ਮੀਂਹ ਨੇ ਖੋਲ੍ਹੀ ਪਾਣੀ ਨਿਕਾਸੀ ਦੀ ਪੋਲ, ਸੜਕਾਂ ਬਣੀਆਂ ਝੀਲ ਮੀਂਹ ਨੇ ਖੋਲ੍ਹੀ ਪਾਣੀ ਨਿਕਾਸੀ ਦੀ ਪੋਲ, ਸੜਕਾਂ ਬਣੀਆਂ ਝੀਲ
Publish Date: Sun, 11 Oct 2026 05:01 PM (IST)
Updated Date: Mon, 12 Oct 2026 04:03 AM (IST)
ਹਰਜੀਤ ਸਿੰਘ, ਪੰਜਾਬੀ ਜਾਗਰਣ, ਖਨੌਰੀ : ਐਤਵਾਰ ਸਵੇਰੇ ਪਏ ਮੀਂਹ ਕਾਰਨ ਖਨੌਰੀ ਦੀ ਅਨਾਜ ਮੰਡੀ ਵਿੱਚ ਪਾਣੀ ਭਰ ਗਿਆ, ਜਿਸ ਕਾਰਨ ਮੰਡੀ ਦੀਆਂ ਸੜਕਾਂ ਨੇ ਝੀਲ ਦਾ ਰੂਪ ਧਾਰ ਲਿਆ। ਮੰਡੀ ਵਿੱਚ ਪਾਣੀ ਦੀ ਨਿਕਾਸੀ ਦੇ ਢੁੱਕਵੇਂ ਪ੍ਰਬੰਧ ਨਾ ਹੋਣ ਕਾਰਨ ਜਿੱਥੇ ਆਵਾਜਾਈ ਪ੍ਰਭਾਵਿਤ ਹੋਈ, ਉੱਥੇ ਹੀ ਆੜ੍ਹਤੀਆਂ ਵੱਲੋਂ ਖਰੀਦਿਆ ਗਿਆ ਝੋਨਾ ਵੀ ਮੀਂਹ ਦੇ ਪਾਣੀ ਨਾਲ ਭਿੱਜ ਗਿਆ। ਝੋਨੇ ਦੀ ਸਰਕਾਰੀ ਖ਼ਰੀਦ ਦੇ ਸੀਜ਼ਨ ਦੌਰਾਨ ਕਿਸਾਨ ਆਪਣੀ ਫ਼ਸਲ ਮੰਡੀਆਂ ਵਿੱਚ ਲੈ ਕੇ ਪਹੁੰਚ ਰਹੇ ਹਨ। ਅਜਿਹੇ ਸਮੇਂ ਮੀਂਹ ਤੋਂ ਫ਼ਸਲ ਦੀ ਸੁਰੱਖਿਆ ਅਤੇ ਮੰਡੀ ਵਿੱਚੋਂ ਪਾਣੀ ਦੀ ਨਿਕਾਸੀ ਯਕੀਨੀ ਬਣਾਉਣਾ ਬੇਹੱਦ ਜ਼ਰੂਰੀ ਹੈ। ਪਰ ਖਨੌਰੀ ਅਨਾਜ ਮੰਡੀ ਵਿਚ ਮੀਂਹ ਮਗਰੋਂ ਪੈਦਾ ਹੋਏ ਹਾਲਾਤ ਨੇ ਮੰਡੀ ਦੇ ਪ੍ਰਬੰਧਾਂ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਪਾਣੀ ਖੜ੍ਹਾ ਹੋਣ ਕਾਰਨ ਜਿੱਥੇ ਮੰਡੀ ਵਿੱਚ ਕੰਮਕਾਜ ਪ੍ਰਭਾਵਿਤ ਹੋਣ ਦੀ ਸਥਿਤੀ ਬਣੀ, ਉੱਥੇ ਹੀ ਭਿੱਜੇ ਝੋਨੇ ਦੀ ਗੁਣਵੱਤਾ ਨੂੰ ਲੈ ਕੇ ਵੀ ਚਿੰਤਾ ਪੈਦਾ ਹੋ ਗਈ ਹੈ। -------- ਖਰੀਦੀ ਫ਼ਸਲ ਦੀ ਸਾਂਭ-ਸੰਭਾਲ ਆੜ੍ਹਤੀਆਂ ਦੀ ਜ਼ਿੰਮੇਵਾਰੀ: ਸਕੱਤਰ ਮਾਰਕੀਟ ਕਮੇਟੀ ਦੇ ਸਕੱਤਰ ਅਮਨਦੀਪ ਸਿੰਘ ਨੇ ਕਿਹਾ ਕਿ ਮੰਡੀ ’ਚ ਆਉਣ ਵਾਲੀ ਫ਼ਸਲ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਆੜ੍ਹਤੀਆਂ ਦੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਮੀਂਹ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਆੜ੍ਹਤੀਆਂ ਨੂੰ ਲਿਖਤੀ ਅਤੇ ਜ਼ੁਬਾਨੀ ਤੌਰ ’ਤੇ ਹਦਾਇਤਾਂ ਦਿੱਤੀਆਂ ਗਈਆਂ ਸਨ ਕਿ ਝੋਨੇ ਨੂੰ ਮੀਂਹ ਤੋਂ ਬਚਾਉਣ ਲਈ ਤਰਪਾਲਾਂ ਦਾ ਢੁੱਕਵਾਂ ਪ੍ਰਬੰਧ ਕੀਤਾ ਜਾਵੇ। ----- ਮੀਂਹ ਨਾਲ ਭਿੱਜਿਆ ਝੋਨਾ ਕੱਢਿਆ ਜਾ ਰਿਹਾ ਹੈ: ਪ੍ਰਧਾਨ ਦੂਜੇ ਪਾਸੇ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸਤਪਾਲ ਗਿੱਲ ਬਨਾਰਸੀ ਨੇ ਦੱਸਿਆ ਕਿ ਅਚਾਨਕ ਮੀਂਹ ਪੈਣ ਕਾਰਨ ਖਰੀਦਿਆ ਹੋਇਆ ਝੋਨਾ ਭਿੱਜ ਗਿਆ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੀ ਮਦਦ ਨਾਲ ਪਾਣੀ ਵਿੱਚੋਂ ਮਾਲ ਕੱਢਿਆ ਜਾ ਰਿਹਾ ਹੈ ਅਤੇ ਝੋਨੇ ਨੂੰ ਹੋਰ ਨੁਕਸਾਨ ਤੋਂ ਬਚਾਉਣ ਲਈ ਉਸ ਨੂੰ ਢਕਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਮੰਡੀ ਵਿੱਚ ਪਾਣੀ ਭਰਨ ਅਤੇ ਖਰੀਦੀ ਹੋਈ ਫ਼ਸਲ ਦੇ ਭਿੱਜਣ ਦੀ ਘਟਨਾ ਨੇ ਮੀਂਹ ਦੇ ਮੌਸਮ ਦੌਰਾਨ ਕੀਤੇ ਗਏ ਪ੍ਰਬੰਧਾਂ ਦੀ ਸਮੀਖਿਆ ਕਰਨ ਦੀ ਲੋੜ ਉਜਾਗਰ ਕੀਤੀ ਹੈ। ਹੁਣ ਜ਼ਰੂਰੀ ਹੈ ਕਿ ਸਬੰਧਤ ਵਿਭਾਗ ਮੰਡੀ ਵਿੱਚ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਦੀ ਜਾਂਚ ਕਰਕੇ ਲੋੜੀਂਦੇ ਕਦਮ ਚੁੱਕਣ, ਤਾਂ ਜੋ ਭਵਿੱਖ ਵਿੱਚ ਅਜਿਹੀ ਸਥਿਤੀ ਤੋਂ ਬਚਿਆ ਜਾ ਸਕੇ ਅਤੇ ਕਿਸਾਨਾਂ ਦੀ ਮਿਹਨਤ ਨਾਲ ਪੈਦਾ ਕੀਤੀ ਫ਼ਸਲ ਨੂੰ ਨੁਕਸਾਨ ਨਾ ਝੱਲਣਾ ਪਵੇ।