- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਹੁਲ ਗਾਂਧੀ ਨੂੰ ਆਪਣੇ ਪੰਜਾਬ ਦੌਰੇ ਦੀ ਪਹਿਲੀ ਚੋਣ ਰੈਲੀ ਮੌਕੇ ਹੀ 1984 ਦੇ ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਪਿੰਡ ਫੱਗੂਵਾਲਾ ਵਿਖੇ ਪੀੜਤ ਪਰਿਵਾਰਾਂ ਦੀ ਜਥੇਬੰਦੀ ਦੇ ਆਗੂ ਸੁਰਜੀਤ ਸਿੰਘ ਦੀ ਅਗਵਾਈ ਹੇਠ ਵਿਧਵਾਵਾਂ, ਬਜ਼ੁਰਗਾਂ ਅਤੇ ਕਤਲੇਆਮ ਵਿੱਚ ਆਪਣੇ ਜੀਅ ਗੁਆ ਚੁੱਕੇ ਪਰਿਵਾਰਾਂ ਨੇ ਕਾਲੇ ਝੰਡੇ ਤੇ ਕਾਲੇ ਕੱਪੜੇ ਲਹਿਰਾ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ।

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਰਾਹੁਲ ਗਾਂਧੀ ਨੂੰ ਆਪਣੇ ਪੰਜਾਬ ਦੌਰੇ ਦੀ ਪਹਿਲੀ ਚੋਣ ਰੈਲੀ ਮੌਕੇ ਹੀ 1984 ਦੇ ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਪਿੰਡ ਫੱਗੂਵਾਲਾ ਵਿਖੇ ਪੀੜਤ ਪਰਿਵਾਰਾਂ ਦੀ ਜਥੇਬੰਦੀ ਦੇ ਆਗੂ ਸੁਰਜੀਤ ਸਿੰਘ ਦੀ ਅਗਵਾਈ ਹੇਠ ਵਿਧਵਾਵਾਂ, ਬਜ਼ੁਰਗਾਂ ਅਤੇ ਕਤਲੇਆਮ ਵਿੱਚ ਆਪਣੇ ਜੀਅ ਗੁਆ ਚੁੱਕੇ ਪਰਿਵਾਰਾਂ ਨੇ ਕਾਲੇ ਝੰਡੇ ਤੇ ਕਾਲੇ ਕੱਪੜੇ ਲਹਿਰਾ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ।
ਪੀੜਤ ਪਰਿਵਾਰ ਰਾਹੁਲ ਗਾਂਧੀ ਨੂੰ ਮਿਲ ਕੇ ਇਨਸਾਫ਼ ਬਾਰੇ ਸਿੱਧੇ ਸਵਾਲ ਪੁੱਛਣਾ ਚਾਹੁੰਦੇ ਸਨ। ਉਨ੍ਹਾਂ ਦਾ ਸਵਾਲ ਸੀ ਕਿ ਜਦੋਂ 42 ਸਾਲ ਬੀਤਣ ਮਗਰੋਂ ਵੀ ਕਤਲੇਆਮ ਦੇ ਪੀੜਤਾਂ ਨੂੰ ਪੂਰਾ ਇਨਸਾਫ਼ ਨਹੀਂ ਮਿਲਿਆ, ਤਾਂ ਰਾਹੁਲ ਗਾਂਧੀ ਕਿਸ ਮੂੰਹ ਨਾਲ ਇਨਸਾਫ਼ ਦੇ ਨਾਂ ’ਤੇ ਰੈਲੀਆਂ ਕਰ ਰਹੇ ਹਨ? ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰਾਂ ਨੂੰ ਜਵਾਬ ਦਿੱਤੇ ਬਿਨਾਂ ਕਾਂਗਰਸ ਨੂੰ ਇਨਸਾਫ਼ ਦੀ ਦੁਹਾਈ ਦੇਣ ਦਾ ਕੋਈ ਨੈਤਿਕ ਹੱਕ ਨਹੀਂ।
ਪਹਿਲੀ ਨਵੰਬਰ ਨੂੰ ਦਿੱਲੀ ਵਿੱਚ ਕਾਂਗਰਸ ਵੱਲੋਂ ਕੀਤੇ ਸਿਆਸੀ ਪ੍ਰਦਰਸ਼ਨ ’ਤੇ ਇਤਰਾਜ਼ ਜਤਾਉਂਦਿਆਂ ਪਰਿਵਾਰਾਂ ਨੇ ਕਿਹਾ ਕਿ ਇਹ ਦਿਨ ਸਿੱਖਾਂ ਲਈ ਸੋਗ ਅਤੇ ਕਤਲੇਆਮ ਵਿੱਚ ਮਾਰੇ ਗਏ ਆਪਣਿਆਂ ਨੂੰ ਯਾਦ ਕਰਨ ਦਾ ਦਿਨ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੀੜਤਾਂ ਦੀਆਂ ਅਪੀਲਾਂ ਦੇ ਬਾਵਜੂਦ ਉਸੇ ਦਿਨ ਸਿਆਸੀ ਪ੍ਰਦਰਸ਼ਨ ਕਰਕੇ ਕਾਂਗਰਸ ਨੇ ਉਨ੍ਹਾਂ ਦੇ ਦੁੱਖ ਅਤੇ ਭਾਵਨਾਵਾਂ ਦੀ ਅਣਦੇਖੀ ਕੀਤੀ।
ਪਰਿਵਾਰਾਂ ਨੇ ਕਿਹਾ ਕਿ ਪਹਿਲੀ ਨਵੰਬਰ ਨੂੰ ਉਨ੍ਹਾਂ ਦੇ ਸੋਗ ਦਾ ਸਤਿਕਾਰ ਨਾ ਕਰਨਾ ਅਤੇ ਹੁਣ ਚਾਰ ਨਵੰਬਰ ਨੂੰ ਪੰਜਾਬ ਆ ਕੇ ਇਨਸਾਫ਼ ਦੀ ਦੁਹਾਈ ਦੇਣਾ ਉਨ੍ਹਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਦੇ ਬਰਾਬਰ ਹੈ। ਉਹ ਰਾਹੁਲ ਗਾਂਧੀ ਤੋਂ ਇਨ੍ਹਾਂ ਸਵਾਲਾਂ ਦੇ ਜਵਾਬ ਮੰਗਣ ਪਹੁੰਚੇ ਸਨ।
“ਰਾਹੁਲ ਗਾਂਧੀ ਵਾਪਸ ਜਾਓ” ਦੇ ਨਾਅਰਿਆਂ ਦਰਮਿਆਨ ਪੀੜਤ ਔਰਤਾਂ ਨੇ ਹੰਝੂਆਂ ਭਰੀਆਂ ਅੱਖਾਂ ਨਾਲ ਆਪਣੇ ਉੱਜੜੇ ਪਰਿਵਾਰਾਂ ਦਾ ਦਰਦ ਬਿਆਨ ਕੀਤਾ। ਪ੍ਰਦਰਸ਼ਨਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਰੈਲੀ ਵਾਲੀ ਥਾਂ ’ਤੇ ਰਾਹੁਲ ਗਾਂਧੀ ਨੂੰ ਮਿਲਣ ਦੀ ਕੋਸ਼ਿਸ਼ ਦੌਰਾਨ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਬੱਸ ਵਿੱਚ ਬਿਠਾਇਆ ਅਤੇ ਮੌਕੇ ਤੋਂ ਲੈ ਗਈ।
ਪੀੜਤ ਪਰਿਵਾਰਾਂ ਨੇ ਰੋਸ ਜਤਾਇਆ ਕਿ ਉਨ੍ਹਾਂ ਦੀ ਗੱਲ ਸੁਣਨ ਦੀ ਥਾਂ ਉਨ੍ਹਾਂ ਨੂੰ ਮੌਕੇ ਤੋਂ ਹਟਾ ਦਿੱਤਾ ਗਿਆ। ਉਨ੍ਹਾਂ ਰਾਹੁਲ ਗਾਂਧੀ ਵੱਲੋਂ ਸੰਵੇਦਨਸ਼ੀਲਤਾ ਨਾ ਦਿਖਾਉਣ ਅਤੇ ਪੁਲਿਸ ਵੱਲੋਂ ਰੁੱਖਾ ਤੇ ਅਪਮਾਨਜਨਕ ਵਤੀਰਾ ਅਪਣਾਉਣ ਦੇ ਦੋਸ਼ ਲਾਏ।
ਇਸ ਮੌਕੇ ਸਕੱਤਰ ਦਲਜੀਤ ਸਿੰਘ ਸੋਨੀ, ਰਾਣੀ ਧਾਲੀਵਾਲ, ਗੁਰਦੇਵ ਕੌਰ, ਰਾਜਵਿੰਦਰ ਕੌਰ, ਹਰਦੀਪ ਕੌਰ, ਸੰਗੀਤਾ ਕੌਰ, ਮਨਜੀਤ ਕੌਰ, ਇੰਦਰਪਾਲ ਸਿੰਘ, ਸਤਨਾਮ ਸਿੰਘ, ਹਰਪਾਲ ਸਿੰਘ, ਰਵਿੰਦਰਪਾਲ ਸਿੰਘ, ਅਮਰੀਕ ਸਿੰਘ, ਸੁਖਵਿੰਦਰ ਸਿੰਘ, ਹਰਪ੍ਰੀਤ ਸਿੰਘ, ਧਰਮਿੰਦਰ ਸਿੰਘ ਅਤੇ ਮਾਨ ਸਿੰਘ ਹਾਜ਼ਰ ਸਨ।