ਮੰਤਰੀ ਅਮਨ ਅਰੋੜਾ ਨੇ ਲੋਕ ਮਿਲਣੀ ਤਹਿਤ ਸੁਣੀਆਂ ਲੋਕਾਂ ਦੀਆਂ ਮੁਸ਼ਕਿਲਾਂ ਮੰਤਰੀ ਅਮਨ ਅਰੋੜਾ ਨੇ ‘ਲੋਕ ਮਿਲਣੀ’ ਤਹਿਤ ਸੁਣੀਆਂ ਲੋਕਾਂ ਦੀਆਂ ਮੁਸਕਲਾਂ
Publish Date: Sun, 12 Jul 2026 03:50 PM (IST)
Updated Date: Sun, 12 Jul 2026 03:51 PM (IST)
- ਕਿਹਾ, ‘ਆਪ’ ਸਰਕਾਰ ਲੋਕਾਂ ਦੀ ਭਲਾਈ ਲਈ ਵਚਨਬੱਧ, ਸੂਬੇ ’ਚ ਅਮਨ ਅਤੇ ਭਾਈਚਾਰਕ ਸਾਂਝ ਬਣਾਈ ਰੱਖਣੀ ਜ਼ਰੂਰੀ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ ਸੁਨਾਮ : ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਐਤਵਾਰ ਨੂੰ ਸੁਨਾਮ ਵਿਧਾਨ ਸਭਾ ਹਲਕੇ ਦੇ ਪਿੰਡਾਂ ਕਿਲਾ ਭਰੀਆਂ ਅਤੇ ਬਹਾਦਰਪੁਰ ਵਿਖੇ ਲੋਕ ਮਿਲਣੀ ਪ੍ਰੋਗਰਾਮ ਤਹਿਤ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ। ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੂਰੇ ਪੰਜਾਬ ਵਿੱਚ ਮੰਤਰੀਆਂ, ਵਿਧਾਇਕਾਂ ਅਤੇ ਉੱਚ ਅਧਿਕਾਰੀਆਂ ਨੂੰ ਲੋਕਾਂ ਦੇ ਦਰਮਿਆਨ ਜਾ ਕੇ ਉਨ੍ਹਾਂ ਦੇ ਮਸਲੇ ਹੱਲ ਕਰਨ ਦੀ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ ਤਾਂ ਜੋ ਲੋਕਾਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਨੂੰ ਨੇੜਿਓਂ ਜਾਣਿਆ ਜਾ ਸਕੇ। ਉਨ੍ਹਾਂ ਆਖਿਆ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਆਪ ਸਰਕਾਰ ਨੇ ਜੋ ਇਤਿਹਾਸਕ ਅਤੇ ਬੇਮਿਸਾਲ ਵਿਕਾਸ ਕਾਰਜ ਕੀਤੇ ਹਨ, ਉਸ ਤੋਂ ਜਨਤਾ ਭਲੀਭਾਂਤ ਜਾਣੂੰ ਹੈ। ਉਨ੍ਹਾਂ ਕਿਹਾ ਕਿ ਸਾਨੂੰ ਲੋਕਾਂ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ, ਬਲਕਿ ਲੋਕ ਖੁਦ ਅੱਗੇ ਹੋ ਕੇ ਸਰਕਾਰ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ। ਮੁੱਖ ਵਿਰੋਧੀ ਧਿਰ ਕਾਂਗਰਸ ’ਤੇ ਵਰ੍ਹਦਿਆਂ ਅਮਨ ਅਰੋੜਾ ਨੇ ਕਿਹਾ ਕਿ ਕਾਂਗਰਸ ਅੰਦਰੂਨੀ ਲੜਾਈ ਅਤੇ ਖਿਲਾਰੇ ਕਾਰਨ ਪੂਰੀ ਤਰ੍ਹਾਂ ਬਿਖਰ ਚੁੱਕੀ ਹੈ। ਕਾਂਗਰਸ ਦਾ ਆਗੂ ਪੰਜਾਬ, ਪੰਜਾਬੀਅਤ ਜਾਂ ਸੂਬੇ ਦੇ ਵਿਕਾਸ ਦੀ ਗੱਲ ਨਹੀਂ ਕਰ ਰਿਹਾ। ਹਰ ਕੋਈ ਇੱਕ-ਦੂਜੇ ਦੀਆਂ ਲੱਤਾਂ ਖਿੱਚਣ ਅਤੇ ਆਪਣੀ ਕੁਰਸੀ ਬਚਾਉਣ ਵਿੱਚ ਮਸਰੂਫ ਹੈ। ਉਨ੍ਹਾਂ ਦਾਅਵਾ ਕੀਤਾ ਕਿ 2027 ਦੀਆਂ ਚੋਣਾਂ ਵਿੱਚ ਕਾਂਗਰਸ ਦਾ ਗ੍ਰਾਫ ਇੰਨਾ ਡਿੱਗ ਜਾਵੇਗਾ ਕਿ ਉਹ ਦੋ ਅੰਕਾਂ ਤਕ ਵੀ ਨਹੀਂ ਪਹੁੰਚ ਸਕਣਗੇ। ਪੰਜਾਬ ਦੇ ਕਾਲੇ ਦੌਰ ਅਤੇ ਹਾਲ ਹੀ ਵਿੱਚ ਚਰਚਾ ’ਚ ਆਈਆਂ ਫਿਲਮਾਂ (ਜਿਵੇਂ ਜਸਵੰਤ ਸਿੰਘ ਖਾਲੜਾ ’ਤੇ ਆਧਾਰਿਤ ਫਿਲਮ) ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਮੰਤਰੀ ਅਰੋੜਾ ਨੇ ਕਿਹਾ ਕਿ ਪੰਜਾਬ ਨੇ ਬਹੁਤ ਲੰਮਾ ਅਤੇ ਦਰਦਨਾਕ ਕਾਲਾ ਦੌਰ ਹੰਢਾਇਆ ਹੈ, ਜਿਸ ਵਿੱਚ ਪੰਜਾਬ ਦੇ ਹੀ ਪੁੱਤ ਮਾਰੇ ਗਏ। ਭਾਵੇਂ ਇਹ ਮਨੁੱਖੀ ਅਧਿਕਾਰਾਂ ਦੀ ਰੱਖਿਆ ਦਾ ਮਾਮਲਾ ਹੋਵੇ ਜਾਂ ਸੱਚ ਦਿਖਾਉਣ ਦੀ ਗੱਲ, ਪਰ ਸਾਨੂੰ ਇਹ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਪੰਜਾਬ ਗੁਰੂਆਂ ਦੀ ਧਰਤੀ ਹੈ, ਜਿੱਥੇ ਇਨਸਾਨੀਅਤ ਅਤੇ ਧਰਮ-ਨਿਰਪੱਖਤਾ ਸਭ ਤੋਂ ਉੱਪਰ ਹੈ। ਉਨ੍ਹਾਂ ਅਪੀਲ ਕੀਤੀ ਕਿ ਕਿਸੇ ਵੀ ਸੂਰਤ ਵਿੱਚ ਸੂਬੇ ਦਾ ਆਪਸੀ ਭਾਈਚਾਰਾ ਅਤੇ ਸ਼ਾਂਤੀਪੂਰਨ ਮਾਹੌਲ ਖਰਾਬ ਨਹੀਂ ਹੋਣਾ ਚਾਹੀਦਾ।