ਧੁੰਦੀਵਾਲ ਤੇ ਭੈਣੀ ਮਹਿਰਾਜ ਸੜਕਾਂ ਦੇ ਕੰਮ ਅੱਧ ਵਿਚਕਾਰ ਲਟਕੇ ਧੁੰਦੀਵਾਲ ਤੇ ਭੈਣੀ ਮਹਿਰਾਜ ਸੜਕਾਂ ਦੇ ਕੰਮ ਅੱਧ ਵਿਚਕਾਰ ਲਟਕੇ
Publish Date: Tue, 25 Aug 2026 04:32 PM (IST)
Updated Date: Wed, 26 Aug 2026 04:01 AM (IST)
ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਸ਼ੇਰਪੁਰ : ਪਿੰਡ ਧੁੰਦੀਵਾਲ ਤੋਂ ਕਿਲ੍ਹਾ ਹਕੀਮਾ ਦੀ ਨਹਿਰ ਅਤੇ ਬਾਲੀਆਂ ਨਹਿਰ ਤੋਂ ਭੈਣੀ ਮਹਿਰਾਜ ਨੂੰ ਜਾਣ ਵਾਲੀਆਂ ਸੜਕਾਂ ਦਾ ਕੰਮ ਅਧੂਰਾ ਪਿਆ ਹੋਣ ਕਾਰਨ ਇਲਾਕਾ ਵਾਸੀਆਂ ਅਤੇ ਰੋਜ਼ਾਨਾ ਇਨ੍ਹਾਂ ਰਸਤਿਆਂ ਤੋਂ ਲੰਘਣ ਵਾਲੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕਾਂ ਦੀ ਮੌਜੂਦਾ ਹਾਲਤ ਕਾਰਨ ਹਾਦਸਿਆਂ ਦਾ ਖ਼ਤਰਾ ਵੀ ਬਣਿਆ ਹੋਇਆ ਹੈ। ਨੌਜਵਾਨ ਆਗੂ ਗੁਰਦੀਪ ਸਿੰਘ ਧੁੰਦੀਵਾਲ, ਮੇਜਰ ਸਿੰਘ, ਜਰਨੈਲ ਸਿੰਘ ਅਤੇ ਸਾਬਕਾ ਚੇਅਰਮੈਨ ਚਮਕੌਰ ਸਿੰਘ ਕੁੰਬੜਵਾਲ ਨੇ ਦੱਸਿਆ ਕਿ ਧੁੰਦੀਵਾਲ ਤੋਂ ਕਿਲ੍ਹਾ ਹਕੀਮਾ ਨੂੰ ਜਾਣ ਵਾਲੀ ਸੜਕ ’ਤੇ ਰੋੜੇ ਪਾਏ ਨੂੰ ਕਾਫ਼ੀ ਸਮਾਂ ਬੀਤ ਚੁੱਕਾ ਹੈ, ਪਰ ਇਸ ਤੋਂ ਬਾਅਦ ਸੜਕ ਨੂੰ ਮਜ਼ਬੂਤ ਕਰਕੇ ਮੁਕੰਮਲ ਕਰਨ ਦਾ ਕੰਮ ਅੱਗੇ ਨਹੀਂ ਵਧਿਆ। ਉਨ੍ਹਾਂ ਕਿਹਾ ਕਿ ਸੜਕ ’ਤੇ ਪਏ ਰੋੜੇ ਵੀ ਕਈ ਥਾਵਾਂ ਤੋਂ ਉਖੜ ਚੁੱਕੇ ਹਨ, ਜਿਸ ਕਾਰਨ ਦੋ ਪਹੀਆ ਵਾਹਨਾਂ ਸਮੇਤ ਹੋਰ ਵਾਹਨਾਂ ਨੂੰ ਲੰਘਣ ਵਿੱਚ ਦਿੱਕਤ ਆ ਰਹੀ ਹੈ। ਉਨ੍ਹਾਂ ਅਨੁਸਾਰ ਨਹਿਰ ਦੇ ਨੇੜੇ ਸੜਕ ਨੂੰ ਕਾਫ਼ੀ ਡੂੰਘਾ ਪੁੱਟ ਕੇ ਛੱਡ ਦਿੱਤਾ ਗਿਆ ਹੈ। ਇਸ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਅਤੇ ਵੱਡੇ ਵਾਹਨਾਂ ਨੂੰ ਵੀ ਕਈ ਵਾਰ ਰਸਤਾ ਬਦਲ ਕੇ ਲੰਘਣਾ ਪੈਂਦਾ ਹੈ। ਸੜਕ ਦੇ ਕਿਨਾਰਿਆਂ ’ਤੇ ਰਹਿੰਦੇ ਲੋਕਾਂ ਲਈ ਵੀ ਇਹ ਸਥਿਤੀ ਪ੍ਰੇਸ਼ਾਨੀ ਦਾ ਕਾਰਨ ਬਣੀ ਹੋਈ ਹੈ। ਇਸੇ ਤਰ੍ਹਾਂ ਬਾਲੀਆਂ ਨਹਿਰ ਤੋਂ ਭੈਣੀ ਮਹਿਰਾਜ ਨੂੰ ਜਾਣ ਵਾਲੀ ਸੜਕ ਵੀ ਕਈ ਥਾਵਾਂ ਤੋਂ ਪੁੱਟੀ ਹੋਈ ਦੱਸੀ ਜਾ ਰਹੀ ਹੈ। ਇਲਾਕਾ ਵਾਸੀਆਂ ਮੁਤਾਬਕ ਇਸ ਰਸਤੇ ਤੋਂ ਰੋਜ਼ਾਨਾ ਬੱਸਾਂ, ਨਿੱਜੀ ਵਾਹਨ, ਖੇਤੀਬਾੜੀ ਨਾਲ ਸਬੰਧਤ ਵਾਹਨ ਅਤੇ ਹੋਰ ਆਵਾਜਾਈ ਲੰਘਦੀ ਹੈ। ਸੜਕ ਦੀ ਮੁਰੰਮਤ ਦਾ ਕੰਮ ਅਧੂਰਾ ਰਹਿਣ ਕਾਰਨ ਲੋਕਾਂ ਨੂੰ ਸਮੇਂ ਅਤੇ ਆਰਥਿਕ ਨੁਕਸਾਨ ਦੇ ਨਾਲ-ਨਾਲ ਸੁਰੱਖਿਆ ਸਬੰਧੀ ਚਿੰਤਾਵਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕਾ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਸਬੰਧਤ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਦੋਵੇਂ ਸੜਕਾਂ ਦੀ ਮੌਜੂਦਾ ਸਥਿਤੀ ਦਾ ਤੁਰੰਤ ਜਾਇਜ਼ਾ ਲੈ ਕੇ ਅਧੂਰਾ ਕੰਮ ਬਿਨਾਂ ਹੋਰ ਦੇਰੀ ਤੋਂ ਮੁਕੰਮਲ ਕਰਵਾਇਆ ਜਾਵੇ।