ਪੀਣ ਵਾਲੇ ਪਾਣੀ ਨੂੰ ਤਰਸੇ ਰਾਹੁਲ ਇਨਕਲੇਵ ਦੇ ਵਾਸੀ ਪੀਣ ਵਾਲੇ ਪਾਣੀ ਨੂੰ ਤਰਸੇ ਰਾਹੁਲ ਇਨਕਲੇਵ ਦੇ ਵਾਸੀ
Publish Date: Wed, 09 Sep 2026 07:24 PM (IST)
Updated Date: Thu, 10 Sep 2026 04:05 AM (IST)
-- ਕਾਲੋਨਾਈਜ਼ਰ ਤੇ ਪ੍ਰਸ਼ਾਸਨ ਖ਼ਿਲਾਫ਼ ਕੀਤੀ ਜੰਮ ਕੇ ਨਾਅਰੇਬਾਜ਼ੀ - ਮੁੱਲ ਦਾ ਪਾਣੀ ਪੀਣ ਤੇ 1800 ਰੁਪਏ ਦਾ ਟੈਂਕਰ ਮੰਗਵਾਉਣ ਲਈ ਮਜਬੂਰ ਹਨ ਲੋਕ - ਮੇਅਰ ਨੂੰ ਸੌਂਪਿਆ ਮੰਗ ਪੱਤਰ, 11 ਸਤੰਬਰ ਤੋਂ ਹਾਈਵੇਅ ਜਾਮ ਕਰਨ ਦੀ ਚੇਤਾਵਨੀ -ਹੁਣ ਸਾਡਾ ਕੋਈ ਲੈਣ-ਦੇਣ ਨਹੀਂ, ਕਾਲੋਨੀ ਨਗਰ ਕੌਂਸਲ ਅਧੀਨ ਹੋ ਗਈ ਸੀ : ਰਾਹੁਲ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਦੇ ਰਾਏਕੋਟ ਰੋਡ ਤੇ ਸਥਿਤ ਰਾਹੁਲ ਇਨਕਲੇਵ ਕਲੋਨੀ ਦੇ ਨਿਵਾਸੀਆਂ ਦਾ ਗੁੱਸਾ ਉਸ ਵੇਲੇ ਸੱਤਵੇਂ ਅਸਮਾਨ ਤੇ ਪਹੁੰਚ ਗਿਆ, ਜਦੋਂ ਪਿਛਲੇ ਤਿੰਨ ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਲੋਕਾਂ ਦੇ ਸਬਰ ਦਾ ਪਿਆਲਾ ਭਰ ਗਿਆ। ਪਾਣੀ ਦੀ ਭਾਰੀ ਕਿੱਲਤ ਤੋਂ ਅੱਕੇ ਕਲੋਨੀ ਵਾਸੀਆਂ ਨੇ ਕਲੋਨਾਈਜ਼ਰ, ਜ਼ਿਲ੍ਹਾ ਬਰਨਾਲਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਜੰਮ ਕੇ ਨਾਅਰੇਬਾਜ਼ੀ ਕੀਤੀ। ਪੀੜਤ ਲੋਕਾਂ ਨੇ ਨਗਰ ਨਿਗਮ ਬਰਨਾਲਾ ਦੇ ਮੇਅਰ ਹਸਨਪ੍ਰੀਤ ਭਾਰਦਵਾਜ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆ ਤੇ ਕਲੋਨਾਈਜ਼ਰ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਮੁਲਜ਼ਮਾਂ ਵਿਰੁੱਧ ਗੁਹਾਰ ਲਗਾਉਂਦਿਆਂ ਲੋਕਾਂ ਨੇ ਆਖਿਆ ਕਿ ਬਰਨਾਲਾ ਨੂੰ ਨਗਰ ਨਿਗਮ ਬਣਾਉਣ ਦਾ ਆਮ ਜਨਤਾ ਨੂੰ ਕੋਈ ਲਾਭ ਨਹੀਂ ਮਿਲਿਆ, ਕਿਉਂਕਿ ਉਨ੍ਹਾਂ ਨੂੰ ਰੋਜ਼ਾਨਾ ਦੀਆਂ ਮੁਢਲੀਆਂ ਸਹੂਲਤਾਂ ਲਈ ਵੀ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਹਨ। -ਮਹਿੰਗੇ ਭਾਅ ਪਲਾਟ ਵੇਚ ਕੇ ਗਾਇਬ ਹੋਇਆ ਕਾਲੋਨਾਈਜ਼ਰ ਭਰੇ ਮਨ ਨਾਲ ਕਲੋਨਾਈਜ਼ਰ ਦੀਆਂ ਮਨਮਾਨੀਆਂ ਦਾ ਪੋਲ ਖੋਲ੍ਹਦਿਆਂ ਸਥਾਨਕ ਲੋਕਾਂ ਨੇ ਦੋਸ਼ ਲਾਇਆ ਕਿ ਕਲੋਨਾਈਜ਼ਰਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਖੇਤੀਬਾੜੀ ਵਾਲੀ ਜ਼ਮੀਨ ਸਸਤੇ ਭਾਅ ਏਕੜਾਂ ਚ ਖਰੀਦੀ ਤੇ ਲੋਕਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਝੂਠੀਆਂ ਸਹੂਲਤਾਂ ਦੇ ਦਾਅਵੇ ਕਰਕੇ ਮਹਿੰਗੇ ਭਾਅ ਗਜ਼ਾਂ ਚ ਵੇਚ ਦਿੱਤੀ। ਪਲਾਟ ਵੇਚਣ ਤੇ ਮਕਾਨ ਬਣਨ ਤੋਂ ਬਾਅਦ ਹੁਣ ਕਲੋਨੀ ਮਾਲਕ ਪੈਸੇ ਵੱਟ ਕੇ ਚਲਾ ਗਿਆ ਹੈ ਤੇ ਰਿਹਾਇਸ਼ੀਆਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੈ। -ਪਾਣੀ ਖ਼ਰੀਦ ਕੇ ਜਿਊਣਾ ਹੋਇਆ ਔਖਾ ਕਲੋਨੀ ਦੇ ਪ੍ਰਧਾਨ ਜਸਪਾਲ ਸਿੰਘ, ਡਾ. ਸੰਦੀਪ ਸਿੰਘ, ਹਰਪ੍ਰੀਤ ਸਿੰਘ ਮਿਸਤਰੀ, ਪ੍ਰਦੀਪ ਕੁਮਾਰ, ਸੁਖਵਿੰਦਰ ਸਿੰਘ ਫ਼ੌਜੀ, ਮਹਿੰਦਰ ਸਿੰਘ, ਗੁਰਮੇਲ ਸਿੰਘ ਫ਼ੌਜੀ, ਸੂਬੇਦਾਰ ਸਰਬਜੀਤ ਸਿੰਘ, ਅਮਰੀਕ ਸਿੰਘ, ਵੀਰਪਾਲ ਕੌਰ, ਬਲਵਿੰਦਰ ਕੌਰ, ਚਰਨਜੀਤ ਕੌਰ ਅਤੇ ਕਿਰਨਜੀਤ ਕੌਰ ਆਦਿ ਨਿਵਾਸੀਆਂ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਦਿਨਾਂ ਤੋਂ ਪੀਣ ਵਾਲਾ ਪਾਣੀ ਮੁੱਲ ਲੈ ਕੇ ਵਰਤ ਰਹੇ ਹਨ। ਇਸ ਤੋਂ ਇਲਾਵਾ ਘਰੇਲੂ ਵਰਤੋਂ ਲਈ ਵੀ ਹਰ ਘਰ ਨੂੰ ਰੋਜ਼ਾਨਾ 1800 ਰੁਪਏ ਦਾ ਪਾਣੀ ਦਾ ਟੈਂਕਰ ਮੰਗਵਾਉਣਾ ਪੈ ਰਿਹਾ ਹੈ। ਅੰਤਾਂ ਦੀ ਮਹਿੰਗਾਈ ਦੇ ਦੌਰ ਚ ਰੋਜ਼ਾਨਾ 250 ਤੋਂ 1000 ਰੁਪਏ ਦਾ ਪਾਣੀ ਖਰੀਦ ਕੇ ਗੁਜ਼ਾਰਾ ਕਰਨਾ ਆਮ ਪਰਿਵਾਰਾਂ ਦੇ ਵੱਸ ਤੋਂ ਬਾਹਰ ਹੋ ਚੁੱਕਾ ਹੈ। -ਸੁਵਿਧਾਵਾਂ ਦਾ ਬੁਰਾ ਹਾਲ, ਲਾਵਾਰਸ ਹੋਈ ਕਲੋਨੀ ਲੋਕਾਂ ਨੇ ਦੱਸਿਆ ਕਿ ਕਲੋਨੀ ਚ ਸੁਵਿਧਾਵਾਂ ਦੇ ਨਾਂ ਤੇ ਕੁਝ ਵੀ ਨਹੀਂ ਹੈ। ਪਾਰਕਾਂ ਦੀ ਕੋਈ ਸਫ਼ਾਈ ਨਹੀਂ ਹੁੰਦੀ, ਜਿਸ ਕਾਰਨ ਇਹ ਜ਼ਹਿਰੀਲੇ ਜੀਵ-ਜੰਤੂਆਂ ਦਾ ਅੱਡਾ ਬਣ ਚੁੱਕੀਆਂ ਹਨ। ਬਿਜਲੀ ਦੇ ਮੀਟਰ ਬਕਸਿਆਂ ਚ ਮੀਟਰ ਗਾਇਬ ਹਨ ਤੇ ਕੋਈ ਦੇਖ-ਭਾਲ ਨਹੀਂ ਹੈ। ਕਾਲੋਨੀ ਚ ਨਾ ਕੋਈ ਚੌਂਕੀਦਾਰ ਹੈ, ਨਾ ਸੇਵਾਦਾਰ ਤੇ ਨਾ ਹੀ ਦਫ਼ਤਰ ਚ ਕੋਈ ਇੰਚਾਰਜ ਮੌਜੂਦ ਹੈ। ਪੂਰੀ ਕਾਲੋਨੀ ਲਾਵਾਰਸ ਹਾਲਤ ਚ ਛੱਡ ਦਿੱਤੀ ਗਈ ਹੈ। -ਮੇਅਰ ਦਾ ਭਰੋਸਾ ਤੇ 24 ਘੰਟਿਆਂ ਦਾ ਅਲਟੀਮੇਟਮ ਕਾਲੋਨੀ ਵਾਸੀਆਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਮੇਅਰ ਹਸਨਪ੍ਰੀਤ ਭਾਰਦਵਾਜ ਨੇ ਭਰੋਸਾ ਦਿਵਾਇਆ ਕਿ ਉਹ ਦਿਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਨਗਰ ਨਿਗਮ ਵੱਲੋਂ ਕਲੋਨੀ ਦੇ ਅੰਦਰ ਤੇ ਬਾਹਰ ਰੋਸ਼ਨੀ ਦਾ ਪ੍ਰਬੰਧ ਕਰਵਾਉਣਗੇ। ਇਸ ਦੇ ਨਾਲ ਹੀ ਉਨ੍ਹਾਂ ਅਧਿਕਾਰੀਆਂ ਨੂੰ ਕਲੋਨਾਈਜ਼ਰ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਦੂਜੇ ਪਾਸੇ, ਨਿਰਾਸ਼ ਕਲੋਨੀ ਵਾਸੀਆਂ ਨੇ ਪ੍ਰਸ਼ਾਸਨ ਤੇ ਮੇਅਰ ਨੂੰ 24 ਘੰਟਿਆਂ ਦਾ ਅਲਟੀਮੇਟਮ ਦਿੰਦਿਆਂ ਸਾਫ਼ ਕਹਿ ਦਿੱਤਾ ਹੈ ਕਿ ਜੇਕਰ ਕੱਲ੍ਹ ਤੱਕ ਉਨ੍ਹਾਂ ਦਾ ਮਸਲਾ ਹੱਲ ਨਾ ਹੋਇਆ, ਤਾਂ ਉਹ 11 ਸਤੰਬਰ ਤੋਂ ਬਰਨਾਲਾ-ਰਾਏਕੋਟ ਹਾਈਵੇਅ ਨੂੰ ਮੁਕੰਮਲ ਠੱਪ ਕਰਕੇ ਧਰਨਾ ਦੇਣਗੇ ਤੇ ਸੜਕ ਜਾਮ ਕਰਨਗੇ। -ਹੁਣ ਸਾਡਾ ਕੋਈ ਲੈਣ-ਦੇਣ ਨਹੀਂ, ਕਲੋਨੀ ਨਗਰ ਕੌਂਸਲ ਅਧੀਨ ਹੋ ਗਈ ਸੀ : ਰਾਹੁਲ ਰਾਹੁਲ ਇਨਕਲੇਵ ਕਲੋਨੀ ਦੇ ਮਾਲਕ ਰਾਹੁਲ ਨਾਲ ਜਦੋਂ ਇਸ ਸਬੰਧੀ ਸੰਪਰਕ ਕੀਤਾ ਗਿਆ, ਤਾਂ ਉਨ੍ਹਾਂ ਦੱਸਿਆ ਕਿ ਹੁਣ ਸਾਡਾ ਇਸ ਕਲੋਨੀ ਨਾਲ ਕੋਈ ਲੈਣ-ਦੇਣ ਨਹੀਂ ਹੈ। ਗੁਰਜੀਤ ਸਿੰਘ ਰਾਮਣਵਾਸੀਆ ਦੀ ਪ੍ਰਧਾਨਗੀ ਸਮੇਂ ਕਮੇਟੀ ਚ ਮਤਾ ਪਾਸ ਹੋਣ ਉਪਰੰਤ ਇਹ ਕਲੋਨੀ ਨਗਰ ਕੌਂਸਲ ਅਧੀਨ ਆ ਗਈ ਸੀ, ਜੋ ਹੁਣ ਨਗਰ ਨਿਗਮ ਬਰਨਾਲਾ ਦੇ ਅਧੀਨ ਹੈ। ਇਸ ਕਲੋਨੀ ਚ ਰਹਿਣ ਵਾਲੇ ਲੋਕਾਂ ਦੀਆਂ ਮੁਢਲੀਆਂ ਸਹੂਲਤਾਂ ਜਿਵੇਂ ਕਿ ਪੀਣ ਵਾਲਾ ਪਾਣੀ, ਸੀਵਰੇਜ, ਸਾਫ਼-ਸਫ਼ਾਈ ਤੇ ਰੋਸ਼ਨੀ ਦਾ ਪ੍ਰਬੰਧ ਹੁਣ ਮੇਅਰ ਹਸਨਪ੍ਰੀਤ ਭਾਰਦਵਾਜ ਦੀ ਅਗਵਾਈ ਹੇਠ ਨਗਰ ਨਿਗਮ ਬਰਨਾਲਾ ਵੱਲੋਂ ਹੀ ਕੀਤਾ ਜਾਵੇਗਾ।