‘ਆਪ’ ਸਰਕਾਰ ਤੇ ਭੜਕੇ ਰਾਸ਼ਨ ਡਿੱਪੂ ਹੋਲਡਰ " ਆਪ " ਸਰਕਾਰ ਤੇ ਭੜਕੇ ਰਾਸ਼ਨ ਡਿੱਪੂ ਹੋਲਡਰ
Publish Date: Mon, 28 Sep 2026 03:28 PM (IST)
Updated Date: Tue, 29 Sep 2026 04:00 AM (IST)
ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਸੂਬਾ ਸਰਕਾਰ ਵੱਲੋਂ ਰਾਸ਼ਨ ਡਿੱਪੂ ਹੋਲਡਰਾਂ ਦੀਆਂ ਮੰਗਾਂ ਪੂਰੀਆਂ ਨਾ ਕਰਨ ਦੇ ਰੋਸ ਵਜੋਂ ਪੰਜ ਅਕਤੂਬਰ ਨੂੰ ਫੂਡ ਸਪਲਾਈ ਵਿਭਾਗ ਦੇ ਚੰਡੀਗੜ੍ਹ ਸਥਿਤ ਦਫਤਰ ਸਾਹਮਣੇ ਧਰਨਾ ਦੇਣ ਦਾ ਐਲਾਨ ਕੀਤਾ ਹੈ। ਰਾਸ਼ਨ ਡਿੱਪੂ ਹੋਲਡਰ ਫੈਡਰੇਸ਼ਨ ਬਲਾਕ ਸੁਨਾਮ ਦੀ ਪਰਮਜੀਤ ਸਿੰਘ ਹਾਂਡਾ ਦੀ ਅਗਵਾਈ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਆਖਿਆ ਕਿ ਸਰਕਾਰ ਡਿੱਪੂ ਹੋਲਡਰਾਂ ਦੀਆਂ ਲੰਮੇ ਸਮੇਂ ਤੋਂ ਲਮਕ ਰਹੀਆਂ ਜਾਇਜ਼ ਮੰਗਾਂ ਨੂੰ ਲਾਰੇ ਲਾ ਕੇ ਡੰਗ ਸਾਰ ਰਹੀ ਹੈ, ਉਨ੍ਹਾਂ ਕਿਹਾ ਕਿ 28 ਜੁਲਾਈ ਨੂੰ ਡਿੱਪੂ ਹੋਲਡਰਾਂ ਦੀਆਂ ਮੰਗਾਂ ਤੇ ਪੰਜਾਬ ਸਰਕਾਰ ਦੇ ਫੂਡ ਸਪਲਾਈ ਮੰਤਰੀ ਵੱਲੋਂ ਕੀਤੀ ਗਈ ਮੀਟਿੰਗ ਵਿੱਚ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਕਰਵਾਉਣ ਵਿਭਾਗ ਵੱਲੋਂ ਕੋਈ ਪੱਤਰ ਜਾਰੀ ਨਹੀਂ ਕੀਤਾ ਗਿਆ ਜਿਸ ਕਾਰਨ ਡਿੱਪੂ ਹੋਲਡਰਾਂ ਵਿੱਚ ਸਰਕਾਰ ਖ਼ਿਲਾਫ਼ ਰੋਸ ਪਾਇਆ ਜਾ ਰਿਹਾ ਹੈ। ਜਥੇਬੰਦੀ ਦੇ ਪ੍ਰਧਾਨ ਪਰਮਜੀਤ ਸਿੰਘ ਹਾਂਡਾ ਨੇ ਦੱਸਿਆ ਕਿ ਖਪਤਕਾਰਾਂ ਨੂੰ ਰਾਸ਼ਨ ਦੇਣ ਮੌਕੇ ਨਿਕਲਦੀਆਂ 5 ਪਰਚੀਆਂ ਆਮ ਲੋਕਾਂ ਅਤੇ ਡਿੱਪੂ ਹੋਲਡਰਾਂ ਦੇ ਜੀਅ ਦਾ ਜੰਜਾਲ ਬਣਿਆ ਹੋਇਆ ਹੈ । ਉਨ੍ਹਾਂ ਦੱਸਿਆ ਕਿ ਪੰਜ ਪਰਚੀਆ ਦੀ ਬਜ਼ਾਏ ਇੱਕ ਹੀ ਪਰਚੀ ਦੇਣ ਦੀ ਸਰਕਾਰ ਨੂੰ ਤਾਕੀਦ ਕੀਤੀ ਗਈ ਸੀ ਲੇਕਿਨ ਹਾਲ ਦੀ ਘੜੀ ਮਾਮਲਾ ਜਿਉਂ ਦੀ ਤਿਉਂ ਬਰਕਰਾਰ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਡਿੱਪੂ ਹੋਲਡਰ ਪੰਜ ਅਕਤੂਬਰ ਨੂੰ ਚੰਡੀਗੜ੍ਹ ਵਿਖੇ ਸਰਕਾਰ ਖ਼ਿਲਾਫ਼ ਧਰਨਾ ਦੇਕੇ ਪ੍ਰਦਰਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਸਰਕਾਰ ਮਾਰਕਫੈੱਡ ਡਿੱਪੂਆਂ ਦੇ ਆਧਾਰ ਤੇ 68 ਹਜ਼ਾਰ ਮਹੀਨੇ ਮਾਣ ਭੱਤਾ, ਬਿਜਲੀ ਦਾ ਬਿੱਲ, ਦੁਕਾਨ ਦਾ ਕਿਰਾਇਆ ਦੇਣ ਨੂੰ ਯਕੀਨੀ ਬਣਾਵੇ। ਇਸ ਮੌਕੇ ਤਾਰਾ ਸਿੰਘ ਛਾਜਲੀ,ਗੁਰਦੀਪ ਸਿੰਘ ਖਡਿਆਲ,ਸੰਸਾਰ ਸਿੰਘ ਭਰੂਰ, ਸ਼ੱਤਰੂ ਗਨ ਪਟੇਲ ਸਿੰਘ ਜਖੇਪਲ,ਮੰਗਲ ਸਿੰਘ ਬਖਤੋਰ ਨਗਰ, ਰਾਮ ਅਵਤਾਰ, ਸਤੀਸ ਕੁਮਾਰ, ਨਰੇਸ ਕੁਮਾਰ ਬੋਰੀਆ, ਮੇਲਾ ਸਿੰਘ, ਸੁਖਵਿੰਦਰ ਸਿੰਘ ,ਨਾਜਰ ਸਿੰਘ , ਧਰਮਪਾਲ ਸਿੰਘ ,ਪ੍ਰੇਮ , ਗੁਰਚਰਨ ਸਿੰਘ ਖਡਿਆਲ,ਰੰਗੀ ਭਰੂਰ,ਭੋਲਾ ਸਿੰਘ ਮਾਡਲ ਟਾਊਨ, ਭੂਸ਼ਨ ,ਆਦਿ ਡਿੱਪੂ ਹੋਲਡਰ ਹਾਜ਼ਰ ਸਨ।