- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੰਦਗੀ ਦੇ ਢੇਰ ’ਚ ਤਬਦੀਲ ਹੋਇਆ ਰਣਬੀਰ ਕਲੱਬ ਦਾ ਗੇਟ

ਜਸਵੀਰ ਸਿੰਘ, ਪੰਜਾਬੀ ਜਾਗਰਣ,
ਸੰਗਰੂਰ : ਕਈ ਵੱਡੇ ਅਧਿਕਾਰੀਆਂ ਦੀ ਰਿਹਾਇਸ਼, ਸਬਜੀ ਮੰਡੀ, ਇੱਕ ਸਕੂਲ ਅਤੇ ਸੰਤ ਕਬੀਰ ਦਾਸ ਪਾਰਕ, ਕੂੜੇ ਦੇ ਢੇਰ ਤੇ ਮੂੰਹ ਮਾਰਦੇ ਲਾਵਾਰਿਸ ਪਸ਼ੂ। ਗੱਲ ਕਰ ਰਹੇ ਹਾਂ ਸ਼ਹਿਰ ਦੇ ਰਣਬੀਰ ਕਲੱਬ ਦੇ ਗੇਟ ਦੀ, ਜੋ ਸ਼ਹਿਰ ਦੀ ਪ੍ਰਮੁੱਖ ਥਾਂ ਹੈ ਅਤੇ ਸ਼ਹਿਰ ਦੇ ਬਿਲਕੁਲ ਵਿਚਕਾਰ ਹੈ। ਜਿੱਥੇ ਵੱਡੀ ਗਿਣਤੀ ਲੋਕਾਂ ਦਾ ਆਉਣਾ ਜਾਣਾ ਲੱਗਾ ਰਹਿੰਦਾ ਹੈ। ਪਿਛਲੇ ਕਈ ਦਿਨਾਂ ਤੋਂ ਰਣਬੀਰ ਕਲੱਬ ਦੇ ਗੇਟ ਨਾਲ ਕੂੜਾ ਨਾ ਚੁੱਕੇ ਜਾਣ ਕਾਰਨ ਇੱਥੇ ਕੂੜੇ ਦਾ ਵੱਡਾ ਢੇਰ ਲੱਗਾ ਹੋਇਆ ਹੈ। ਜਿਸ ਕਾਰਨ ਨਾ ਕੇਵਲ ਸਬਜੀ ਮੰਡੀ ਵਿੱਚ ਕੰਮ ਕਰਨ ਵਾਲਿਆਂ ਦਾ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ, ਬਲਕਿ ਰਾਹਗੀਰਾਂ ਦਾ ਲੰਘਣਾ ਵੀ ਔਖਾ ਹੈ ਅਤੇ ਕਿਸੇ ਸਮੇਂ ਵੀ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ।
ਜ਼ਿਕਰਯੋਗ ਹੈ ਕਿ ਰਿਆਸਤੀ ਸ਼ਹਿਰ ਦੇ ਰਣਬੀਰ ਕਲੱਬ ਗੇਟ ’ਤੇ ਪਿਛਲੇ ਕਈ ਦਿਨਾਂ ਤੋ ਕੂੜੇ ਦਾ ਢੇਰ ਲੱਗਾ ਹੋਇਆ ਹੈ, ਜਿਸ ਤੇ ਵੱਡੀ ਗਿਣਤੀ ਲਾਵਾਰਿਸ ਪਸ਼ੂ ਮੂੰਹ ਮਾਰਦੇ ਹਨ। ਕੂੜੇ ਦੇ ਢੇਰਾਂ ਕਾਰਨ ਚਾਰੇ ਪਾਸੇ ਬਦਬੂ ਫੈਲਣ ਨਾਲ ਇੱਥੋਂ ਦਾ ਵਾਤਾਵਰਨ ਦੂਸ਼ਿਤ ਹੋ ਰਿਹਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਥਾਂ ਤੇ ਏਡੀਸੀ, ਐੱਸਡੀਐੱਮ ਦੇ ਨਾਲ ਹੋਰ ਕਈ ਵੱਡੇ ਅਫਸਰਾਂ ਦੀ ਰਿਹਾਇਸ਼ ਹੈ। ਇਸਦੇ ਬਾਵਜੂਦ ਇੱਥੇ ਲੱਗੇ ਕੂੜੇ ਦੇ ਢੇਰ ਪਾਸੇ ਕਿਸੇ ਦੀ ਨਜ਼ਰ ਨਹੀ ਜਾਂਦੀ। ਪ੍ਰਸ਼ਾਸ਼ਨ ਵੀ ਸਭ ਕੁਝ ਵੇਖਦੇ ਹੋਏ ਅੱਖਾਂ ਮੀਚੀ ਬੈਠਾ ਹੈ।
ਰਣਬੀਰ ਕਲੱਬ ਦੇ ਨਾਲ ਸਥਿਤ ਸਬਜ਼ੀ ਮੰਡੀ ਵਿੱਚ ਸਬਜ਼ੀ ਅਤੇ ਫਲ ਵਿਕਰੇਤਾ ਮੰਗਲ ਸਿੰਘ, ਰਾਮਚਰਨ ਅਤੇ ਰਾਮਫਲ ਮੁਤਾਬਕ ਨਗਰ ਕੌਸਲ ਵੱਲੋਂ ਪਿਛਲੇ ਕਈ ਦਿਨਾਂ ਤੋਂ ਕੂੜਾ ਨਾ ਚੁੱਕੇ ਜਾਣ ਕਾਰਨ ਕੂੜੇ ਦੇ ਢੇਰ ਕਾਰਨ ਉਨ੍ਹਾਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ। ਇੱਥੇ ਫੈਲੀ ਬਦਲੂ ਕਾਰਨ ਗਾਹਕ ਉਨ੍ਹਾਂ ਦਾ ਸਮਾਨ ਖਰੀਦਣ ਤੋਂ ਪਰਹੇਜ਼ ਕਰਦੇ ਹਨ। ਇੱਥੇ ਉਹ ਕਿਵੇਂ ਰੋਜ਼ਾਨਾ ਆਪਣੀ ਰੋਜ਼ੀ ਰੋਟੀ ਲਈ ਕੰਮ ਕਰਨ ਨੂੰ ਮਜਬੂਰ ਹਨ, ਉਹ ਸਿਰਫ ਉਹੀ ਜਾਣਦੇ ਹਨ। ਸਾਰਾ ਦਿਨ ਕੂੜੇ ਦੇ ਢੇਰਾਂ ਵਿੱਚ ਉੱਠਣ ਵਾਲੀ ਬਦਬੂ ਵਿੱਚ ਉਹ ਕਿਵੇਂ ਸਮਾਂ ਗੁਜ਼ਾਰਦੇ ਹਨ। ਇਸਤੋਂ ਇਲਾਵਾ ਇੱਥੇ ਆਦਰਸ਼ ਮਾਡਲ ਸਕੂਲ ਦੇ ਨਾਲ-ਨਾਲ ਸੰਤ ਕਬੀਰ ਦਾਸ ਪਾਰਕ ਅਤੇ ਧਾਨਕ ਬਸਤੀ ਸਥਿਤ ਹੈ। ਅਜਿਹੇ ਦੂਸ਼ਿਤ ਵਾਤਾਵਰਨ ਵਿੱਚ ਇੱਥੇ ਰਹਿਣ ਵਾਲੇ ਲੋਕ ਬਹੁਤ ਪ੍ਰੇਸ਼ਾਨ ਹਨ। ਪ੍ਰੰਤੂ ਨਗਰ ਕੌਸਲ ਦਾ ਇਸ ਪਾਸੇ ਕੋਈ ਧਿਆਨ ਨਹੀਂ ਅਤੇ ਇੱਥੋਂ ਦੇ ਲੋਕਾਂ ਨੂੰ ਰੱਬ ਆਸਰੇ ਛੱਡਿਆ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਇੱਥੋਂ ਕੂੜੇ ਦੇ ਢੇਰਾਂ ਨੂੰ ਛੇਤੀ ਚੁੱਕਿਆ ਜਾਵੇ ਤਾਂ ਜੋ ਕਿਸੇ ਗੰਭੀਰ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਇੱਥੋਂ ਦੇ ਵਾਰਡ ਨੰਬਰ 11 ਦੀ ਕੌਸਲਰ ਆਸ਼ਾ ਰਾਣੀ ਨੇ ਕਿਹਾ ਕਿ ਉਹ ਕਈ ਵਾਰ ਇਸ ਸੰਬੰਧੀ ਨਗਰ ਕੌਸਲ ਨੂੰ ਸ਼ਿਕਾਇਤ ਕਰ ਚੁੱਕੇ ਹਨ, ਪ੍ਰੰਤੂ ਇਸ ਪਾਸੇ ਗੰਭੀਰਤਾ ਨਾਲ ਕੋਈ ਧਿਆਨ ਨਹੀ ਦਿੱਤਾ ਜਾ ਰਿਹਾ। ਸੰਤ ਕਬੀਰ ਦਾਸ ਪਾਰਕ ਦੇ ਨਾਲ ਕੂੜੇ ਦੇ ਡੰਪ ਨੂੰ ਮਾਣਯੋਗ ਅਦਾਲਤ ਅਤੇ ਐਸੀ ਕਮਿਸ਼ਨ ਦੇ ਹੁਕਮਾਂ ਨਾਲ ਪਹਿਲਾਂ ਹਟਾ ਦਿੱਤਾ ਗਿਆ ਸੀ, ਪ੍ਰੰਤੂ ਕੁਝ ਦਿਨਾਂ ਬਾਅਦ ਕੁਝ ਥਾਂ ਨੂੰ ਛੱਡ ਕੇ ਫੇਰ ਤੋਂ ਇਸ ਥਾਂ ਨੂੰ ਕੂੜੇ ਦਾ ਡੰਪ ਬਣਾ ਦਿੱਤਾ ਗਿਆ। ਉਨ੍ਹਾਂ ਤਿੱਖੇ ਸ਼ਬਦਾਂ ਵਿੱਚ ਆਖਿਆ ਕਿ ਜੇਕਰ ਇੱਥੋਂ ਦੀ ਇਸ ਗੰਭੀਰ ਸਮੱਸਿਆ ਨੂੰ ਛੇਤੀ ਹੱਲ ਨਾ ਕੀਤਾ ਗਿਆ ਤਾਂ ਉਹ ਐਨਜੀਟੀ, ਮਨੁੱਖੀ ਕਮਿਸ਼ਨ ਅਧਿਕਾਰ ਦੇ ਨਾਲ-ਨਾਲ ਅਦਾਲਤ ਤੱਕ ਆਪਣੀ ਪਹੁੰਚ ਕਰਨਗੇ ਅਤੇ ਲਾਪਰਵਾਹ ਅਫਸਰਾਂ ਖਿਲਾਫ ਡਿਊਟੀ ਵਿੱਚ ਕੁਤਾਹੀ ਵਤਰਣ ਖਿਲਾਫ ਕਾਰਵਾਈ ਦੀ ਮੰਗ ਕਰਨਗੇ।
ਇਸ ਸੰਬੰਧੀ ਨਗਰ ਕੌਸਲ ਪ੍ਰਧਾਨ ਭੁਪਿੰਦਰ ਸਿੰਘ ਨਹਿਲ ਨੇ ਕਿਹਾ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ, ਛੇਤੀ ਹੀ ਇੱਥੋਂ ਕੂੜੇ ਦੇ ਢੇਰ ਨੂੰ ਹਟਾਇਆ ਜਾਵੇਗਾ।