ਜੌਲੀਆਂ ਤੇ ਭੱਟੀਵਾਲ ਪਿੰਡਾਂ ਵਿੱਚ 67 ਲੱਖ ਦੇ ਵਿਕਾਸ ਕਾਰਜ ਸ਼ੁਰੂ ਜੌਲੀਆਂ ਤੇ ਭੱਟੀਵਾਲ ਪਿੰਡਾਂ ਵਿੱਚ 67 ਲੱਖ ਦੇ ਵਿਕਾਸ ਕਾਰਜ ਸ਼ੁਰੂ
Publish Date: Tue, 08 Sep 2026 05:26 PM (IST)
Updated Date: Wed, 09 Sep 2026 04:04 AM (IST)
ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਵਿਧਾਨ ਸਭਾ ਹਲਕਾ ਸੰਗਰੂਰ ਦੇ ਪਿੰਡਾਂ ਵਿੱਚ ਬੁਨਿਆਦੀ ਅਤੇ ਸਾਂਝੀਆਂ ਸਹੂਲਤਾਂ ਦੇ ਵਿਸਥਾਰ ਨੂੰ ਅੱਗੇ ਤੋਰਦਿਆਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਪਿੰਡ ਜੌਲੀਆਂ, ਭੱਟੀਵਾਲ ਖੁਰਦ ਅਤੇ ਭੱਟੀਵਾਲ ਕਲਾਂ ਵਿਖੇ ਕਰੀਬ 67 ਲੱਖ ਰੁਪਏ ਦੇ ਵੱਖ-ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ। ਇਨ੍ਹਾਂ ਵਿੱਚ ਪਬਲਿਕ ਸ਼ੈੱਡ, ਵਾਲੀਬਾਲ ਗਰਾਊਂਡ ਅਤੇ ਗਲੀਆਂ ਦੇ ਵਿਕਾਸ ਨਾਲ ਸਬੰਧਤ ਕੰਮ ਸ਼ਾਮਲ ਹਨ। ਵਿਧਾਇਕ ਭਰਾਜ ਨੇ ਕਿਹਾ ਕਿ ਪਿੰਡਾਂ ਦਾ ਵਿਕਾਸ ਲੋਕਾਂ ਦੀਆਂ ਅਸਲ ਲੋੜਾਂ ਅਨੁਸਾਰ ਹੋਣਾ ਚਾਹੀਦਾ ਹੈ। ਪਬਲਿਕ ਸ਼ੈੱਡ ਪਿੰਡ ਵਾਸੀਆਂ ਲਈ ਸਮਾਜਿਕ ਸਮਾਗਮਾਂ ਵਾਸਤੇ ਸਾਂਝੀ ਸਹੂਲਤ ਵਜੋਂ ਲਾਹੇਵੰਦ ਹੋਵੇਗਾ, ਜਦਕਿ ਵਾਲੀਬਾਲ ਗਰਾਊਂਡ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਵਿੱਚ ਸਹਾਇਕ ਬਣੇਗਾ। ਇਸੇ ਤਰ੍ਹਾਂ ਗਲੀਆਂ ਦੇ ਕੰਮ ਨਾਲ ਪਿੰਡਾਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਆਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਿੰਡਾਂ ਵਿੱਚ ਲੋਕਾਂ ਦੀਆਂ ਤਰਜੀਹਾਂ ਮੁਤਾਬਕ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਪੰਚਾਇਤਾਂ ਨਾਲ ਸਾਂਝ ਕਰਕੇ ਲੋੜੀਂਦੇ ਕੰਮਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਸਮੇਂ ਸਿਰ ਅਮਲੀ ਰੂਪ ਦੇਣ ਵੱਲ ਧਿਆਨ ਦਿੱਤਾ ਜਾ ਰਿਹਾ ਹੈ। ਵਿਧਾਇਕ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਲਈ ਵਧੀਆ ਮਾਹੌਲ ਮੁਹੱਈਆ ਕਰਵਾਉਣਾ ਵੀ ਪਿੰਡਾਂ ਦੇ ਵਿਕਾਸ ਦਾ ਅਹਿਮ ਹਿੱਸਾ ਹੈ। ਉਨ੍ਹਾਂ ਪੰਚਾਇਤਾਂ ਅਤੇ ਪਿੰਡ ਵਾਸੀਆਂ ਨੂੰ ਵਿਕਾਸ ਕਾਰਜਾਂ ਦੀ ਗੁਣਵੱਤਾ ਯਕੀਨੀ ਬਣਾਉਣ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਸਰਪੰਚ ਬਿੱਕਰ ਸਿੰਘ ਭੱਟੀਵਾਲ ਕਲਾਂ, ਸਤਗੁਰ ਸਿੰਘ, ਸਰਪੰਚ ਹਰਪ੍ਰੀਤ ਸਿੰਘ ਜੌਲੀਆਂ, ਪੁਸ਼ਪਿੰਦਰ ਸਿੰਘ ਭੱਟੀਵਾਲ, ਲਖਵਿੰਦਰ ਲੱਖਾ, ਤੇਜਵਿੰਦਰ ਸਿੰਘ, ਮੇਜਰ ਸਿੰਘ, ਜਸਵਿੰਦਰ ਸਿੰਘ ਬਚੀ ਅਤੇ ਜੀਵਨ ਸਿੰਘ ਸਮੇਤ ਸਮੂਹ ਪੰਚਾਇਤਾਂ ਦੇ ਨੁਮਾਇੰਦੇ ਤੇ ਹੋਰ ਪਤਵੰਤੇ ਹਾਜ਼ਰ ਸਨ।