- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਗਰੂਰ ਦੀਆਂ ਸੜਕਾਂ ’ਤੇ ‘ਮੌਤ ਦਾ ਜਾਲ’

ਦਰੱਖਤਾਂ ਦੀਆਂ ਟਾਹਣੀਆਂ ਤੇ ਝਾੜੀਆਂ ਨੇ ਘੇਰੀਆਂ ਸੜਕਾਂ ਦੇ ਰਹੀਆਂ ਨੇ ਹਾਦਸਿਆਂ ਨੂੰ ਸੱਦਾ, ਪ੍ਰਸ਼ਾਸਨ ਖਾਮੋਸ਼!
ਯਾਦਵਿੰਦਰ ਸਿੰਘ ਲਾਲੀ, ਪੰਜਾਬੀ ਜਾਗਰਣ,
ਸੰਗਰੂਰ : ਸੀਐੱਮ ਸਿਟੀ ਸੰਗਰੂਰ ਦੇ ਨਾਂ ਨਾਲ ਜਾਣੇ ਜਾਂਦੇ ਰਿਆਸਤੀ ਸ਼ਹਿਰ ਸੰਗਰੂਰ ਦੀਆਂ ਮੁੱਖ ਸੜਕਾਂ ’ਤੇ ਅੱਜ ਕੱਲ੍ਹ ਦਰਖੱਤਾਂ ਦੀਆਂ ਟਾਹਣੀਆਂ ਅਤੇ ਉੱਗੀਆਂ ਹੋਈਆਂ ਝਾੜੀਆਂ ਦਾ ਕਬਜ਼ਾ ਹੈ ਜਿਸ ਕਾਰਨ ਇਨ੍ਹਾਂ ਸੜਕਾਂ ਤੇ ਚੱਲਣ ਵਾਲੇ ਰਾਹਗੀਰ ਆਪਣੀ ਜਾਨ ਨੂੰ ਜ਼ੋਖ਼ਮ ਵਿਚ ਪਾ ਕੇ ਇਥੋਂ ਲੰਘ ਰਹੇ ਹਨ। ਸੜਕਾਂ ਦੇ ਕਿਨਾਰਿਆਂ ’ਤੇ ਉੱਗੀਆਂ ਬੇਕਾਬੂ ਝਾੜੀਆਂ ਅਤੇ ਦਰੱਖਤਾਂ ਦੀਆਂ ਸੜਕ ਵੱਲ ਵਧੀਆਂ ਟਾਹਣੀਆਂ ਦਿਨੋ ਦਿਨ ਹੋਰ ਫੈਲਦੀਆਂ ਜਾ ਰਹੀਆਂ ਹਨ ਪਰ ਸਬੰਧਤ ਵਿਭਾਗ ਦੇ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਪਏ ਹਨ। ਕਈ ਸੜਕਾਂ ਦੀ ਮੌਜੂਦਾ ਹਾਲਾਤ ਤਾਂ ਇਹ ਹਨ ਕਿ ਸੜਕਾਂ ਦੇ ਕਿਨਾਰਿਆਂ ਦਾ ਵੱਡਾ ਹਿੱਸਾ ਇਨਾਂ ਦਰੱਖਤਾਂ ਦੀਆਂ ਟਾਹਣੀਆਂ ਅਤੇ ਝਾੜੀਆਂ ਨੇ ਘੇਰਿਆ ਹੋਇਆ ਜੋ ਕਿ ਕਿਸੇ ਵੀ ਸਮੇਂ ਹਾਦਸੇ ਦਾ ਕਾਰਨ ਬਣ ਸਕਦਾ ਹੈ।
ਸ਼ਹਿਰ ਦੀ ਮੁੱਖ ਸੜਕ ਵਿੱਚ ਆਉਂਦੀ ਪਟਿਆਲਾ ਰੋਡ ਤੋਂ ਨਾਨਕਿਆਣਾਂ ਚੌਂਕ ਵਾਲੀ ਸੜਕ ਦੇ ਉੱਤੇ ਤਾਂ ਕਈ ਥਾਵਾਂ ’ਤੇ ਸੜਕ ਦੇ ਹਾਲਾਤ ਇਹ ਹਨ ਕਿ ਇਸ ਸੜਕ ਦੇ ਕਿਨਾਰਿਆਂ ਤੇ ਲੱਗੀ ਚਿੱਟੀ ਪੱਟੀ ਤੋਂ ਵੀ ਦਰੱਖਤਾਂ ਦੀਆਂ ਟਾਹਣੀਆਂ ਅਤੇ ਝਾੜੀਆਂ ਅੱਗੇ ਆ ਚੁੱਕੀਆਂ ਹਨ ਜਿਸ ਤੇ ਸਵਾਲ ਇਹ ਉੱਠਦਾ ਹੈ ਕਿ ਕੀ ਸਬੰਧਤ ਵਿਭਾਗ ਕਿਸੇ ਹਾਦਸੇ ਤੋਂ ਬਾਅਦ ਹੀ ਹਰਕਤ ਵਿੱਚ ਆਵੇਗਾ? ਉਕਤ ਸੜਕ ਤੋਂ ਤੋਂ ਇਲਾਵਾ ਭਲਵਾਨ ਰੋਡ ਅਤੇ ਧੂਰੀ ਓਵਰ ਬ੍ਰਿਜ ਤੋਂ ਧੂਰੀ ਰੋਡ ਵਾਲੀ ਸੜਕ ਤੇ ਵੀ ਦਰੱਖਤਾਂ ਦੀਆਂ ਟਾਹਣੀਆਂ ਸੜਕ ਦੇ ਕਿਨਾਰਿਆਂ ਨੂੰ ਮੱਲੀ ਬੈਠੀਆਂ ਹਨ। ਪ੍ਰਸ਼ਾਸਨ ਵੱਲੋਂ ਇਸ ਮਾਮਲੇ ਸਬੰਧੀ ਦਿਖਾਈ ਜਾ ਰਹੀ ਲਾਪਰਵਾਹੀ ਸਦਕਾ ਜਿਥੇ ਇਨ੍ਹਾਂ ਸੜਕਾਂ ਦੀ ਦਿੱਖ ਪ੍ਰਭਾਵਿਤ ਹੋ ਰਹੀ ਹੈ ਉਥੇ ਹੀ ਅਵਾਜਾਈ ਲਈ ਸੜਕਾਂ ਦੇ ਘੇਰਾ ਵੀ ਘੱਟ ਰਿਹਾ ਹੈ।
ਰਾਤ ਨੂੰ ‘ਖ਼ਤਰਾ’ ਹੋਰ ਵੀ ਗਹਿਰਾ
ਰਾਤ ਸਮੇਂ ਘੱਟ ਰੌਸ਼ਨੀ ਵਿੱਚ ਸੜਕ ਕਿਨਾਰੇ ਫੈਲੀਆਂ ਝਾੜੀਆਂ ਅਤੇ ਟਾਹਣੀਆਂ ਆਸਾਨੀ ਨਾਲ ਨਜ਼ਰ ਨਹੀਂ ਆਉਂਦੀਆਂ ਜਿਸ ਕਾਰਨ ਵਾਹਨ ਚਾਲਕਾਂ ਲਈ ਇਹ ਅਣਦਿੱਖਾ ਖ਼ਤਰਾ ਬਣ ਸਕਦੀਆਂ ਹਨ। ਖ਼ਾਸ ਕਰਕੇ ਦੋਪਹੀਆ ਵਾਹਨ ਚਾਲਕਾਂ ਅਤੇ ਪੈਦਲ ਰਾਹਗੀਰਾਂ ਨੂੰ ਹੋਰ ਵੀ ਵਧੇਰੇ ਸਾਵਧਾਨੀ ਨਾਲ ਇਨ੍ਹਾਂ ਸੜਕਾਂ ਤੋਂ ਲੰਘਣਾ ਪੈਂਦਾ ਹੈ। ਰਾਹਗੀਰਾਂ ਦੀ ਮੁਸ਼ਕਲਾਂ ਨੂੰ ਦੇਖਦਿਆਂ ਇਨ੍ਹਾਂ ਸੜਕਾਂ ਦੇ ਕਿਨਾਰਿਆਂ ਦੀ ਨਿਯਮਤ ਸਫ਼ਾਈ ਤੇ ਝਾੜੀਆਂ ਦੀ ਕਟਾਈ ਅਤੇ ਦਰੱਖਤਾਂ ਦੀਆਂ ਖ਼ਤਰਨਾਕ ਟਾਹਣੀਆਂ ਦੀ ਛੰਗਾਈ ਕਰਾਉਣ ਦੀ ਤਰੁੰਤ ਲੋੜ ਹੈ।
-----
ਸੜਕਾਂ ਕੰਢਿਓਂ ਝਾੜੀਆਂ ਦੀ ਕਟਾਈ ਕਰਨਾ ਜ਼ਰੂਰੀ : ਪ੍ਰੇਮੀ ਰੋਸ਼ਨ ਅਗਰਵਾਲ ਦਾ
ਇਸ ਸਬੰਧੀ ਵਾਤਾਵਰਨ ਪ੍ਰੇਮੀ ਰੋਸ਼ਨ ਅਗਰਵਾਲ ਨੇ ਕਿਹਾ ਕਿ ਸੜਕਾਂ ਦੇ ਕਿਨਾਰਿਆਂ ’ਤੇ ਬੇਲੋੜੀਆਂ ਅਤੇ ਬੇਤਰਤੀਬ ਵਧ ਰਹੀਆਂ ਝਾੜੀਆਂ ਦੀ ਸਮੇਂ ਸਿਰ ਕਟਾਈ ਅਤੇ ਸਫ਼ਾਈ ਕਰਵਾਉਣਾ ਬਹੁਤ ਜ਼ਰੂਰੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਹਰਿਆਲੀ ਨੂੰ ਬਚਾਉਣਾ ਜ਼ਰੂਰੀ ਹੈ ਪਰ ਇਸ ਦੇ ਨਾਲ-ਨਾਲ ਸੜਕਾਂ ’ਤੇ ਆਵਾਜਾਈ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।
----
ਲੰਮੇ ਸਮੇਂ ਤੋਂ ਨਹੀਂ ਦਿੱਤਾ ਜਾ ਰਿਹਾ ਧਿਆਨ : ਐਡਵੋਕੇਟ ਨਰੇਸ਼ ਜੁਨੇਜਾ
ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਨਰੇਸ਼ ਜੁਨੇਜਾ ਦਾ ਕਹਿਣਾ ਹੈ ਕਿ ਸਬੰਧਤ ਵਿਭਾਗ ਵੱਲੋਂ ਸਮੇਂ-ਸਮੇਂ ’ਤੇ ਸੜਕਾਂ ਦੇ ਕਿਨਾਰਿਆਂ ਦੀ ਸਫ਼ਾਈ ਅਤੇ ਦਰੱਖਤਾਂ ਦੀ ਛੰਗਾਈ ਕਰਵਾਉਣੀ ਚਾਹੀਦੀ ਹੈ ਪਰ ਕਈ ਥਾਵਾਂ ’ਤੇ ਲੰਮੇ ਸਮੇਂ ਤੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਗਿਆ। ਇਸ ਕਾਰਨ ਸੜਕਾਂ ’ਤੇ ਆਈਆਂ ਟਾਹਣੀਆਂ ਅਤੇ ਝਾੜੀਆਂ ਨਾ ਸਿਰਫ਼ ਆਵਾਜਾਈ ਵਿੱਚ ਰੁਕਾਵਟ ਬਣ ਰਹੀਆਂ ਹਨ ਸਗੋਂ ਕਿਸੇ ਵੱਡੇ ਹਾਦਸੇ ਦਾ ਕਾਰਨ ਵੀ ਬਣ ਸਕਦੀਆਂ ਹਨ।
--------
ਨੀਂਦ ਤੋਂ ਜਾਗੇ ਪ੍ਰਸ਼ਾਸਨ :ਸ਼ਕਤੀਜੀਤ
ਕਾਂਗਰਸੀ ਆਗੂ ਸਕਤੀਜੀਤ ਸਿੰਘ ਨੇ ਕਿਹਾ ਕਿ ਸਬੰਧਤ ਵਿਭਾਗ ਵੱਲੋਂ ਸ਼ਹਿਰ ਦੀਆਂ ਮੁੱਖ ਸੜਕਾਂ ਦਾ ਸਰਵੇ ਕਰਵਾ ਕੇ ਜਿੱਥੇ ਝਾੜੀਆਂ ਸੜਕ ਜਾਂ ਪੈਦਲ ਰਸਤੇ ਵਿੱਚ ਆ ਰਹੀਆਂ ਹਨ ਉੱਥੇ ਤੁਰੰਤ ਕਟਾਈ ਕਰਵਾਈ ਜਾਵੇ। ਉਨ੍ਹਾਂ ਕਿਹਾ ਖ਼ਾਸ ਤੌਰ ਤੇ ਸ਼ਹਿਰ ਦੀਆਂ ਜਿਹੜੀਆਂ ਸੜਕਾਂ ਤੇ ਟਾਹਣੀਆਂ ਅਤੇ ਝਾੜੀਆਂ ਵੱਧ ਵਧੀਆ ਹੋਈਆਂ ਹਨ ਉਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਹਟਾਉਣਾ ਚਾਹੀਦਾ ਹੈ ਤਾਂ ਜੋ ਰਾਹਗੀਰ ਸਰੁੱਖਿਅਤ ਲੰਘ ਜਾਣ।
-------
ਸੜਕਾਂ ਦੇ ਕਿਨਾਰਿਆਂ ਦੀ ਹੋਵੇ ਸਾਫ਼ ਸਫ਼ਾਈ -- ਰਾਜਵੀਰ ਬਡਰੁੱਖਾਂ
ਮੁਲਾਜ਼ਮ ਆਗੂ ਰਾਜਵੀਰ ਬਡਰੁੱਖਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੜਕਾਂ ਦੇ ਕੰਢਿਆਂਦੀ ਸਫ਼ਾਈ ਕਰਵਾਉਣ ਦੇ ਨਾਲ-ਨਾਲ ਸੜਕਾਂ ਦੇ ਕਿਨਾਰਿਆਂ ਦੀ ਨਿਯਮਤ ਸਾਂਭ-ਸੰਭਾਲ ਲਈ ਪੱਕੀ ਵਿਵਸਥਾ ਕੀਤੀ ਜਾਵੇ ਤਾਂ ਜੋ ਸ਼ਹਿਰ ਦੀ ਸੁੰਦਰਤਾ ਕਾਇਮ ਰਹੇ ਅਤੇ ਹਾਦਸਿਆਂ ਦਾ ਖ਼ਤਰਾ ਵੀ ਟਲ ਸਕੇ।