ਹਾਈਵੇ ਮੁਲਾਜ਼ਮਾਂ ਦੀ ਅਣਗਹਿਲੀ, ਸੰਤ ਢੱਡਰੀਆਂ ਵਾਲਿਆਂ ਦੇ ਕਾਫ਼ਲਾ ਦੀਆਂ ਗੱਡੀਆਂ ਦਾ ਹੋਇਆ ਹਾਦਸਾ ਨੈਸ਼ਨਲ ਹਾਈਵੇਅ ਦੀ ਅਣਗਹਿਲੀ, ਸੰਤ ਢੱਡਰੀਆਂ ਵਾਲਿਆਂ ਦੇ ਕਾਫ਼ਲਾ ਦੀਆਂ ਗੱਡੀਆਂ ਦਾ ਹੋਇਆ ਹਾਦਸਾ
Publish Date: Tue, 29 Sep 2026 06:58 PM (IST)
Updated Date: Wed, 30 Sep 2026 04:04 AM (IST)
* ਰੋਡ ਸੇਫਟੀ ਨਿਯਮਾਂ ਦੀ ਉਲੰਘਣਾ; ਟੈਂਪੂ ਟਰੈਵਲਰ ਚਾਲਕ ਦੀ ਸੂਝ-ਬੂਝ ਨਾਲ ਟਲਿਆ ਵੱਡਾ ਜਾਨੀ ਨੁਕਸਾਨ ਕੈਪਸ਼ਨ: ਨੈਸ਼ਨਲ ਹਾਈਵੇ ’ਤੇ ਕਾਫ਼ਲੇ ਦੀਆਂ ਗੱਡੀਆਂ ਦੀ ਤਸਵੀਰ। 2. 3. ਹਾਈਵੇਅ ਦੇ ਡਿਵਾਈਡਰ ਦੀ ਸਫ਼ਾਈ ਲਈ ਖੜ੍ਹੀ ਇੱਕ ਟਰੈਕਟਰ-ਟਰਾਲੀ। ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇ ’ਤੇ ਪਿੰਡ ਖੁੱਡੀ ਖੁਰਦ ਨੇੜੇ ਮੰਗਲਵਾਰ ਦੁਪਹਿਰ ਕਰੀਬ 12 ਵਜੇ ਨੈਸ਼ਨਲ ਹਾਈਵੇ ਦੇ ਮੁਲਾਜ਼ਮਾਂ ਦੀ ਅਣਗਹਿਲੀ ਕਾਰਨ ‘ਪਰਮੇਸ਼ਰ ਦੁਆਰ’ ਦੇ ਮੁੱਖ ਪ੍ਰਬੰਧਕ ਤੇ ਧਾਰਮਿਕ ਪ੍ਰਚਾਰਕ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਕਾਫ਼ਲੇ ਦੀਆਂ ਗੱਡੀਆਂ ਹਾਦਸਾਗ੍ਰਸਤ ਹੋ ਗਈਆਂ। ਇਸ ਘਟਨਾ ਦੌਰਾਨ ਕਾਫ਼ਲੇ ’ਚ ਸ਼ਾਮਲ ਗੱਡੀਆਂ ਤੇ ਇੱਕ ਟੈਂਪੂ ਟਰੈਵਲਰ ਦਾ ਕਾਫ਼ੀ ਨੁਕਸਾਨ ਹੋਇਆ ਹੈ, ਪਰ ਸੁੱਖਦ ਰਹੀ ਕਿ ਟੈਂਪੂ ਟਰੈਵਲਰ ਦੇ ਚਾਲਕ ਦੀ ਸੂਝ-ਬੂਝ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਾਦਸੇ ਸਮੇਂ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਆਪਣੇ ਸਾਥੀਆਂ ਸਮੇਤ ਬਰਨਾਲਾ ਤੋਂ ਬਠਿੰਡਾ ਵੱਲ ਜਾ ਰਹੇ ਸਨ। ਜਾਣਕਾਰੀ ਅਨੁਸਾਰ, ਹਾਈਵੇ ਦੇ ਡਿਵਾਈਡਰ ਦੀ ਸਫ਼ਾਈ ਲਈ ਇਕ ਟਰੈਕਟਰ-ਟਰਾਲੀ ਬਿਨਾਂ ਕਿਸੇ ਸੁਰੱਖਿਆ ਨਿਸ਼ਾਨ ਦੇ ਸੜਕ ਕਿਨਾਰੇ ਖੜ੍ਹੀ ਕੀਤੀ ਗਈ ਸੀ। ਜਦੋਂ ਕਾਫ਼ਲਾ ਖੁੱਡੀ ਖੁਰਦ ਨੇੜੇ ਪਹੁੰਚਿਆ ਤਾਂ ਅਚਾਨਕ ਵਾਹਨਾਂ ਦੇ ਆਹਮੋ-ਸਾਹਮਣੇ ਆਉਣ ਨਾਲ ਹਾਦਸਾ ਵਾਪਰ ਗਿਆ। ਪ੍ਰਤੱਖਦਰਸ਼ੀਆਂ ਅਨੁਸਾਰ, ਇਸ ਦੌਰਾਨ ਇਕ ਬੱਸ ਵੱਲੋਂ ਅਚਾਨਕ ਕੱਟ ਮਾਰੇ ਜਾਣ ਕਾਰਨ ਵੀ ਵਾਹਨ ਆਪਸ ’ਚ ਟਕਰਾ ਗਏ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਮੀਡੀਆ ਕਰਮੀ ਮੌਕੇ ’ਤੇ ਪਹੁੰਚੇ। ਕਾਫ਼ਲੇ ’ਚ ਸ਼ਾਮਲ ਇੱਕ ਗੱਡੀ ’ਚ ਸਵਾਰ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਬਿਲਕੁਲ ਠੀਕ-ਠਾਕ ਅਤੇ ਸੁਰੱਖਿਅਤ ਹਨ, ਜਿਸ ਤੋਂ ਬਾਅਦ ਉਨ੍ਹਾਂ ਦਾ ਕਾਫ਼ਲਾ ਬਠਿੰਡਾ ਲਈ ਰਵਾਨਾ ਹੋ ਗਿਆ।