ਰਾਜਿੰਦਰ ਦੀਪਾ ਨੇ ਕਿਸਾਨਾਂ ’ਤੇ ਪੁਲਿਸ ਲਾਠੀਚਾਰਜ ਨੂੰ ਦੱਸਿਆ ਮੰਦਭਾਗਾ
ਰਾਜਿੰਦਰ ਦੀਪਾ ਨੇ ਕਿਸਾਨਾਂ ਤੇ ਪੁਲਿਸ ਲਾਠੀਚਾਰਜ ਨੂੰ ਦੱਸਿਆ ਮੰਦਭਾਗਾ
Publish Date: Wed, 18 Feb 2026 06:13 PM (IST)
Updated Date: Wed, 18 Feb 2026 06:15 PM (IST)
ਕਿਹਾ, ਧਰਨਿਆਂ ’ਚੋਂ ਜਨਮੀ ਪਾਰਟੀ ਪੰਜਾਬੀਆਂ ’ਤੇ ਕਰ ਰਹੀ ਤਸ਼ੱਦਦ
ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ
ਸੁਨਾਮ : ਸੀਨੀਅਰ ਕਾਂਗਰਸੀ ਆਗੂ ਰਾਜਿੰਦਰ ਦੀਪਾ ਨੇ ਕਿਸਾਨਾਂ ਤੇ ਪੁਲਿਸ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਮੰਦਭਾਗਾ ਕਰਾਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਧਰਨਿਆਂ ’ਚੋਂ ਜਨਮੀ ਪਾਰਟੀ ਪੰਜਾਬੀਆਂ ’ਤੇ ਤਸ਼ੱਦਦ ਕਰ ਰਹੀ ਹੈ। ਬੁੱਧਵਾਰ ਨੂੰ ਇੰਟਰਨੈੱਟ ਮੀਡੀਆ ਜ਼ਰੀਏ ਗੱਲ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਰਾਜਿੰਦਰ ਦੀਪਾ ਨੇ ਆਖਿਆ ਕਿ ਲੋਕਤੰਤਰੀ ਰਾਜ ਪ੍ਰਣਾਲੀ ਵਿੱਚ ਹੱਕ ਮੰਗਣ ਦਾ ਮੁਲਕ ਦੇ ਲੋਕਾਂ ਕੋਲ ਜਮਹੂਰੀ ਅਧਿਕਾਰ ਹੈ ਪਰ ਬਾਵਜੂਦ ਇਸ ਦੇ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ ਤੇ ਪੁਲਿਸ ਜ਼ਬਰ ਕਰ ਕੇ ਲੋਕਤੰਤਰ ਦਾ ਘਾਣ ਕਰ ਰਹੀ ਹੈ। ਉਨ੍ਹਾਂ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੂੰ ਸਵਾਲ ਕਰਦਿਆਂ ਕਿਹਾ ਕਿ ਪਾਣੀ ਹਮੇਸ਼ਾ ਪੁਲਾਂ ਦੇ ਥੱਲਿਓਂ ਹੀ ਲੰਘਦਾ ਹੈ, ਸੱਤਾ ਦਾ ਇੰਨਾ ਨਸ਼ਾ ਚੰਗਾ ਨਹੀਂ ਹੁੰਦਾ। ਅੱਜ ਵਿਧਾਨ ਸਭਾ ਹਲਕਾ ਸੁਨਾਮ ਦੇ ਪਿੰਡ ਸ਼ੇਰੋਂ ਵਿਖੇ ਕਿਸਾਨਾਂ ਨੂੰ ਬਠਿੰਡਾ ਧਰਨੇ ਵਿੱਚ ਜਾਣ ਤੋਂ ਰੋਕਣ ਲਈ ਪੁਲਿਸ ਨੇ ਸਰਕਾਰ ਦੀ ਸ਼ਹਿ ਹਿਰਾਸਤ ਵਿੱਚ ਲਿਆ ਹੈ। ਅਜਿਹੇ ਵਰਤਾਰੇ ਨੂੰ ਕਦਾਚਿੱਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਸ਼ਾਂਤਮਈ ਵਿਰੋਧ ਪ੍ਰਦਰਸ਼ਨਾਂ ਨੂੰ ਗ਼ੈਰ-ਲੋਕਤੰਤਰੀ ਢੰਗ ਨਾਲ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਹੜਾ ਕਿ ਬੇਹੱਦ ਸ਼ਰਮਨਾਕ ਵਰਤਾਰਾ ਹੈ। ਸੀਨੀਅਰ ਕਾਂਗਰਸੀ ਆਗੂ ਰਾਜਿੰਦਰ ਦੀਪਾ ਨੇ ਕਿਹਾ ਕਿ ਲੋਕਾਂ ਤੇ ਜ਼ੁਲਮ ਅਤੇ ਤਸ਼ੱਦਦ ਕਰਨ ਵਾਲਿਆਂ ਨੂੰ ਸਮਾਂ ਆਉਣ ’ਤੇ ਜਨਤਾ ਨਕਾਰ ਦਿੰਦੀ ਹੈ।