- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਮਾਜ ਨੂੰ ਬਦਲਣ ਤੋਂ ਪਹਿਲਾਂ ਆਪਣੇ ਆਪ ਨੂੰ ਬਦਲਣਾ ਜ਼ਰੂਰੀ ਡਾ. ਹਿਮਾਂਸ਼ੂ

ਮਹਾਂਵੀਰ ਗੋਇਲ, ਪੰਜਾਬੀ ਜਾਗਰਣ, ਅਹਿਮਦਗੜ੍ਹ : ਅੱਜ ਦੇ ਸਮੇਂ ਵਿੱਚ ਸਮਾਜ ਨੂੰ ਚੰਗਾ ਅਤੇ ਬਿਹਤਰ ਬਣਾਉਣ ਲਈ ਸਭ ਤੋਂ ਵੱਧ ਲੋੜ ਚੰਗੇ ਇਨਸਾਨ ਬਣਨ ਦੀ ਹੈ। ਹਰ ਵਿਅਕਤੀ ਸਮਾਜ ਵਿੱਚ ਸੁਧਾਰ ਦੀ ਗੱਲ ਕਰਦਾ ਹੈ ਅਤੇ ਦੂਜਿਆਂ ਨੂੰ ਆਪਣੀਆਂ ਗਲਤੀਆਂ ਸੁਧਾਰਨ ਦੀ ਸਲਾਹ ਦਿੰਦਾ ਹੈ, ਪਰ ਸਾਨੂੰ ਸਭ ਤੋਂ ਪਹਿਲਾਂ ਆਪਣੇ ਆਪ ਤੋਂ ਇਹ ਸਵਾਲ ਪੁੱਛਣਾ ਚਾਹੀਦਾ ਹੈ ਕਿ ਕੀ ਅਸੀਂ ਖੁਦ ਆਪਣੇ ਜੀਵਨ ਅਤੇ ਵਿਵਹਾਰ ਵਿੱਚ ਸੁਧਾਰ ਲਿਆ ਰਹੇ ਹਾਂ। ਇਹ ਪ੍ਰਗਟਾਵਾ ਬੀਕੇ ਡਾ. ਹਿਮਾਂਸ਼ੂ ਗੋਇਲ ਨੇ ਇੱਕ ਸਮਾਗਮ ਦੌਰਾਨ ਵਿਚਾਰ ਚਰਚਾ ਕਰਦਿਆਂ ਕੀਤਾ।
ਡਾ. ਹਿਮਾਂਸ਼ੂ ਗੋਇਲ ਨੇ ਕਿਹਾ ਕਿ ਸਮਾਜ ਕਿਸੇ ਇੱਕ ਵਿਅਕਤੀ ਨਾਲ ਨਹੀਂ ਬਣਦਾ, ਸਗੋਂ ਹਰ ਵਿਅਕਤੀ ਦੇ ਆਚਰਨ, ਸੋਚ ਅਤੇ ਵਿਵਹਾਰ ਨਾਲ ਸਮਾਜ ਦੀ ਤਸਵੀਰ ਬਣਦੀ ਹੈ। ਜੇਕਰ ਅਸੀਂ ਸਮਾਜ ਵਿੱਚ ਇਮਾਨਦਾਰੀ, ਸਹਿਯੋਗ, ਸਤਿਕਾਰ, ਪਿਆਰ ਅਤੇ ਭਾਈਚਾਰਾ ਦੇਖਣਾ ਚਾਹੁੰਦੇ ਹਾਂ ਤਾਂ ਇਨ੍ਹਾਂ ਗੁਣਾਂ ਦੀ ਸ਼ੁਰੂਆਤ ਸਾਨੂੰ ਆਪਣੇ ਆਪ ਤੋਂ ਕਰਨੀ ਪਵੇਗੀ। ਸਿਰਫ਼ ਦੂਜਿਆਂ ਦੀਆਂ ਕਮੀਆਂ ਗਿਣਾਉਣ ਨਾਲ ਸਮਾਜ ਵਿੱਚ ਬਦਲਾਅ ਨਹੀਂ ਆ ਸਕਦਾ।
ਉਨ੍ਹਾਂ ਕਿਹਾ ਕਿ ਧਰਮ ਸਾਨੂੰ ਸਿਰਫ਼ ਧਾਰਮਿਕ ਰਸਮਾਂ ਨਿਭਾਉਣ ਦੀ ਸਿੱਖਿਆ ਨਹੀਂ ਦਿੰਦਾ, ਬਲਕਿ ਇੱਕ ਚੰਗਾ ਅਤੇ ਜ਼ਿੰਮੇਵਾਰ ਇਨਸਾਨ ਬਣਨ ਦੀ ਜੀਵਨ-ਜਾਚ ਵੀ ਸਿਖਾਉਂਦਾ ਹੈ। ਲੋੜ ਇਸ ਗੱਲ ਦੀ ਹੈ ਕਿ ਅਸੀਂ ਧਾਰਮਿਕ ਸਿੱਖਿਆਵਾਂ ਨੂੰ ਸਿਰਫ਼ ਸੁਣਨ ਜਾਂ ਪੜ੍ਹਨ ਤੱਕ ਸੀਮਤ ਨਾ ਰੱਖੀਏ, ਸਗੋਂ ਉਨ੍ਹਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਅਮਲ ਵਿੱਚ ਲਿਆਈਏ।
ਡਾ. ਗੋਇਲ ਨੇ ਕਿਹਾ ਕਿ ਜੇਕਰ ਹਰ ਵਿਅਕਤੀ ਆਪਣੇ ਵਿਵਹਾਰ ਵਿੱਚ ਥੋੜ੍ਹਾ ਜਿਹਾ ਸੁਧਾਰ ਲਿਆਵੇ, ਦੂਜਿਆਂ ਦਾ ਸਤਿਕਾਰ ਕਰੇ, ਲੋੜਵੰਦ ਦੀ ਮਦਦ ਕਰੇ, ਝੂਠ ਅਤੇ ਧੋਖੇ ਤੋਂ ਬਚੇ ਅਤੇ ਆਪਣੇ ਫਰਜ਼ ਨੂੰ ਇਮਾਨਦਾਰੀ ਨਾਲ ਨਿਭਾਏ ਤਾਂ ਸਮਾਜ ਵਿੱਚ ਵੱਡੀ ਤਬਦੀਲੀ ਆਪਣੇ ਆਪ ਆ ਸਕਦੀ ਹੈ। ਸਾਨੂੰ ਇਹ ਸੋਚ ਬਦਲਣ ਦੀ ਲੋੜ ਹੈ ਕਿ “ਦੂਜੇ ਕਦੋਂ ਸੁਧਰਨਗੇ?” ਇਸ ਦੀ ਬਜਾਏ ਸਾਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ ਕਿ “ਮੈਂ ਅੱਜ ਆਪਣੇ ਅੰਦਰ ਕੀ ਸੁਧਾਰ ਕੀਤਾ ਹੈ?” ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਅਕਾਦਮਿਕ ਸਿੱਖਿਆ ਦੇਣ ਦੇ ਨਾਲ ਨਾਲ ਨੈਤਿਕ ਸਿੱਖਿਆ ਵੀ ਜਰੂਰ ਦੇਣ ਤਾਂ ਕਿ ਉਹ ਕਾਬਿਲ ਇਨਸਾਨ ਦੇ ਨਾਲ ਨਾਲ ਚੰਗੇ ਇਨਸਾਨ ਵੀ ਬਣ ਸਕਣ।