- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਧਾਨ ਸਭਾ ਹਲਕਾ ਸੁਨਾਮ ਦੇ ਪਿੰਡ ਕਨੋਈ ਵਿਖੇ ਖੁਦਕੁਸ਼ੀ ਕਰ ਗਏ ਦਲਿਤ ਪਰਿਵਾਰ ਦੇ ਸਨਮਦੀਪ ਸਨੀ ਦੇ ਪਰਿਵਾਰ ਲਈ ਇਨਸਾਫ਼ ਦੀ ਲੜਾਈ ਨੂੰ ਅੱਜ ਇੱਕ ਅਹਿਮ ਮੋੜ ਮਿਲਿਆ, ਜਦੋਂ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਪ੍ਰਿਯੰਕ ਕਾਨੂਨਗੋ ਖੁਦ ਪਿੰਡ ਕਨੋਈ ਵਿਖੇ ਸਨਮਦੀਪ ਸਨੀ ਦੇ ਘਰ ਪਹੁੰਚੇ ਅਤੇ ਪਰਿਵਾਰ ਨਾਲ ਮੁਲਾਕਾਤ ਕੀਤੀ।

ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਵਿਧਾਨ ਸਭਾ ਹਲਕਾ ਸੁਨਾਮ ਦੇ ਪਿੰਡ ਕਨੋਈ ਵਿਖੇ ਖੁਦਕੁਸ਼ੀ ਕਰ ਗਏ ਦਲਿਤ ਪਰਿਵਾਰ ਦੇ ਸਨਮਦੀਪ ਸਨੀ ਦੇ ਪਰਿਵਾਰ ਲਈ ਇਨਸਾਫ਼ ਦੀ ਲੜਾਈ ਨੂੰ ਅੱਜ ਇੱਕ ਅਹਿਮ ਮੋੜ ਮਿਲਿਆ, ਜਦੋਂ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਪ੍ਰਿਯੰਕ ਕਾਨੂਨਗੋ ਖੁਦ ਪਿੰਡ ਕਨੋਈ ਵਿਖੇ ਸਨਮਦੀਪ ਸਨੀ ਦੇ ਘਰ ਪਹੁੰਚੇ ਅਤੇ ਪਰਿਵਾਰ ਨਾਲ ਮੁਲਾਕਾਤ ਕੀਤੀ। ਪ੍ਰਿਯੰਕ ਕਾਨੂਨਗੋ ਨੇ ਇਸ ਮੌਕੇ ਸਨਮਦੀਪ ਸਨੀ ਦੀ ਮਾਤਾ, ਪਿਤਾ ਅਤੇ ਦਾਦਾ-ਦਾਦੀ ਨਾਲ ਵਿਸਥਾਰਪੂਰਵਕ ਗੱਲਬਾਤ ਕੀਤੀ। ਉਨ੍ਹਾਂ ਨੇ ਪਰਿਵਾਰ ਦੀ ਪੂਰੀ ਗੱਲ ਧਿਆਨ ਨਾਲ ਸੁਣੀ ਅਤੇ ਘਟਨਾ ਨਾਲ ਜੁੜੇ ਤੱਥਾਂ, ਪਰਿਵਾਰ ਦੀਆਂ ਚਿੰਤਾਵਾਂ ਅਤੇ ਉਨ੍ਹਾਂ ਵੱਲੋਂ ਮੰਗੇ ਜਾ ਰਹੇ ਇਨਸਾਫ਼ ਬਾਰੇ ਜਾਣਕਾਰੀ ਹਾਸਲ ਕੀਤੀ। ਪਰਿਵਾਰ ਵੱਲੋਂ ਮੰਗ ਕੀਤੀ ਗਈ ਕਿ ਸਨਮਦੀਪ ਸਨੀ ਦੀ ਮੌਤ ਨਾਲ ਜੁੜੇ ਮਾਮਲੇ ਦੀ ਨਿਰਪੱਖ, ਪਾਰਦਰਸ਼ੀ ਅਤੇ ਸਮਾਂਬੱਧ ਜਾਂਚ ਕੀਤੀ ਜਾਵੇ ਅਤੇ ਜੇਕਰ ਕਿਸੇ ਪੱਧਰ ’ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋਈ ਹੈ ਤਾਂ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ।
ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਅੱਜ ਹੀ ਪੰਜਾਬ ਦੇ ਪੁਲਿਸ ਡਾਇਰੈਕਟਰ ਜਨਰਲ ਅਤੇ ਪੰਜਾਬ ਦੇ ਮੁੱਖ ਸਕੱਤਰ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।
ਇਸ ਮਾਮਲੇ ਦਾ ਇੱਕ ਹੋਰ ਗੰਭੀਰ ਪੱਖ ਇਹ ਹੈ ਕਿ ਪਰਿਵਾਰ ਦੇ ਦੱਸਣ ਅਨੁਸਾਰ ਸਨਮਦੀਪ ਸਨੀ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਲਾਵਾਰਿਸ ਵਜੋਂ ਕਰ ਦਿੱਤਾ ਗਿਆ, ਜਦਕਿ ਉਸਦਾ ਪਰਿਵਾਰ ਕੁਝ ਹੀ ਕਿਲੋਮੀਟਰ ਦੀ ਦੂਰੀ ’ਤੇ ਹਿਰਾਸਤ/ਬੰਦ ਹਾਲਤ ਵਿੱਚ ਸੀ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਪੁੱਤਰ/ਪੋਤੇ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣ ਦਾ ਮੌਕਾ ਵੀ ਨਹੀਂ ਮਿਲਿਆ। ਇਹ ਸਵਾਲ ਵੀ ਹੁਣ ਨਿਰਪੱਖ ਜਾਂਚ ਦਾ ਅਹਿਮ ਹਿੱਸਾ ਹੈ ਕਿ ਮ੍ਰਿਤਕ ਦੀ ਪਛਾਣ ਅਤੇ ਪਰਿਵਾਰ ਨੂੰ ਸੂਚਿਤ ਕਰਨ ਦੀ ਪ੍ਰਕਿਰਿਆ ਕੀ ਰਹੀ ਅਤੇ ਦੇਹ ਦਾ ਅੰਤਿਮ ਸੰਸਕਾਰ ਲਾਵਾਰਿਸ ਵਜੋਂ ਕਿਉਂ ਕੀਤਾ ਗਿਆ।
ਇਸ ਮਾਮਲੇ ਵਿੱਚ ਭਾਜਪਾ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਨੇ ਸ਼ੁਰੂ ਤੋਂ ਹੀ ਪਰਿਵਾਰ ਦੀ ਆਵਾਜ਼ ਨੂੰ ਮਜ਼ਬੂਤੀ ਨਾਲ ਉਠਾਉਂਦਿਆਂ ਇਨਸਾਫ਼ ਦੀ ਲੜਾਈ ਦੀ ਅਗਵਾਈ ਕੀਤੀ ਹੈ। ਉਨ੍ਹਾਂ ਵੱਲੋਂ ਲਗਾਤਾਰ ਇਸ ਘਟਨਾ ਨੂੰ ਮਨੁੱਖੀ ਅਧਿਕਾਰਾਂ ਦੇ ਪੱਖ ਤੋਂ ਉਠਾਇਆ ਗਿਆ ਅਤੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਤੱਕ ਮਾਮਲਾ ਪਹੁੰਚਾਉਣ ਅਤੇ ਕਮਿਸ਼ਨ ਦੀ ਦਖ਼ਲਅੰਦਾਜ਼ੀ ਯਕੀਨੀ ਬਣਾਉਣ ਲਈ ਅਹਿਮ ਯਤਨ ਕੀਤੇ ਗਏ।
ਇਸ ਸਬੰਧੀ ਭਾਜਪਾ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਨੇ ਕਿਹਾ ਕਿ ਸਨਮਦੀਪ ਸਨੀ ਦੇ ਪਰਿਵਾਰ ਨੂੰ ਇਨਸਾਫ਼ ਮਿਲਣ ਤੱਕ ਇਹ ਲੜਾਈ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਕੇਂਦਰੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਪਰਿਵਾਰ ਨਾਲ ਸਿੱਧੀ ਮੁਲਾਕਾਤ ਅਤੇ ਪੰਜਾਬ ਦੇ ਡੀਜੀਪੀ ਤੇ ਮੁੱਖ ਸਕੱਤਰ ਨੂੰ ਅੱਜ ਹੀ ਨੋਟਿਸ ਜਾਰੀ ਕੀਤਾ ਜਾਣਾ ਇਸ ਮਾਮਲੇ ਵਿੱਚ ਇੱਕ ਮਹੱਤਵਪੂਰਨ ਕਦਮ ਹੈ।
ਕਨੋਈ ਮਾਮਲੇ ਵਿੱਚ ਐਨ ਐਚ ਆਰ ਸੀ ਦੀ ਦਖ਼ਲਅੰਦਾਜ਼ੀ ਨਾਲ ਪਰਿਵਾਰ ਦੀ ਆਵਾਜ਼ ਹੁਣ ਇੱਕ ਸੰਵਿਧਾਨਕ ਮਨੁੱਖੀ ਅਧਿਕਾਰ ਸੰਸਥਾ ਤੱਕ ਪਹੁੰਚੀ ਹੈ। ਪਰਿਵਾਰ ਅਤੇ ਇਨਸਾਫ਼ ਦੀ ਮੰਗ ਕਰ ਰਹੇ ਲੋਕਾਂ ਨੂੰ ਉਮੀਦ ਹੈ ਕਿ ਇਸ ਨੋਟਿਸ ਤੋਂ ਬਾਅਦ ਮਾਮਲੇ ਦੇ ਸਾਰੇ ਪਹਿਲੂਆਂ ਦੀ ਨਿਰਪੱਖ ਜਾਂਚ ਹੋਵੇਗੀ ਅਤੇ ਸਨਮਦੀਪ ਸਨੀ ਦੇ ਪਰਿਵਾਰ ਨੂੰ ਇਨਸਾਫ਼ ਮਿਲੇਗਾ। ਇਸ ਮੌਕੇ ਹਰਮਨਦੇਵ ਸਿੰਘ ਬਾਜਵਾ ਅਤੇ ਸਰਜੀਵਨ ਜਿੰਦਲ ਵੀ ਹਾਜ਼ਰ ਸਨ ।