ਮਾਂ-ਧੀ ਪੈਟਰੋਲ ਦੀ ਬੋਤਲ ਲੈ ਕੇ ਪਾਣੀ ਦੀ ਟੈਂਕੀ ’ਤੇ ਚੜ੍ਹੀਆਂ
ਗੁਰਸਿੱਖ ਅੰਮ੍ਰਿਤਧਾਰੀ ਮਾਂ-ਧੀ ਪੈਟਰੋਲ ਦੀ ਬੋਤਲ ਲੈਕੇ ਪਾਣੀ ਦੀ ਟੈਂਕੀ ’ਤੇ ਚੜੇ
Publish Date: Sat, 04 Apr 2026 04:24 PM (IST)
Updated Date: Sun, 05 Apr 2026 04:01 AM (IST)

ਪਤੀ ਤੋਂ ਦੁਖੀ ਮਾਂ-ਧੀ ਨੇ ਖੁਦਕੁਸ਼ੀ ਕਰਨ ਦੀ ਦਿੱਤੀ ਚਿਤਾਵਨੀ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹੇ ਦੇ ਪਿੰਡ ਰੂੜੇਕੇ ਕਲਾਂ ਵਿਖੇ ਸ਼ੁਕਰਵਾਰ ਸ਼ਾਮ ਨੂੰ ਵਰਦੇ ਮੀਂਹ ’ਚ ਪਾਣੀ ਦੀ ਟੈਂਕੀ ’ਤੇ ਮਾਂ-ਧੀ ਪੈਟਰੋਲ ਦੀ ਬੋਤਲ ਲੈ ਕੇ ਚੜ੍ਹ ਗਈਆਂ। ਪਾਣੀ ਦੀ ਟੈਂਕੀ ’ਤੇ ਪੈਟਰੋਲ ਦੀ ਬੋਤਲ ਲੈ ਕੇ ਚੜ੍ਹੀ ਗੁਰਜੀਤ ਕੌਰ ਪਤਨੀ ਨਰਾਇਣ ਸਿੰਘ ਨੇ ਕਿਹਾ ਕਿ ਅੱਜ ਆਪਣੇ ਪਤੀ ਦੇ ਅੱਤਿਆਚਾਰਾਂ ਤੋਂ ਤੰਗ ਹੋਕੇ ਆਪਣੀ 18 ਸਾਲ ਦੀ ਧੀ ਮਨਵੀਰ ਕੌਰ ਨਾਲ ਪੈਟਰੋਲ ਦੀ ਬੋਤਲ ਲੈ ਕੇ ਪਾਣੀ ਦੀ ਟੈਂਕੀ ’ਤੇ ਚੜ੍ਹਨ ਲਈ ਮਜ਼ਬੂਰ ਹੋ ਗਈ ਹਾਂ। ਉਨ੍ਹੇ ਦੱਸਿਆ ਕਿ ਉਸ ਦਾ 21 ਸਾਲ ਪਹਿਲਾਂ ਨਰਾਇਣ ਸਿੰਘ ਨਾਲ ਧਾਰਮਿਕ ਰੀਤੀ ਰਿਵਾਜ਼ਾਂ ਅਨੁਸਾਰ ਵਿਆਹ ਹੋਇਆ ਸੀ। ਨਰਾਇਣ ਸਿੰਘ ਦੇ ਪਹਿਲਾਂ ਹੀ ਦੋ ਵਿਆਹ ਹੋ ਚੁੱਕੇ ਸਨ ਪਰ ਦੋਵੇਂ ਵਿਆਹਾਂ ’ਚੋਂ ਔਲਾਦ ਨਾ ਹੋਣ ਦੇ ਚਲਦਿਆਂ ਉਸ ਨੇ ਉਸਦੇ ਨਾਲ ਵਿਆਹ ਕਰਵਾਇਆ ਸੀ। ਵਿਆਹ ਕਰਵਾਉਣ ਤੋਂ ਬਾਅਦ ਉਸ ਦੇ 2 ਬੱਚੇ ਇੱਕ 9 ਸਾਲ ਦਾ ਬੇਟਾ ਤੇ ਇਕ 18 ਸਾਲ ਦੀ ਬੇਟੀ ਹੈ। ਪਰ ਪਿਛਲੇ ਕਈ ਸਾਲਾਂ ਤੋਂ ਉਹਦੇ ਪਤੀ ਦੇ ਰਿਸ਼ਤੇਦਾਰ ਤੇ ਪਰਿਵਾਰਿਕ ਮੈਂਬਰ ਨਰਾਇਣ ਸਿੰਘ ਦੀ ਪ੍ਰੋਪਟੀ ਤੇ 28 ਏਕੜ ਜ਼ਮੀਨ ਕਬਜ਼ਾ ਕਰਨ ਦੀ ਨੀਅਤ ਨਾਲ ਉਸ ਨੂੰ ਉਕਸਾ ਰਹੇ ਹਨ। ਉਨ੍ਹਾਂ ਕਿਹਾ ਕਿ ਉਸ ਵੱਲੋਂ ਅਦਾਲਤ ’ਚ ਉਸਦੇ ਪਤੀ ਨਰਾਇਣ ਸਿੰਘ ਦੀ ਸਾਰੀ ਪ੍ਰੋਪਟੀ ’ਤੇ ਸਟੇਅ ਵੀ ਕਰਵਾਈ ਹੋਈ। ਇਸ ਲਈ ਉਸਦੇ ਤੇ ਉਸਦੇ ਦੋਵੇਂ ਬੱਚਿਆਂ ਨਾਲ ਧੱਕੇਸ਼ਾਹੀ ਕਰ ਰਹੇ ਹਨ। ਪਹਿਲਾਂ ਉਸ ਦੀ ਕੁੱਟਮਾਰ ਕੀਤੀ ਗਈ ਉਸ ਤੋਂ ਬਾਅਦ ਉਸ ਨੂੰ ਘਰ ਵਿੱਚੋਂ ਵੀ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ। ਪਰ ਅੱਜ ਤੱਕ ਉਸ ਨੂੰ ਕੋਈ ਵੀ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਪੁਲਿਸ ਪ੍ਰਸ਼ਾਸਨ ’ਤੇ ਦੋਸ਼ ਲਾਉਂਦੇ ਕਿਹਾ ਕਿ ਉਹ ਜਦੋਂ ਵੀ ਪੁਲਿਸ ਕੋਲ ਜਾਂਦੇ ਹਨ ਤਾਂ ਉਥੋਂ ਸਾਨੂੰ ਬੇਇਜ਼ਤੀ ਤੋਂ ਇਲਾਵਾ ਕੋਈ ਵੀ ਇਨਸਾਫ ਨਹੀਂ ਮਿਲਿਆ। ਉਨ੍ਹਾਂ ਆਪਣੇ ਪਤੀ ’ਤੇ ਵੀ ਗੰਭੀਰ ਦੋਸ਼ ਲਾਉਂਦੇ ਕਿਹਾ ਕਿ ਉਸ ਦਾ ਪਤੀ ਪੈਸੇ ਦੇ ਜ਼ੋਰ ’ਤੇ ਉਨ੍ਹਾਂ ਨੂੰ ਧਮਕਾ ਰਿਹਾ ਹੈ ਤੇ ਨਸ਼ੇ ਦਾ ਝੂਠਾ ਮੁਕੱਦਮਾ ਦਰਜ ਕਰਵਾਉਣ ਦੀ ਧਮਕੀ ਵੀ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਗੁਰਸਿੱਖ ਅੰਮ੍ਰਿਤਧਾਰੀ ਮਾਵਾਂ ਧੀਆਂ ਹਨ ਆਪਣੇ ਬੱਚਿਆਂ ਦੀ ਪਰਵਰਿਸ਼ ਲਈ ਉਹ ਆਪਣੇ ਮਾਤਾ-ਪਿਤਾ ਅਤੇ ਖੁਦ ਆਪ ਦਿਹਾੜੀ ਮਜ਼ਦੂਰੀ ਕਰ ਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਿਹਾ ਪਰ ਉਸਦਾ ਪਤੀ ਨਰਾਇਣ ਸਿੰਘ ਤੇ ਉਹਦੇ ਰਿਸ਼ਤੇਦਾਰ ਉਨ੍ਹਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਹਨ। ਪੁਲਿਸ ਵੀ ਉਨ੍ਹਾਂ ਨੂੰ ਇਨਸਾਫ ਨਹੀਂ ਦੇ ਰਹੀ। ਜਿਸ ਲਈ ਅੱਕ ਥੱਕ ਕੇ ਅੱਜ ਉਨ੍ਹਾਂ ਨੇ ਪੈਟਰੋਲ ਦੀ ਬੋਤਲ ਲੈ ਕੇ ਪਾਣੀ ਦੀ ਟੈਂਕੀ ’ਤੇ ਚੜ੍ਹਨ ਲਈ ਮਜ਼ਬੂਰ ਹੋ ਗਏ। ਉਨ੍ਹਾਂ ਚਿਤਾਵਨੀ ਦਿੰਦੇ ਕਿਹਾ ਕਿ ਜੇਕਰ ਸਾਨੂੰ ਇਨਸਾਫ਼ ਨਹੀਂ ਮਿਲਦਾ ਤਾਂ ਉਹ ਆਪਣੇ ਆਪ ਨੂੰ ਖੁਦਕੁਸ਼ੀ ਕਰ ਲੈਣਗੇ, ਜਿਸਦਾ ਜਿੰਮੇਦਾਰ ਉਸਦਾ ਪਤੀ ਤੇ ਉਹਦੇ ਰਿਸ਼ਤੇਦਾਰ ਹੋਣਗੇ। ਉਨ੍ਹਾਂ ਮਹਿਲਾ ਵਿੰਗ ਕੋਲ ਮੰਗ ਕਰਦੇ ਹੋਏ ਕਿਹਾ ਕਿ ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਕੋਈ ਵੀ ਇਨਸਾਫ ਦੀ ਝਾਕ ਨਹੀਂ, ਮਹਿਲਾ ਵਿੰਗ ਤੇ ਪੰਜਾਬ ਸਰਕਾਰ ਉਨ੍ਹਾਂ ਨੂੰ ਇਨਸਾਫ਼ ਦਵਾਵੇ। :ਬਾਕਸ ਨਿਊਜ: ਤਰਨਾ ਦਲ ਦੇ ਬਾਬਾ ਬੱਲਮ ਸਿੰਘ ਆਪਣੇ ਜਥੇ ਸਣੇ ਮੌਕੇ ’ਤੇ ਪੁੱਜੇ ਇਸ ਮਾਮਲੇ ਨੂੰ ਲੈ ਕੇ ਜਿੱਥੇ ਪਰਿਵਾਰਿਕ ਮੈਂਬਰਾਂ ਤੇ ਪਿੰਡ ਵਾਸੀਆਂ ਦਾ ਵੱਡਾ ਇਕੱਠ ਹੋ ਗਿਆ ਉੱਥੇ ਪਾਣੀ ਦੀ ਟੈਂਕੀ ’ਤੇ ਚੜ੍ਹੀ ਗੁਰਜੀਤ ਕੌਰ ਵੱਲੋਂ ਇਨਸਾਫ ਲਈ ਜ਼ਿਲ੍ਹਾ ਬਠਿੰਡਾ ਦੇ ਮੁੱਖ ਜਥੇਦਾਰ ਦਸ਼ਮੇਸ਼ ਤਰਨਾ ਦਲ ਦੇ ਬਾਬਾ ਬੱਲਮ ਸਿੰਘ ਤਲਵੰਡੀ ਨੂੰ ਵੀ ਇਸ ਦੀ ਸੂਚਨਾ ਦਿੱਤੀ ਗਈ। ਜਿੱਥੇ ਉਹ ਵੀ ਆਪਣੇ ਜੱਥੇ ਸਮੇਤ ਮੌਕੇ ’ਤੇ ਪਹੁੰਚ ਗਏ। ਇਸ ਮਾਮਲੇ ਨੂੰ ਲੈ ਕੇ ਜ਼ਿਲ੍ਹਾ ਬਠਿੰਡਾ ਦੇ ਦਸਮੇਸ਼ ਤਰਨਾ ਦਲ ਦੇ ਮੁੱਖ ਜਥੇਦਾਰ ਬਾਬਾ ਬੱਲਮ ਸਿੰਘ ਨੇ ਕਿਹਾ ਕਿ ਗੁਰਸਿੱਖ ਪਰਿਵਾਰ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੇ ਜਾਵੇਗੀ। ਉਨਾਂ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਉੱਥੇ ਉਨ੍ਹਾਂ ਕਿਹਾ ਕਿ ਗੁਰਸਿੱਖ ਮਾਵਾਂ-ਧੀਆਂ ਨੂੰ ਬਣਦਾ ਇਨਸਾਫ ਦਵਾਇਆ ਜਾਵੇਗਾ, ਕਿਸੇ ਤਰ੍ਹਾਂ ਦਾ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਇਸ ਪਰਿਵਾਰ ਨੂੰ ਇਨਸਾਫ ਦਵੇ। ਜੇਕਰ ਕਿਸੇ ਤਰ੍ਹਾਂ ਦਾ ਵੀ ਕੋਈ ਧੱਕਾ ਹੋਇਆ ਤਾਂ ਇਸ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ ਅਤੇ ਮਾਵਾਂ-ਧੀਆਂ ਨੂੰ ਇਨਸਾਫ ਹਰ ਹਾਲਤ ’ਚ ਦਵਾਇਆ ਜਾਵੇਗਾ। ਦੂਜੇ ਪਾਸੇ ਪੀੜਤ ਗੁਰਜੀਤ ਕੌਰ ਦੀ ਮਾਂ ਪਰਮਜੀਤ ਕੌਰ ਨੇ ਵੀ ਧੱਕੇਸ਼ਾਹੀ ਲਈ ਆਪਣੇ ਜਮਾਈ ਉਸਦੇ ਰਿਸ਼ਤੇਦਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਜਿੰਮੇਦਾਰ ਠਹਿਰਾਇਆ। :ਬਾਕਸ ਨਿਊਜ: ਬੱਚਿਆਂ ਨੂੰ ਮਿਲਣ ਨਹੀਂ ਦਿੰਦੀ ਪਤਨੀ, ਦੋਸ਼ਾਂ ਨੂੰ ਵੀ ਨਕਾਰਿਆ : ਨਰਾਇਣ ਸਿੰਘ ਇਸ ਮਾਮਲੇ ਨੂੰ ਲੈ ਕੇ ਜਦ ਪਾਣੀ ਦੀ ਟੈਂਕੀ ’ਤੇ ਚੜ੍ਹੀ ਗੁਰਜੀਤ ਕੌਰ ਦੇ ਪਤੀ ਨਰਾਇਣ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਉਸਦੇ ਪਹਿਲਾਂ 2 ਵਿਆਹ ਹੋ ਚੁੱਕੇ ਸਨ । ਪਰ ਦੋਵੇਂ ਵਿਆਹਾਂ ਤੋਂ ਬਾਅਦ ਉਸ ਦੇ ਕੋਈ ਔਲਾਦ ਨਹੀਂ ਸੀ ਜਿਸ ਤੋਂ ਬਾਅਦ ਉਸ ਨੇ ਗੁਰਜੀਤ ਕੌਰ ਨਾਲ ਵਿਆਹ ਕਰਵਾਇਆ ਸੀ। ਉਹਦੇ 2 ਬੱਚੇ ਹਨ ਉਨ੍ਹਾਂ ਕਿਹਾ ਕਿ ਉਸ ਦੀ ਪਤਨੀ ਗੁਰਜੀਤ ਕੌਰ ਬੱਚਿਆਂ ਨੂੰ ਮਿਲਣ ਨਹੀਂ ਦਿੰਦੀ। ਉਨ੍ਹਾਂ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ। :ਬਾਕਸ ਨਿਊਜ: ਪਤੀ-ਪਤਨੀ ਦਾ ਆਪਸ ’ਚ ਘਰੇਲੂ ਝਗੜਾ ਹੈ : ਐੱਸਐੱਚਓ ਇਸ ਮਾਮਲੇ ਸੰਬੰਧੀ ਪੁਲਿਸ ਥਾਣਾ ਰੂੜੇਕੇ ਕਲਾਂ ਦੇ ਐੱਸਐੱਚਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਪਤੀ-ਪਤਨੀ ਦਾ ਆਪਸ ’ਚ ਘਰੇਲੂ ਝਗੜਾ ਹੈ। ਪੁਲਿਸ ਵੱਲੋਂ ਦੋਵੇਂ ਧਿਰਾਂ ਨੂੰ ਪੁਲਿਸ ਥਾਣਾ ਬੁਲਾਇਆ ਗਿਆ ਸੀ ਪਰ ਮਾਵਾਂ ਧੀਆਂ ਪਾਣੀ ਦੀ ਟੈਂਕੀ ’ਤੇ ਚੜ੍ਹ ਗਈਆਂ ਹਨ। ਦੋਵੇਂ ਧਿਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ।