ਪਵਿੱਤਰ ਸਰੋਵਰ ਦੀ ਕਾਰ ਸੇਵਾ: ਸੰਗਤਾਂ ਦਾ ਉਮੜਿਆਂ ਜਨ ਸੈਲਾਬ ਪਵਿੱਤਰ ਸਰੋਵਰ ਦੀ ਕਾਰ ਸੇਵਾ: ਸੰਗਤਾਂ ਦਾ ਉਮੜਿਆਂ ਜਨ ਸੈਲਾਬ
Publish Date: Sun, 20 Sep 2026 05:36 PM (IST)
Updated Date: Mon, 21 Sep 2026 04:05 AM (IST)
ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ ਮਹਾਨ ਤਪੱਸਵੀ ਸੰਤ ਬਾਬਾ ਅਤਰ ਸਿੰਘ ਜੀ ਦੀ 100 ਸਾਲਾ ਬਰਸੀ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਪਵਿੱਤਰ ਸਰੋਵਰ ਚੋਂ ਗਾਰ ਕੱਢਣ ਦੀ ਕਾਰ-ਸੇਵਾ ਐਤਵਾਰ ਨੂੰ ਪੂਰਨ ਸ਼ਰਧਾ, ਭਾਵਨਾ ਨਾਲ ਸ਼ੁਰੂ ਹੋਈ। ਸਵੇਰੇ 9 ਵਜੇ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਪੰਜ ਪਿਆਰਿਆਂ ਵਲੋਂ ਟੱਕ ਲਾ ਕੇ ਕੀਤੀ ਗਈ। ਕਾਰ ਸੇਵਾ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਵੱਡੇ ਪੱਧਰ ਤੇ ਟਰੈਕਟਰ-ਟਰਾਲੀਆਂ, ਕਹੀਆਂ, ਬੱਠਲ ਅਤੇ ਲੋੜੀਂਦਾ ਸਾਮਾਨ ਨਾਲ ਲੈ ਕੇ ਸ਼ਾਮਲ ਹੋਈਆਂ। ਸਮੁੱਚੀ ਸੰਗਤ ਸੇਵਾ ਪ੍ਰਤੀ ਅਥਾਹ ਸ਼ਰਧਾ ਅਤੇ ਧਾਰਮਿਕ ਰੰਗ ਵਿਚ ਰੰਗੀ ਹੋਈ ਸੀ ਅਤੇ ਪੂਰਾ ਮਾਹੌਲ ਸਤਿਨਾਮ ਵਾਹਿਗੁਰੂ ਦੇ ਜਾਪਾਂ ਅਤੇ ‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਨਾਲ ਗੂੰਜ ਰਿਹਾ ਸੀ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਗੁਰਸਾਗਰ ਟਰੱਸਟ ਦੇ ਪ੍ਰਧਾਨ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸੰਗਤਾਂ ਵਿੱਚ ਸਰੋਵਰ ਦੀ ਕਾਰ-ਸੇਵਾ ਲਈ ਭਾਰੀ ਉਤਸ਼ਾਹ ਹੈ। ਗੁਰੂ ਘਰ ਦੀ ਸੇਵਾ ਨਾਲ ਮਨ ਨੂੰ ਅਲੌਕਿਕ ਸ਼ਾਂਤੀ ਅਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ। ਉਨ੍ਹਾਂ ਸਮੂਹ ਸੰਗਤਾਂ ਅਤੇ ਆਏ ਮਹਾਂਪੁਰਖਾਂ ਦਾ ਇਸ ਮਹਾਨ ਕਾਰਜ ਵਿੱਚ ਹਿੱਸਾ ਪਾਉਣ ਲਈ ਧੰਨਵਾਦ ਕੀਤਾ। ਅਕਾਲ ਕਾਲਜ ਕੌਂਸਲ ਦੇ ਪ੍ਰਧਾਨ ਬਾਬਾ ਕਾਕਾ ਸਿੰਘ ਜੀ ਨੇ ਪਵਿੱਤਰ ਸਰੋਵਰ ਦੇ ਇਤਿਹਾਸਕ ਮਹੱਤਵ ’ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਉਸ ਸਮੇਂ ਇਲਾਕੇ ਵਿੱਚ ਪਾਣੀ ਦੀ ਭਾਰੀ ਕਿੱਲਤ ਸੀ। ਸੰਤ ਬਾਬਾ ਅਤਰ ਸਿੰਘ ਜੀ ਨੇ ਇਲਾਕਾ ਨਿਵਾਸੀਆਂ ਦੀ ਇਸ ਮੁੱਖ ਲੋੜ ਨੂੰ ਸਮਝਦਿਆਂ ਅਤੇ ਮਾਨਵਤਾ ਦੀ ਭਲਾਈ ਨੂੰ ਮੁੱਖ ਰੱਖਦਿਆਂ ਇਸ ਪਵਿੱਤਰ ਸਰੋਵਰ ਦੀ ਉਸਾਰੀ ਕਰਵਾਈ ਸੀ। ਇਹ ਸਰੋਵਰ ਸੰਤ ਜੀ ਦੀ ਮਾਨਵ-ਕਲਿਆਣਕਾਰੀ ਸੋਚ ਅਤੇ ਪਰਉਪਕਾਰ ਦਾ ਪ੍ਰਤੀਕ ਹੈ। ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਸੰਤ ਬਾਬਾ ਅਤਰ ਸਿੰਘ ਜੀ ਦੀ 100ਵੀਂ ਬਰਸੀ ਦੀਆਂ ਤਿਆਰੀਆਂ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਕਾਲ ਕਾਲਜ ਕੌਂਸਲ ਵੱਲੋਂ ਸਮੂਹ ਸੰਪਰਦਾਵਾਂ, ਸੰਤ ਮਹਾਂਪੁਰਖਾਂ, ਸਿੱਖ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਵੱਡੇ ਪੱਧਰ ਤੇ ਬਰਸੀ ਸਮਾਗਮਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਬਾਬਾ ਕਾਕਾ ਸਿੰਘ, ਬਾਬਾ ਪ੍ਰਿਤਪਾਲ ਸਿੰਘ, ਬਾਬਾ ਹਰਬੇਅੰਤ ਸਿੰਘ , ਭਾਈ ਗੋਬਿੰਦ ਸਿੰਘ ਲੌਂਗੋਵਾਲ, ਬਾਬਾ ਸੁਖਦੇਵ ਸਿੰਘ,ਬਾਬਾ ਜਸਵੰਤ ਸਿੰਘ, ਬਾਬਾ ਜਗਜੀਤ ਸਿੰਘ, ਬਾਬਾ ਬਲਜੀਤ ਸਿੰਘ ਫੱਕਰ, ਅਕਾਲੀ ਆਗੂ ਕਰਨੈਲ ਸਿੰਘ ਪੀਰ ਮੁਹੰਮਦ, ਮਲਕੀਤ ਸਿੰਘ ਚੰਗਾਲ, ਬਾਬਾ ਤਜੇਸ਼ਵਰ ਸਿੰਘ, ਮਾਤਾ ਚਰਨਕਮਲ ਕੌਰ, ਹਰਜੀਤ ਸਿੰਘ ਸਜੂਮਾਂ, ਗੁਰਜੰਟ ਸਿੰਘ ਦੁੱਗਾਂ, ਸਿਆਸਤ ਸਿੰਘ ਦੁੱਗਾਂ, ਬਲਦੇਵ ਸਿੰਘ ਭੰਮਾਂਬੱਦੀ, ਗਮਦੂਰ ਸਿੰਘ ਬਹਾਦਰਪੁਰ, ਹਾਕਮ ਸਿੰਘ ਬਹਾਦਰਪੁਰ, ਮਨਜੀਤ ਸਿੰਘ ਬਾਲੀਆਂ, ਡਾ. ਗੁਰਬੀਰ ਸਿੰਘ ਸੋਹੀ, ਹਰਿੰਦਰਵੀਰ ਸਿੰਘ ਕਾਕਾ ਫਤਹਿਗੜ੍ਹ, ਭੁਪਿੰਦਰ ਸਿੰਘ ਗਰੇਵਾਲ, ਕੇਵਲ ਸਿੰਘ ਤੂਰ, ਗੁਰਦਿਆਲ ਸਿੰਘ ਚੱਠਾ ਹਾਜ਼ਰ ਸਨ।