- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ : ਪੇਂਡੂ ਧਰਾਤਲ 'ਤੇ ਬੌਧਿਕ ਤੇ ਵਿਦਿਅਕ ਰੋਸ਼ਨੀ ਦਾ ਧਰੁਵ ਤਾਰਾ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,
ਬਰਨਾਲਾ : ਬਰਨਾਲਾ-ਮਾਨਸਾ ਮੁੱਖ ਮਾਰਗ ’ਤੇ ਸਥਿਤ ‘ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ, ਪੱਖੋ ਕਲਾਂ’ ਪਿਛਲੇ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਪੇਂਡੂ ਖੇਤਰ ਦੇ ਚੌਗਿਰਦੇ ’ਚ ਗਿਆਨ ਦਾ ਉਜਾਲਾ ਵੰਡਦਿਆਂ ਵਿਦਿਆ ਦਾ ਚਾਨਣ ਮੁਨਾਰਾ ਬਣ ਕੇ ਉੱਭਰਿਆ ਹੈ। ਕਿਫਾਇਤੀ ਖਰਚੇ ’ਚ ਵਿਸ਼ਵ ਪੱਧਰੀ ਤੇ ਗੁਣਵੱਤਾਪੂਰਨ ਸਿੱਖਿਆ ਪ੍ਰਦਾਨ ਕਰਨ ਲਈ ਇਹ ਸੰਸਥਾ ਇਲਾਕੇ ’ਚ ਧਰੁਵ ਤਾਰੇ ਵਾਂਗ ਚਮਕ ਰਹੀ ਹੈ। ਇਸੇ ਬੇਮਿਸਾਲ ਯੋਗਦਾਨ ਦੀ ਤਰਜਮਾਨੀ ਕਰਦਿਆਂ ਅਦਾਰਾ ‘ਪੰਜਾਬੀ ਜਾਗਰਣ’ ਵੱਲੋਂ ਸੰਸਥਾ ਨੂੰ ਵੱਕਾਰੀ ਰਤਨ ਪੰਜਾਬ ਦੇ ਅਵਾਰਡ ਨਾਲ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾ ਰਹਾ ਹੈ।
--ਪ੍ਰੇਰਨਾ ਸਰੋਤ ਅਤੇ ਪ੍ਰਬੰਧਕੀ ਕੁਸ਼ਲਤਾ
ਸੀਆਈਐੱਸਸੀਈ ਬੋਰਡ, ਨਵੀਂ ਦਿੱਲੀ ਤੋਂ ਬਾਰ੍ਹਵੀਂ ਜਮਾਤ ਤੱਕ ਮਾਨਤਾ ਪ੍ਰਾਪਤ ਇਸ ਵਿੱਦਿਅਕ ਅਦਾਰੇ ਦੀ ਨੀਂਹ ਸਵਰਗਵਾਸੀ ਜਥੇਦਾਰ ਅਜੀਤ ਸਿੰਘ ਪੱਖੋ ਕਲਾਂ ਤੇ ਬ੍ਰਹਮਲੀਨ ਸੰਤ ਬਾਬਾ ਬਚਨਪੁਰੀ ਜੀ ਦੀ ਦੂਰਅੰਦੇਸ਼ੀ ਸੋਚ ਅਨੁਸਾਰ ਰੱਖੀ ਗਈ ਸੀ। ਵਰਤਮਾਨ ’ਚ ‘ਅਜੀਤ ਰੂਰਲ ਐਜੂਕੇਸ਼ਨ ਐਂਡ ਵੈਲਫੇਅਰ ਸੋਸਾਇਟੀ’ ਦੀ ਰਹਿਨੁਮਾਈ ਹੇਠ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ ਤੇ ਡਾਇਰੈਕਟਰ ਸਾਗਰਜੀਤ ਸਿੰਘ ਖੀਪਲ ਦੀ ਗਤੀਸ਼ੀਲ ਅਗਵਾਈ ਸਦਕਾ ਸਕੂਲ ਨਵੀਆਂ ਉੱਚਾਈਆਂ ਨੂੰ ਛੂਹ ਰਿਹਾ ਹੈ। ਇਲਾਕੇ ਦੇ 45 ਤੋਂ ਵੱਧ ਪਿੰਡਾਂ ਦੇ ਵਿਦਿਆਰਥੀ ਇੱਥੇ ਪੰਜਾਬ ਸਮੇਤ ਕੇਰਲਾ, ਗੋਆ, ਨਾਗਾਲੈਂਡ ਤੇ ਹਿਮਾਚਲ ਪ੍ਰਦੇਸ਼ ਤੋਂ ਆਏ ਬਹੁ-ਭਾਸ਼ਾਈ ਤੇ ਤਜਰਬੇਕਾਰ ਅਧਿਆਪਕਾਂ ਤੋਂ ਗਿਆਨ ਹਾਸਲ ਕਰ ਰਹੇ ਹਨ।
--ਸ਼ਾਨਦਾਰ ਅਕਾਦਮਿਕ ਅਤੇ ਖੇਡ ਪ੍ਰਾਪਤੀਆਂ
ਅਕਾਦਮਿਕ ਖੇਤਰ ’ਚ ਸਕੂਲ ਦੇ ਦਸਵੀਂ ਤੇ ਬਾਰ੍ਹਵੀਂ ਦੇ ਬੋਰਡ ਨਤੀਜੇ ਨਿਰੰਤਰ ਸੌ ਫੀਸਦੀ ਰਹਿਣ ਦਾ ਅਮੀਰ ਇਤਿਹਾਸ ਰਿਹਾ ਹੈ। ਖੇਡਾਂ ਦੇ ਮੈਦਾਨ ’ਚ ਵੀ ਸਕੂਲ ਦਾ ਪ੍ਰਦਰਸ਼ਨ ਸ਼ਲਾਘਾਯੋਗ ਰਿਹਾ ਹੈ। ਪੰਜਾਬ ਰਾਜ ਦੀਆਂ 67ਵੀਆਂ ਖੇਡਾਂ 'ਚ ਰਾਈਫਲ ਸ਼ੂਟਿੰਗ ਦੌਰਾਨ ਖਿਡਾਰੀਆਂ ਨੇ 16 ਤਗਮੇ ਜਿੱਤੇ, ਜਦਕਿ ਸੀ.ਆਈ.ਐੱਸ.ਸੀ.ਈ. ਦੀ ਰਾਸ਼ਟਰੀ ਵਾਲੀਬਾਲ ਪ੍ਰਤੀਯੋਗਤਾ 'ਚ ਲੜਕਿਆਂ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸਾਲ 2026 ’ਚ ਟੇਬਲ ਟੈਨਿਸ ਦੇ 4 ਤੇ ਨਿਸ਼ਾਨੇਬਾਜ਼ੀ ਦੇ 18 ਖਿਡਾਰੀ ਪੰਜਾਬ ਰਾਜ ਖੇਡਾਂ ਲਈ ਚੁਣੇ ਗਏ ਹਨ।
--ਕੌਮਾਂਤਰੀ ਸੰਵਾਦ ਅਤੇ ਸਾਹਿਤਕ ਸੁਮੇਲ
ਸਕੂਲ ਆਪਣੇ 'ਗਲੋਬਲ ਕੁਨੈਕਟ ਪ੍ਰੋਗਰਾਮ' ਤਹਿਤ ਵਿਦਿਆਰਥੀਆਂ ਨੂੰ 19 ਦੇਸ਼ਾਂ ਦੇ 28 ਪ੍ਰਮੁੱਖ ਸਕੂਲਾਂ ਨਾਲ ਆਨਲਾਈਨ ਮਾਧਿਅਮ ਰਾਹੀਂ ਜੋੜ ਕੇ ਅੰਤਰਰਾਸ਼ਟਰੀ ਐਕਸਪੋਜਰ ਪ੍ਰਦਾਨ ਕਰ ਰਿਹਾ ਹੈ। ਅਮਰੀਕਾ, ਇਟਲੀ ਅਤੇ ਇੰਡੋਨੇਸ਼ੀਆ ਵਰਗੇ ਦੇਸ਼ਾਂ ਦੇ ਪ੍ਰਤੀਨਿਧ ਸਕੂਲ ਦਾ ਦੌਰਾ ਕਰ ਚੁੱਕੇ ਹਨ। ਬੱਚਿਆਂ ਨੂੰ ਫਰੈਂਚ ਭਾਸ਼ਾ 'ਚ ਨਿਪੁੰਨ ਬਣਾਉਣ ਲਈ ਵਿਦੇਸ਼ੀ ਅਧਿਆਪਕ ਵਿਸ਼ੇਸ਼ ਤੌਰ 'ਤੇ ਤਾਇਨਾਤ ਕੀਤੇ ਗਏ ਹਨ। ਬੌਧਿਕ ਚੇਤਨਾ ਅਤੇ ਸਾਹਿਤਕ ਰੁਚੀਆਂ ਦੇ ਵਿਕਾਸ ਲਈ ਸਕੂਲ ਵੱਲੋਂ ਪੰਜਾਬੀ ਸਾਹਿਤ ਦੇ ਸ਼ਾਹ ਅਸਵਾਰਾਂ ਜਿਵੇਂ ਪਦਮਸ਼੍ਰੀ ਡਾ. ਸੁਰਜੀਤ ਪਾਤਰ, ਪ੍ਰੋ. ਨਰਿੰਦਰ ਸਿੰਘ ਕਪੂਰ, ਵਰਿਆਮ ਸਿੰਘ ਸੰਧੂ ਤੇ ਗੁਰਭਜਨ ਸਿੰਘ ਗਿੱਲ ਵਰਗੀਆਂ ਅਜ਼ੀਮ ਸ਼ਖਸੀਅਤਾਂ ਨਾਲ 'ਰੂ-ਬਰੂ' ਪ੍ਰੋਗਰਾਮ ਉਲੀਕੇ ਜਾਂਦੇ ਹਨ। ਇਸ ਦੌਰਾਨ ਇਨ੍ਹਾਂ ਪ੍ਰਮੁੱਖ ਸਾਹਿਤਕਾਰਾਂ ਨੂੰ 'ਹੌਲਦਾਰ ਅਜੀਤ ਸਿੰਘ ਪੱਖੋ ਯਾਦਗਾਰੀ ਐਵਾਰਡ' ਨਾਲ ਸਨਮਾਨਿਤ ਵੀ ਕੀਤਾ ਜਾਂਦਾ ਹੈ।
--ਆਧੁਨਿਕ ਸਹੂਲਤਾਂ ਤੇ ਵਚਨਬੱਧਤਾ
ਸੰਸਥਾ ਪੂਰੀ ਤਰ੍ਹਾਂ ਏ.ਸੀ. ਬਿਲਡਿੰਗ, ਸਮਾਰਟ ਕਲਾਸਰੂਮ, ਪ੍ਰੋਜੈਕਟਰ, ਅਤਿ-ਆਧੁਨਿਕ ਕੰਪਿਊਟਰ ਤੇ ਸਾਇੰਸ ਪ੍ਰਯੋਗਸ਼ਾਲਾਵਾਂ, ਇਨਡੋਰ ਸਵੀਮਿੰਗ ਪੂਲ, ਸ਼ੂਟਿੰਗ ਰੇਂਜ ਤੇ 4500 ਤੋਂ ਵੱਧ ਗਿਆਨਵਰਧਕ ਪੁਸਤਕਾਂ ਵਾਲੀ ਵਿਸ਼ਾਲ ਲਾਇਬ੍ਰੇਰੀ ਨਾਲ ਲੈੱਸ ਹੈ। ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ ਤੇ ਡਾਇਰੈਕਟਰ ਸਾਗਰਜੀਤ ਸਿੰਘ ਖੀਪਲ ਨੇ ਮਾਪਿਆਂ ਵੱਲੋਂ ਪ੍ਰਗਟਾਏ ਵਿਸ਼ਵਾਸ ਲਈ ਧੰਨਵਾਦ ਕਰਦਿਆਂ ਦੁਹਰਾਇਆ ਕਿ ਸੰਸਥਾ ਆਉਣ ਵਾਲੇ ਸਮੇਂ 'ਚ ਵੀ ਪੇਂਡੂ ਖੇਤਰ ਦੇ ਨੌਨਿਹਾਲਾਂ ਨੂੰ ਘੱਟ ਖਰਚੇ 'ਚ ਵਿਸ਼ਵ ਪੱਧਰੀ ਆਧੁਨਿਕ ਸਿੱਖਿਆ ਤੇ ਸਹੂਲਤਾਂ ਦੇਣ ਲਈ ਪੂਰੀ ਦ੍ਰਿੜ੍ਹਤਾ ਨਾਲ ਵਚਨਬੱਧ ਰਹੇਗੀ।