- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਦਲਦੀ ਜੀਵਨਸ਼ੈਲੀ ਨਾਲ ਵਧਿਆ ਸ਼ੂਗਰ ਦੀ ਬਿਮਾਰੀ ਦਾ ਖ਼ਤਰਾ, ਲੋਕ ਰਹਿਣ ਸੁਚੇਤ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮਾਲੇਰਕੋਟਲਾ/ ਸ਼ੇਰਪੁਰ : ਦਿਵਸ ਮੌਕੇ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਸਰੀਰਕ ਸਰਗਰਮੀ, ਸੰਤੁਲਿਤ ਖੁਰਾਕ ਅਤੇ ਨਿਯਮਤ ਸਿਹਤ ਜਾਂਚ ਦੀ ਮਹੱਤਤਾ ਉਭਰ ਕੇ ਸਾਹਮਣੇ ਆਉਂਦੀ ਹੈ। ਬਦਲਦੀ ਜੀਵਨਸ਼ੈਲੀ ਅਤੇ ਖਾਣ-ਪੀਣ ਦੀਆਂ ਆਦਤਾਂ ਕਾਰਨ ਸ਼ੂਗਰ ਦਾ ਖ਼ਤਰਾ ਵਧ ਰਿਹਾ ਹੈ। ਇਸ ਲਈ ਸਾਨੂੰ ਅਜਿਹੀਆਂ ਆਦਤਾਂ ਨੂੰ ਅਪਣਾਉਣਾ ਚਾਹੀਦਾ ਹੈ, ਜਿਸ ਨਾਲ ਜਿਥੇ ਅਸੀਂ ਬਿਮਾਰੀਆਂ ਤੋਂ ਬਚਾਅ ਕਰ ਸਕਦੇ ਹਾਂ ਉਥੇ ਹੀ ਸਿਹਤਮੰਦ ਜੀਵਨ ਜੀਅ ਸਕਦੇ ਹਾਂ। ਇਸ ਬਾਰੇ ਵੱਖ-ਵੱਖ ਖੇਤਰਾਂ ਵਿਚ ਮੁਹਾਰਤ ਹਾਸਲ ਕਰਨ ਵਾਲੇ ਮਾਹਿਰਾਂ ਦੇ ਨਾਲ ਗੱਲਬਾਤ ਦੇ ਅੰਸ਼ ਇਸ ਪ੍ਰਕਾਰ ਹਨ।
ਰੋਜ਼ਾਨਾ ਕਸਰਤ ਕਰਨਾ ਹੈ ਜ਼ਰੂਰੀ:ਮਾਹਮਦਪੁਰ
ਲੈਕਚਰਾਰ ਅਤੇ ਕੋਚ ਕੁਲਵਿੰਦਰ ਸਿੰਘ ਮਾਹਮਦਪੁਰ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਲੋਕਾਂ ਦੀ ਜੀਵਨਸ਼ੈਲੀ ਕਾਫ਼ੀ ਬਦਲ ਚੁੱਕੀ ਹੈ। ਜ਼ਿਆਦਾਤਰ ਲੋਕ ਸਰੀਰਕ ਮਿਹਨਤ ਕਰਨ ਦੀ ਬਜਾਏ ਕਈ-ਕਈ ਘੰਟੇ ਬੈਠ ਕੇ ਕੰਮ ਕਰਦੇ ਹਨ, ਜਿਸ ਕਾਰਨ ਸਰੀਰਕ ਸਰਗਰਮੀ ਘੱਟ ਰਹੀ ਹੈ। ਸ਼ੂਗਰ ਵਰਗੀਆਂ ਬਿਮਾਰੀਆਂ ਤੋਂ ਬਚਾਅ ਲਈ ਰੋਜ਼ਾਨਾ ਕਸਰਤ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਆਪਣੀ ਉਮਰ ਅਤੇ ਸਰੀਰਕ ਸਮਰੱਥਾ ਅਨੁਸਾਰ ਕਸਰਤ, ਯੋਗਾ, ਸੈਰ ਜਾਂ ਜਿਮ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਉਨ੍ਹਾਂ ਅਨੁਸਾਰ ਸਰੀਰਕ ਤੰਦਰੁਸਤੀ ਸਿਰਫ਼ ਚੰਗੀ ਦਿੱਖ ਲਈ ਨਹੀਂ, ਸਗੋਂ ਬਿਹਤਰ ਸਿਹਤ ਲਈ ਵੀ ਲਾਜ਼ਮੀ ਹੈ।
ਸਮੇਂ-ਸਮੇਂ ਕਰਾਓ ਡਾਕਟਰੀ ਜਾਂਚ : ਸ਼ਰਮਾ
ਡਾ. ਅਸ਼ਵਨੀ ਕੁਮਾਰ ਸ਼ਰਮਾ ਨੇ ਕਿਹਾ ਕਿ ਸ਼ੂਗਰ ਇੱਕ ਅਜਿਹੀ ਬਿਮਾਰੀ ਹੈ ਜਿਸ ਨੂੰ ਸਹੀ ਜੀਵਨਸ਼ੈਲੀ, ਸਮੇਂ ਸਿਰ ਜਾਂਚ ਅਤੇ ਡਾਕਟਰੀ ਸਲਾਹ ਨਾਲ ਕਾਫ਼ੀ ਹੱਦ ਤੱਕ ਕਾਬੂ ਵਿੱਚ ਰੱਖਿਆ ਜਾ ਸਕਦਾ ਹੈ। ਕਈ ਵਾਰ ਸ਼ੁਰੂਆਤੀ ਦੌਰ ਵਿੱਚ ਇਸ ਬਿਮਾਰੀ ਦੇ ਲੱਛਣ ਸਪੱਸ਼ਟ ਨਹੀਂ ਹੁੰਦੇ, ਇਸ ਲਈ ਲੋਕਾਂ ਨੂੰ ਸਮੇਂ-ਸਮੇਂ ’ਤੇ ਬਲੱਡ ਸ਼ੂਗਰ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮਿੱਠੇ ਪਦਾਰਥਾਂ, ਤਲੀਆਂ ਹੋਈਆਂ ਚੀਜ਼ਾਂ ਅਤੇ ਥੇਲੋੜੀ ਕੈਲੋਰੀ ਵਾਲੇ ਭੋਜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਸੰਤੁਲਿਤ ਖੁਰਾਕ, ਪੂਰੀ ਨੀਂਦ ਅਤੇ ਨਿਯਮਤ ਸਰੀਰਕ ਸਰਗਰਮੀ ਸਿਹਤਮੰਦ ਜੀਵਨ ਦੇ ਅਹਿਮ ਅੰਗ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਜ਼ਰਅੰਦਾਜ਼ ਕਰਨ ਦੀ ਬਜਾਏ ਡਾਕਟਰੀ ਸਲਾਹ ਲੈਣ।
ਦੌੜਨਾ ਜ਼ਿੰਦਗੀ ਦਾ ਬਿਹਤਰੀਨ ਤਰੀਕਾ : ਈਸਾਪੁਰ
ਨੌਜਵਾਨ ਆਗੂ ਗੁਰਜੀਤ ਸਿੰਘ ਈਸਾਪੁਰ ਲੰਡਾ ਨੇ ਕਿਹਾ ਕਿ ਦੌੜਨਾ ਸਿਰਫ਼ ਖੇਡ ਨਹੀਂ, ਸਗੋਂ ਸਿਹਤਮੰਦ ਜੀਵਨ ਜਿਊਣ ਦਾ ਇੱਕ ਬਿਹਤਰੀਨ ਤਰੀਕਾ ਹੈ। ਮੈਰਾਥਨ ਅਤੇ ਦੌੜ ਦੀ ਤਿਆਰੀ ਦੌਰਾਨ ਵਿਅਕਤੀ ਵਿੱਚ ਅਨੁਸ਼ਾਸਨ, ਸਹਿਣਸ਼ੀਲਤਾ ਅਤੇ ਸਰੀਰਕ ਸਮਰੱਥਾ ਦਾ ਵਿਕਾਸ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਨੌਜਵਾਨਾਂ ਨੂੰ ਮੋਥਾਈਲ ਅਤੇ ਹੋਰ ਡਿਜੀਟਲ ਗਤੀਵਿਧੀਆਂ ’ਚ ਸਮਾਂ ਬਿਤਾਉਣ ਦੀ ਬਜਾਏ ਖੇਡਾਂ ਅਤੇ ਦੌੜ ਵੱਲ ਪ੍ਰੇਰਿਤ ਹੋਣਾ ਚਾਹੀਦਾ ਹੈ। ਸਵੇਰ ਦੀ ਸੈਰ ਅਤੇ ਆਪਣੀ ਸਮਰੱਥਾ ਅਨੁਸਾਰ ਦੌੜਨ ਦੀ ਆਦਤ ਸਰੀਰ ਨੂੰ ਸਰਗਰਮ ਰੱਖਦੀ ਹੈ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਜਿੱਤਣ ਦੇ ਉਦੇਸ਼ ਨਾਲ ਨਹੀਂ, ਸਗੋਂ ਆਪਣੀ ਸਿਹਤ ਸੁਧਾਰਨ ਦੇ ਮਕਸਦ ਨਾਲ ਵੀ ਦੌੜ ਵਿੱਚ ਹਿੱਸਾ ਲੈਣਾ ਚਾਹੀਦਾ ਹੈ।