- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਸਬੀਆਈ ਦੇ ਦੋ ਏਟੀਐੱਮ ਤੋੜ ਕੇ ਲੁੱਟੇ ਸਾਢੇ ਪੰਜ ਲੱਖ

ਨਕਾਬਪੋਸ਼ ਲੁਟੇਰਿਆਂ ਨੇ 10 ਤੋਂ 15 ਮਿੰਟਾਂ 'ਚ ਦਿੱਤਾ ਵਾਰਦਾਤ ਨੂੰ ਅੰਜਾਮ
ਸੀਸੀਟੀਵੀ ਕੈਮਰਿਆਂ ’ਤੇ ਕੀਤਾ ਸਪਰੇਅ
ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ,
ਭਵਾਨੀਗੜ੍ਹ : ਦੀਵਾਲੀ ਵਾਲੇ ਦਿਨ ਸਵੇਰ ਹੋਣ ਤੋਂ ਪਹਿਲਾਂ ਹੀ ਅਣਪਛਾਤੇ ਲੁਟੇਰਿਆਂ ਨੇ ਭਵਾਨੀਗੜ੍ਹ ਵਿਖੇ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਰਾਮਪੁਰਾ ਰੋਡ ਨੇੜੇ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਦੇ ਬਾਹਰ ਲੱਗੇ ਦੋ ਏਟੀਐੱਮ ਤੋੜ ਕੇ ਕਰੀਬ ਸਾਢੇ ਪੰਜ ਲੱਖ ਰੁਪਏ ਦੀ ਨਕਦੀ ਲੁੱਟ ਲਈ। ਮੁੱਢਲੀ ਜਾਣਕਾਰੀ ਅਨੁਸਾਰ ਤਿੰਨ ਤੋਂ ਚਾਰ ਨਕਾਬਪੋਸ਼ ਲੁਟੇਰੇ ਕਾਲੇ ਰੰਗ ਦੀ ਕਾਰ ਵਿੱਚ ਸਵਾਰ ਹੋ ਕੇ ਆਏ ਸਨ, ਜੋ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।
ਇਸ ਸਬੰਧੀ ਥਾਣਾ ਭਵਾਨੀਗੜ੍ਹ ਦੇ ਐੱਸਐੱਚਓ ਇੰਸਪੈਕਟਰ ਗੁਰਪ੍ਰੀਤ ਸਿੰਘ ਸਮਰਾਓ ਨੇ ਦੱਸਿਆ ਕਿ ਵਾਰਦਾਤ ਐਤਵਾਰ ਤੜਕਸਾਰ ਕਰੀਬ ਸਾਢੇ 3 ਤੋਂ 4 ਵਜੇ ਦਰਮਿਆਨ ਵਾਪਰੀ। ਲੁਟੇਰਿਆਂ ਨੇ ਸਭ ਤੋਂ ਪਹਿਲਾਂ ਏਟੀਐੱਮ ਕਮਰੇ ਦੇ ਬਾਹਰ ਲੱਗੇ ਸ਼ਟਰ ਦੇ ਜਿੰਦਰੇ ਤੋੜੇ ਅਤੇ ਅੰਦਰ ਦਾਖ਼ਲ ਹੋ ਕੇ ਦੋਵੇਂ ਮਸ਼ੀਨਾਂ ਦੀ ਭੰਨ-ਤੋੜ ਕੀਤੀ। ਇਸ ਦੌਰਾਨ ਇੱਕ ਮਸ਼ੀਨ ਵਿੱਚੋਂ ਕਰੀਬ 45 ਹਜ਼ਾਰ ਰੁਪਏ ਅਤੇ ਦੂਜੀ ਮਸ਼ੀਨ ਵਿੱਚੋਂ ਲੱਗਭੱਗ ਪੰਜ ਲੱਖ ਰੁਪਏ ਕੱਢ ਕੇ ਲੁਟੇਰੇ ਫ਼ਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਲੁਟੇਰਿਆਂ ਨੇ ਆਪਣੀ ਪਛਾਣ ਲੁਕਾਉਣ ਲਈ ਏਟੀਐੱਮ ਕਮਰੇ ਵਿੱਚ ਦਾਖ਼ਲ ਹੁੰਦਿਆਂ ਹੀ ਸੀਸੀਟੀਵੀ ਕੈਮਰਿਆਂ ’ਤੇ ਸਪਰੇਅ ਕਰ ਦਿੱਤੀ ਸੀ।
ਐੱਸਐੱਚਓ ਨੇ ਦੱਸਿਆ ਕਿ ਪੁਲਿਸ ਵੱਲੋਂ ਬੈਂਕ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਲੱਗੇ ਹੋਰ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਮੁੱਢਲੀ ਜਾਂਚ ਦੌਰਾਨ ਲੁਟੇਰੇ ਇੱਕ ਕਾਲੇ ਰੰਗ ਦੀ ਕਾਰ ਵਿੱਚ ਫ਼ਰਾਰ ਹੁੰਦੇ ਦਿਖਾਈ ਦਿੱਤੇ ਹਨ। ਲੁਟੇਰਿਆਂ ਦੀ ਪਛਾਣ ਅਤੇ ਉਨ੍ਹਾਂ ਤੱਕ ਪਹੁੰਚਣ ਲਈ ਫੋਰੈਂਸਿਕ ਮਾਹਿਰਾਂ ਦੀ ਮਦਦ ਵੀ ਲਈ ਜਾ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਲੁਟੇਰਿਆਂ ਨੇ ਮਹਿਜ਼ 10 ਤੋਂ 15 ਮਿੰਟਾਂ ਵਿੱਚ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ।
ਉਧਰ, ਬੈਂਕ ਦੇ ਬ੍ਰਾਂਚ ਮੈਨੇਜਰ ਅੰਮ੍ਰਿਤ ਪਾਲ ਗੋਇਲ ਨੇ ਦੱਸਿਆ ਕਿ ਮੁੱਢਲੇ ਅਨੁਮਾਨ ਅਨੁਸਾਰ ਦੋਵੇਂ ਏਟੀਐੱਮ ਮਸ਼ੀਨਾਂ ਵਿੱਚ ਕਰੀਬ ਸਾਢੇ ਪੰਜ ਲੱਖ ਰੁਪਏ ਦੀ ਨਕਦੀ ਮੌਜੂਦ ਸੀ। ਹਾਲਾਂਕਿ ਲੁੱਟੀ ਗਈ ਅਸਲ ਰਕਮ ਦੀ ਪੁਸ਼ਟੀ ਬੈਂਕ ਦੀ ਤਕਨੀਕੀ ਟੀਮ ਵੱਲੋਂ ਜਾਂਚ ਮੁਕੰਮਲ ਹੋਣ ਤੋਂ ਬਾਅਦ ਹੀ ਹੋ ਸਕੇਗੀ।