- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੇਤਾਂ ਤੋਂ ਮੰਡੀਆਂ ਤੱਕ ਕਿਸਾਨਾਂ ਦੀਆਂ ਆਸਾਂ ’ਤੇ ਫਿਰਿਆ ਪਾਣੀ

ਹਫਤੇ ਵਿੱਚ ਦੂਜੀ ਵਾਰ ਪਏ ਮੀਂਹ ਨੇ ਕਿਸਾਨਾਂ ਮਜ਼ਦੂਰਾਂ ਆੜ੍ਹਤੀਆਂ ਦੇ ਸਾਹ ਸੁੱਤੇ
ਸ਼ੰਭੂ ਗੋਇਲ, ਪੰਜਾਬੀ ਜਾਗਰਣ,
ਲਹਿਰਾਗਾਗਾ : ਇਕੱਲੇ ਅਕਤੂਬਰ ਦੇ ਮਹੀਨੇ ਵਿੱਚ ਹਫਤੇ ਬਾਅਦ ਦੂਜੀ ਵਾਰ ਪਈ ਬਰਸਾਤ ਨੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਵੱਡੇ ਪੱਧਰ ’ਤੇ ਕੀਤਾ ਹੈ। ਦੱਸਣਾ ਬਣਦਾ ਹੈ ਕਿ ਹਫਤਾ ਪਹਿਲਾਂ ਭਾਰੀ ਮੀਂਹ ਪਿਆ ਸੀ, ਜਿਸ ਕਾਰਨ ਫਸਲ ਦੀ ਕਟਾਈ ਲੇਟ ਹੋ ਗਈ ਅਤੇ ਝੋਨੇ ਦੀ ਫਸਲ ਖੇਤਾਂ ਵਿੱਚ ਹੀ ਸੁੱਕ ਰਹੀ ਸੀ। ਜਿਸ ਦੇ ਚਲਦਿਆਂ ਅੱਜ ਪੂਰੀ ਉਮੀਦ ਸੀ ਕਿ ਅੱਜ ਕੰਬਾਇਨਾਂ ਨਾਲ ਝੋਨੇ ਦੀ ਕਟਾਈ ਸ਼ੁਰੂ ਹੋ ਜਾਵੇਗੀ ਪਰ ਸਵਖਤੇ ਸਾਢੇ ਤਿੰਨ ਵਜੇ ਪਏ ਮੀਂਹ ਨੇ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਹੈ। ਜਿੱਥੇ ਪੰਜਾਬ ਦੇ ਆੜ੍ਹਤੀ ਰਾਹ ਤੱਕਦੇ ਸਨ ਕਿ ਕਿਸਾਨਾਂ ਦੀ ਫਸਲ ਆਵੇਗੀ ਅਤੇ ਮੰਡੀਆਂ ਵਿੱਚ ਰੌਣਕ ਲੱਗੇਗੀ, ਚਾਰ ਪੈਸੇ ਹੱਥ ਵਿੱਚ ਆਉਣਗੇ,ਉੱਥੇ ਹੀ ਬਿਹਾਰੀ ਮਜ਼ਦੂਰ ਹਫਤੇ ਭਰ ਤੋਂ ਵੇਹਲੇ ਬੈਠ ਕੇ ਖਾਣ ਲਈ ਮਜਬੂਰ ਹਨ।
ਕਿਸਾਨ ਲੇਹਲ ਖੁਰਦ ਦੇ ਰਾਜ ਸਿੰਘ ਸਰਪੰਚ, ਰਾਮ ਸਿੰਘ ਸਰਪੰਚ ਖੋਖਰ, ਬਲਦੀਪ ਸਿੰਘ ਸਰਪੰਚ, ਬਲਜਿੰਦਰ ਸਿੰਘ ਪੰਚ, ਅਜੈਬ ਸਿੰਘ, ਪਾਲ ਸਿੰਘ ਸੁਖਵਿੰਦਰ ਸਿੰਘ ਚੰਗਾਲੀਵਾਲਾ, ਲਵਲੀ ਚੰਗਾਲੀ ਵਾਲਿਆਂ ਨੇ ਉਦਾਸ ਮਨ ਨਾਲ ਦੱਸਿਆ, ਕਿ ਅਸੀਂ ਜ਼ਮੀਨ 75 ਤੋਂ 80 ਹਜ਼ਾਰ ਰੁਪਏ ਪ੍ਰਤੀ ਏਕੜ ਠੇਕੇ ਤੇ ਲੈ ਕੇ ਝੋਨੇ ਦੀ ਬਿਜਾਈ ਕੀਤੀ ਹੋਈ ਹੈ, ਇਸ ਵਾਰ ਝੋਨੇ ਦਾ ਝਾੜ ਵਧੀਆ ਨਿਕਲਣ ਦੀ ਉਮੀਦ ਜਤਾਈ ਜਾ ਰਹੀ ਸੀ ਪ੍ਰੰਤੂ ਹਫਤੇ ਵਿੱਚ ਦੋ ਵਾਰ ਪਏ ਭਾਰੀ ਮੀਂਹ ਨੇ ਸਾਡੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਖੇਤਾਂ ਤੋਂ ਲੈ ਕੇ ਮੰਡਿਆਂ ਤੱਕ ਪਈ ਫਸਲ ਬਾਰਿਸ਼ ਦੀ ਭੇਟ ਚੜ ਰਹੀ ਹੈ।ਖੇਤਾਂ ਵਿੱਚ ਖੜੀ ਫਸਲ ਦੇ ਵਿਛ ਜਾਣ ਜਾਂ ਖਦਸ਼ਾ ਹੈ ਅਤੇ ਦਾਣੇ ਕਾਲੇ ਹੋਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ,ਉਥੇ ਹੀ ਮੰਡੀਆਂ ਵਿੱਚ ਪਈ ਫਸਲ ਵੀ ਖਰਾਬ ਹੋ ਰਹੀ ਹੈ। ਕਿਸਾਨ ਪਾਲ ਸਿੰਘ ਪੁੱਤਰ ਗੰਗਾ ਸਿੰਘ ਲੇਹਲ ਕਲਾਂ ਨੇ ਦੱਸਿਆ ਕਿ ਹਾਈਬ੍ਰੀਡ 7501 ਅਤੇ ਪੰਜਾਬ ਨੰਬਰ-01 ਝੋਨੇ ਦੀ ਫਸਲ ਖੇਤਾਂ ਵਿੱਚ ਪੱਕ ਕੇ ਤਿਆਰ ਖੜੀ ਹੈ। ਬੇਮੌਸਮੀ ਬਰਸਾਤ ਕਾਰਨ ਖੇਤਾਂ ਵਿੱਚ ਪਾਣੀ ਖੜਨ ਕਰਕੇ ਉਨ੍ਹਾਂ ਦੀਆਂ ਜੜਾਂ ਗਲਣ ਦਾ ਖਦਸ਼ਾ ਬਣ ਗਿਆ ਹੈ, ਕਿਉਂਕਿ ਖੇਤਾਂ ਵਿੱਚ ਖੜਾ ਪਾਣੀ ਹੁਣ ਕਿਸੇ ਪਾਸੇ ਨਿਕਲ ਵੀ ਨਹੀਂ ਸਕਦਾ। ਜਿਸ ਕਾਰਨ ਝਾੜ ਵੀ ਛੇ ਤੋਂ ਸੱਤ ਕੁਇੰਟਲ ਘਟਣਾ ਸੁਭਾਵਿਕ ਹੈ।