- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਕੰਟੀਨੀ ਮੰਡੀਰ’ ਨੇ ਆਸਰਾ ਕਾਲਜ ’ਚ ਬੰਨ੍ਹਿਆ ਰੰਗ

ਆਸਰਾ ਕਾਲਜ ’ਚ ਰਵਨੀਤ ਸਿੰਘ ਦੀ ਟੀਮ ਨੇ ਲਾਈਆਂ ਰੌਣਕਾਂ
–ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ’ਚ ਲਿਆ ਹਿੱਸਾ
ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ
ਭਵਾਨੀਗੜ੍ਹ : ਪਟਿਆਲਾ-ਸੰਗਰੂਰ ਨੈਸ਼ਨਲ ਹਾਈਵੇਅ ’ਤੇ ਸਥਿਤ ਆਸਰਾ ਕਾਲਜ ਵਿਖੇ ਮਸ਼ਹੂਰ ਐਂਕਰ ਰਵਨੀਤ ਸਿੰਘ ਅਤੇ ਐਮਐਚ-1 ਟੀਮ ਦੇ ਸਹਿਯੋਗ ਨਾਲ ਵਿਸ਼ੇਸ਼ ਪ੍ਰੋਗਰਾਮ ‘ਕੰਟੀਨੀ ਮੰਡੀਰ’ ਕਰਵਾਇਆ ਗਿਆ। ਪ੍ਰੋਗਰਾਮ ਵਿੱਚ ਕਾਲਜ ਦੇ ਵਿਦਿਆਰਥੀਆਂ ਅਤੇ ਸਟਾਫ਼ ਨੇ ਵੱਡੀ ਗਿਣਤੀ ਵਿੱਚ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਇਸ ਦੌਰਾਨ ਕਾਲਜ ਕੈਂਪਸ ਵਿੱਚ ਮਨੋਰੰਜਨ, ਸੰਗੀਤ ਅਤੇ ਹਾਸੇ-ਮਜ਼ਾਕ ਨਾਲ ਭਰਪੂਰ ਮਾਹੌਲ ਬਣਿਆ ਰਿਹਾ।
ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਨੂੰ ਮਨੋਰੰਜਨ ਦੇ ਨਾਲ-ਨਾਲ ਰਚਨਾਤਮਕਤਾ, ਸੰਚਾਰ ਕਲਾ ਅਤੇ ਮੰਚ ਸੰਚਾਲਨ ਦੇ ਖੇਤਰ ਨਾਲ ਜਾਣੂ ਕਰਵਾਉਣਾ ਸੀ। ਮਸ਼ਹੂਰ ਐਂਕਰ ਰਵਨੀਤ ਸਿੰਘ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਵਿੱਚ ਭਾਗ ਲੈਂਦਿਆਂ ਪ੍ਰੋਗਰਾਮ ਦਾ ਖੂਬ ਆਨੰਦ ਮਾਣਿਆ।
ਇਸ ਮੌਕੇ ਕਾਲਜ ਦੇ ਚੇਅਰਮੈਨ ਡਾ. ਆਰਕੇ ਗੋਇਲ ਦੀ ਪੁੱਤਰੀ ਵਿਸ਼ਾਖਾ ਰਾਣੀ, ਜਿਨ੍ਹਾਂ ਨੇ ਹਾਲ ਹੀ ਵਿੱਚ ਆਪਣਾ ਨਵਾਂ ਗੀਤ ਲਾਂਚ ਕੀਤਾ ਹੈ, ਨੇ ਆਪਣੇ ਵੱਲੋਂ ਲਿਖਿਆ ਗੀਤ ਖੂਬਸੂਰਤ ਅੰਦਾਜ਼ ਵਿੱਚ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ।
ਚੇਅਰਮੈਨ ਡਾ. ਆਰਕੇ ਗੋਇਲ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਦੇ ਆਤਮ-ਵਿਸ਼ਵਾਸ ਨੂੰ ਵਧਾਉਣ ਦੇ ਨਾਲ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਵਧੀਆ ਮੰਚ ਪ੍ਰਦਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਿਰਫ਼ ਕਿਤਾਬੀ ਗਿਆਨ ਤੱਕ ਸੀਮਤ ਰੱਖਣਾ ਸੰਸਥਾ ਦਾ ਉਦੇਸ਼ ਨਹੀਂ, ਸਗੋਂ ਉਨ੍ਹਾਂ ਦੀ ਬਹੁਪੱਖੀ ਸ਼ਖ਼ਸੀਅਤ ਦਾ ਵਿਕਾਸ ਕਰਨਾ ਵੀ ਜ਼ਰੂਰੀ ਹੈ।
ਇਸੇ ਤਰ੍ਹਾਂ ਡਾ. ਕੇਸ਼ਵ ਗੋਇਲ (ਐਮਡੀ) ਨੇ ਕਿਹਾ ਕਿ ਰਵਨੀਤ ਸਿੰਘ ਵਰਗੇ ਤਜਰਬੇਕਾਰ ਐਂਕਰ ਦਾ ਵਿਦਿਆਰਥੀਆਂ ਵਿਚਕਾਰ ਪਹੁੰਚਣਾ ਉਨ੍ਹਾਂ ਲਈ ਪ੍ਰੇਰਣਾਦਾਇਕ ਹੈ। ਅਜਿਹੇ ਸਮਾਗਮ ਨੌਜਵਾਨਾਂ ਵਿੱਚ ਸੰਚਾਰ ਕਲਾ, ਰਚਨਾਤਮਕ ਸੋਚ ਅਤੇ ਮੰਚ ’ਤੇ ਆਪਣੀ ਗੱਲ ਪ੍ਰਭਾਵਸ਼ਾਲੀ ਢੰਗ ਨਾਲ ਰੱਖਣ ਦੀ ਸਮਰੱਥਾ ਵਿਕਸਿਤ ਕਰਨ ਵਿੱਚ ਸਹਾਇਕ ਹੁੰਦੇ ਹਨ। ਅੰਤ ਵਿੱਚ ਕਾਲਜ ਪ੍ਰਬੰਧਕਾਂ ਵੱਲੋਂ ਮਸ਼ਹੂਰ ਐਂਕਰ ਰਵਨੀਤ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ। ਪ੍ਰੋਗਰਾਮ ਯਾਦਗਾਰੀ ਅਤੇ ਉਤਸ਼ਾਹਪੂਰਨ ਮਾਹੌਲ ਵਿੱਚ ਸੰਪੰਨ ਹੋਇਆ। ਇਸ ਮੌਕੇ ਪ੍ਰੋ. ਵਿਕਾਸ ਗੋਇਲ, ਡਾ. ਮੁਨੀਸ਼ ਗੋਇਲ, ਡਾ. ਰਿਤੂ ਚੋਪੜਾ, ਅੰਜੂ ਖੋਸਲਾ ਮੌਜੂਦ ਸਨ।