
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇਅ ’ਤੇ ਵਾਪਰਿਆ ਭਿਆਨਕ ਹਾਦਸਾ

ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ
ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇਅ ਨੰਬਰ 7 ’ਤੇ ਭਵਾਨੀਗੜ੍ਹ ਵਿਖੇ ਦਲਜੀਤ ਢਾਬੇ ਦੇ ਸਾਹਮਣੇ ਸੋਮਵਾਰ ਨੂੰ ਇਨੋਵਾ ਕਾਰ ਅਤੇ ਟਿੱਪਰ ਵਿਚਕਾਰ ਭਿਆਨਕ ਟੱਕਰ ਹੋ ਗਈ। ਹਾਦਸੇ ਵਿੱਚ ਇਨੋਵਾ ਸਵਾਰ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਦੀ ਪਛਾਣ ਸੁਖਚੈਨ ਸਿੰਘ ਅਤੇ ਜਸਵੀਰ ਸਿੰਘ ਵਾਸੀ ਪਟਿਆਲਾ ਵਜੋਂ ਹੋਈ ਹੈ।
ਥਾਣਾ ਭਵਾਨੀਗੜ੍ਹ ਦੇ ਸਬ-ਇੰਸਪੈਕਟਰ ਤਰਸੇਮ ਸਿੰਘ ਨੇ ਦੱਸਿਆ ਕਿ ਇਨੋਵਾ ਕਾਰ ਪਟਿਆਲਾ ਤੋਂ ਭਵਾਨੀਗੜ੍ਹ ਵੱਲ ਆ ਰਹੀ ਸੀ, ਜਦਕਿ ਟਿੱਪਰ ਭਵਾਨੀਗੜ੍ਹ ਤੋਂ ਪਟਿਆਲਾ ਵੱਲ ਜਾ ਰਿਹਾ ਸੀ। ਇਸ ਦੌਰਾਨ ਇਨੋਵਾ ਕਾਰ ਅਚਾਨਕ ਡਿਵਾਈਡਰ ਟੱਪ ਕੇ ਨੈਸ਼ਨਲ ਹਾਈਵੇ ਦੀ ਦੂਜੀ ਸਾਈਡ ਪਹੁੰਚ ਗਈ ਅਤੇ ਸਾਹਮਣੇ ਤੋਂ ਆ ਰਹੇ ਟਿੱਪਰ ਨਾਲ ਟਕਰਾ ਗਈ। ਟੱਕਰ ਇੰਨੀ ਭਿਆਨਕ ਸੀ ਕਿ ਇਨੋਵਾ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।
ਉਨ੍ਹਾਂ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਣ ’ਤੇ ਐੱਸਐੱਸਐੱਫ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਕਾਰ ਵਿੱਚ ਫਸੇ ਦੋਵਾਂ ਜ਼ਖ਼ਮੀਆਂ ਨੂੰ ਲੋਕਾਂ ਦੀ ਮਦਦ ਨਾਲ ਬਾਹਰ ਕੱਢ ਕੇ ਐਂਬੂਲੈਂਸ ਰਾਹੀਂ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖ਼ਲ ਕਰਵਾਇਆ। ਐੱਸਐੱਸਐੱਫ ਕਰਮਚਾਰੀਆਂ ਵੱਲੋਂ ਨੈਸ਼ਨਲ ਹਾਈਵੇ ’ਤੇ ਪ੍ਰਭਾਵਿਤ ਹੋਈ ਆਵਾਜਾਈ ਨੂੰ ਵੀ ਸੁਚਾਰੂ ਕਰਵਾਇਆ ਗਿਆ।
ਸਬ-ਇੰਸਪੈਕਟਰ ਤਰਸੇਮ ਸਿੰਘ ਨੇ ਦੱਸਿਆ ਕਿ ਹਾਦਸੇ ਵਿੱਚ ਸ਼ਾਮਲ ਟਿੱਪਰ ਚਾਲਕ ਦੀ ਪਛਾਣ ਅਵਤਾਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਲੌਂਗੋਵਾਲ ਜ਼ਿਲ੍ਹਾ ਸੰਗਰੂਰ ਵਜੋਂ ਹੋਈ ਹੈ। ਟਿੱਪਰ ਚਾਲਕ ਅਵਤਾਰ ਸਿੰਘ ਨੇ ਦੱਸਿਆ ਕਿ ਇਨੋਵਾ ਕਾਰ ਸੜਕ ਦੇ ਦੂਜੇ ਪਾਸੇ ਤੋਂ ਹਵਾ ਵਿੱਚ ਉੱਛਲ ਕੇ ਮੇਰੇ ਟਿੱਪਰ ਨਾਲ ਟਕਰਾ ਗਈ। ਉਸ ਨੇ ਦੱਸਿਆ ਕਿ ਇਨੋਵਾ ਕਾਰ ਵਿੱਚ ਕੁਝ ਭਾਰੀ ਸਮਾਨ ਭਰਿਆ ਹੋਇਆ ਸੀ ਜਿਸ ਕਾਰਨ ਉਹ ਪਲਟਣ ਤੋਂ ਬਚ ਗਈ। ਪੁਲਿਸ ਵੱਲੋਂ ਹਾਦਸੇ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।