰਵਾਰ ਨੂੰ ਐੱਸਐੱਸਪੀ ਸੰਗਰੂਰ ਡਾ. ਰਵਜੋਤ ਗਰੇਵਾਲ ਪੁਲਿਸ ਬਲ ਸਮੇਤ ਲੇਬਰ ਚੌਕ ਪਹੁੰਚੇ। ਇੱਥੇ ਪੁਲਿਸ ਨੇ ਯੋਜਨਾਬੱਧ ਤਰੀਕੇ ਨਾਲ ਕੁਝ ਮਜ਼ਦੂਰਾਂ ਦੀ ਜਾਂਚ ਕੀਤੀ।
ਹਾਲਾਂਕਿ, ਇਸ ਤੋਂ ਪਹਿਲਾਂ ਵੀ ਲੇਬਰ ਚੌਕ ’ਤੇ ਨਸ਼ਿਆਂ ਦੀ ਸ਼ਰੇਆਮ ਵਿਕਰੀ ਅਤੇ ਸੇਵਨ ਸਬੰਧੀ ਪੁਲਿਸ ਪ੍ਰਸ਼ਾਸਨ ਕੋਲ ਕਈ ਵਾਰ ਸ਼ਿਕਾਇਤਾਂ ਕੀਤੀਆਂ ਜਾ ਚੁੱਕੀਆਂ ਹਨ। ਇੱਥੇ ਨਸ਼ਿਆਂ ਦੀ ਸਮੱਸਿਆ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਪਿਛਲੇ ਦਸ ਦਿਨਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਵਿਕਰੀ ਅਤੇ ਸੇਵਨ ਨਾਲ ਸਬੰਧਤ 10 ਮਾਮਲੇ ਦਰਜ ਕੀਤੇ ਗਏ ਹਨ।
ਐੱਸਐੱਸਪੀ ਨੇ ਦਾਅਵਾ ਕੀਤਾ ਕਿ ਨਸ਼ਿਆਂ ਦੀ ਵਿਕਰੀ ’ਤੇ ਰੋਕ ਲਾਉਣ ਲਈ ਚੌਕ ਦੇ ਚਾਰੇ ਪਾਸੇ ਸੀਸੀਟੀਵੀ ਕੈਮਰੇ ਲਾਏ ਜਾਣਗੇ। ਐੱਸਐੱਸਪੀ ਰਵਜੋਤ ਗਰੇਵਾਲ ਅਨੁਸਾਰ, ਦਰਜ ਕੀਤੇ ਗਏ 10 ਮਾਮਲਿਆਂ ਵਿੱਚੋਂ ਪੰਜ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਨਾਲ ਸਬੰਧਤ ਹਨ, ਜਦਕਿ ਬਾਕੀ ਪੰਜ ਮਾਮਲੇ ਨਸ਼ਿਆਂ ਦਾ ਸੇਵਨ ਕਰਨ ਵਾਲਿਆਂ ਨਾਲ ਜੁੜੇ ਹੋਏ ਹਨ। ਪੁਲਿਸ ਦੀ ਕਾਰਵਾਈ ਦੌਰਾਨ ਕੁੱਲ 2,450 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਗਏ ਹਨ। ਇਨ੍ਹਾਂ ਵਿੱਚ ਪ੍ਰੀਗਾਬਾਲਿਨ ਅਤੇ ਸਿਗਨੇਚਰ ਨਾਮ ਨਾਲ ਸਬੰਧਤ ਕੈਪਸੂਲ ਸ਼ਾਮਲ ਹਨ।
ਇਲਾਕੇ ਵਿੱਚ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਅਤੇ ਸ਼ੱਕੀ ਗਤੀਵਿਧੀਆਂ ’ਤੇ ਨਜ਼ਰ ਰੱਖਣ ਲਈ ਚੌਕ ਦੇ ਚਾਰੇ ਪਾਸੇ ਸੀਸੀਟੀਵੀ ਕੈਮਰੇ ਲਾਏ ਜਾ ਰਹੇ ਹਨ। ਪੁਲਿਸ ਅਨੁਸਾਰ, ਕੈਮਰੇ ਲਾਉਣ ਦਾ ਕੰਮ ਸ਼ਾਮ ਤੱਕ ਪੂਰਾ ਕਰਨ ਦੀ ਯੋਜਨਾ ਹੈ, ਤਾਂ ਜੋ ਨਿਗਰਾਨੀ ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾ ਸਕੇ।
ਇਸ ਤੋਂ ਇਲਾਵਾ, ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਅਗਲੇ ਹਫ਼ਤੇ ਤੋਂ ਇਲਾਕੇ ਵਿੱਚ ਜਾਗਰੂਕਤਾ ਕੈਂਪ ਲਗਾਉਣ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ। ਇਨ੍ਹਾਂ ਕੈਂਪਾਂ ਰਾਹੀਂ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾਵੇਗਾ ਅਤੇ ਇਸ ਸਮੱਸਿਆ ਨਾਲ ਨਜਿੱਠਣ ਲਈ ਸਾਂਝੇ ਯਤਨਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ।
ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਡਰੱਗਜ਼ ਐਂਡ ਕਾਸਮੈਟਿਕਸ ਐਕਟ ਤਹਿਤ ਵੱਖ-ਵੱਖ ਕੈਮਿਸਟ ਦੁਕਾਨਾਂ ’ਤੇ ਵੀ ਛਾਪੇਮਾਰੀ ਕੀਤੀ ਗਈ ਹੈ। ਅਧਿਕਾਰੀਆਂ ਅਨੁਸਾਰ, ਸਬੰਧਤ ਦਵਾਈਆਂ ਡਾਕਟਰ ਦੀ ਪਰਚੀ ਤੋਂ ਬਿਨਾਂ ਨਹੀਂ ਵੇਚੀਆਂ ਜਾ ਸਕਦੀਆਂ।
ਪੁਲਿਸ ਦਾ ਕਹਿਣਾ ਹੈ ਕਿ ਨਸ਼ਿਆਂ ਦਾ ਸੇਵਨ ਕਰਨ ਅਤੇ ਇਨ੍ਹਾਂ ਦੀ ਵਿਕਰੀ ਕਰਨ ਵਾਲਿਆਂ ਵਿੱਚ ਮਜ਼ਦੂਰ ਵਰਗ ਦੇ ਕੁਝ ਲੋਕ ਸ਼ਾਮਲ ਹਨ। ਇਸ ਤੋਂ ਇਲਾਵਾ, ਬਾਹਰੋਂ ਆਉਣ ਵਾਲੇ ਕੁਝ ਲੋਕ ਵੀ ਕਾਰਾਂ ਅਤੇ ਮੋਟਰਸਾਈਕਲਾਂ ਰਾਹੀਂ ਇੱਥੇ ਪਹੁੰਚਦੇ ਹਨ। ਅਜਿਹੇ ਲੋਕਾਂ ’ਤੇ ਨਜ਼ਰ ਰੱਖਣ ਲਈ ਅਚਨਚੇਤ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਨਿਗਰਾਨੀ ਸਖ਼ਤ ਕੀਤੀ ਗਈ ਹੈ।
ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਲੇਬਰ ਚੌਕ ਨੂੰ ਨਸ਼ਿਆਂ ਦਾ ਅੱਡਾ ਬਣਨ ਤੋਂ ਰੋਕਣ ਲਈ ਕਾਰਵਾਈ, ਨਿਗਰਾਨੀ ਅਤੇ ਜਾਗਰੂਕਤਾ ਮੁਹਿੰਮਾਂ ਲਗਾਤਾਰ ਜਾਰੀ ਰੱਖੀਆਂ ਜਾਣਗੀਆਂ।