ਸੈਂਪਲ ਲੈਣ ਆਈ ਟੀਮ ’ਤੇ ਚੁੱਕੇ ਸਵਾਲ! ਇਕ ਦੋ ਦੁਕਾਨਾਂ ਤੋਂ ਸੈਂਪਲ ਲੈ ਕੇ ਪੂਰੀ ਹੋਈ ਕਾਰਵਾਈ ਖੋਏ-ਪਨੀਰ ਦੇ ਸੈਂਪਲ ਲੈਣ ਆਈ ਟੀਮ ’ਤੇ ਚੁੱਕੇ ਸਵਾਲ!
Publish Date: Sat, 12 Sep 2026 03:58 PM (IST)
Updated Date: Sun, 13 Sep 2026 04:02 AM (IST)
ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਸਥਾਨਕ ਸ਼ਹਿਰ ਵਿੱਚ ਫੂਡ ਸੇਫਟੀ ਵਿਭਾਗ ਵੱਲੋਂ ਖੋਏ ਅਤੇ ਪਨੀਰ ਦੇ ਸੈਂਪਲ ਭਰੇ ਗਏ, ਪਰ ਵਿਭਾਗ ਦੀ ਇਸ ਕਾਰਵਾਈ ਨੂੰ ਲੈ ਕੇ ਸਥਾਨਕ ਲੋਕਾਂ ਵੱਲੋਂ ਰੋਸ ਅਤੇ ਦੁਕਾਨਦਾਰਾਂ ਵੱਲੋਂ ਕਈ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਜਿੱਥੇ ਕਾਫੀ ਲੋਕਾਂ ਦਾ ਦੋਸ਼ ਹੈ ਕਿ ਵਿਭਾਗ ਸ਼ਹਿਰ ਦੀਆਂ ਇੱਕ-ਦੋ ਦੁਕਾਨਾਂ ਤੋਂ ਸੈਂਪਲ ਲੈ ਕੇ ਆਪਣੀ ਕਾਰਵਾਈ ਪੂਰੀ ਕਰ ਦਿੰਦਾ ਹੈ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਬਲਾਕ ਪ੍ਰਧਾਨ ਗੁਰਲਾਲ ਸਿੰਘ ਜਲੂਰ ਨੇ ਕਿਹਾ ਕਿ ਸ਼ਹਿਰ ਵਿੱਚ ਕਥਿਤ ਤੌਰ ’ਤੇ ਮਿਲਾਵਟੀ ਖਾਣ-ਪੀਣ ਵਾਲੀਆਂ ਵਸਤਾਂ ਦੀ ਵਿਕਰੀ ਅਤੇ ਵਰਤੋਂ ਤੋਂ ਇਲਾਵਾ ਦੁੱਧ ਦੀਆਂ ਡਾਇਰੀਆਂ ਵਿੱਚ ਮਿਲਾਵਟੀ ਦੁੱਧ ਖੋਆ ਅਤੇ ਪਨੀਰ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਹੁਣ ਸਵਾਲ ਇਹ ਹੈ, ਕੀ ਮਿਲਾਵਟੀ ਖਾਣ-ਪੀਣ ਵਾਲੀਆਂ ਚੀਜ਼ਾਂ ਅਤੇ ਨਕਲੀ ਪਨੀਰ ਘਿਓ ਅਤੇ ਦੁੱਧ ਤੇ ਵੀ ਰੋਕ ਲੱਗੇਗੀ? ਕੀ ਪੂਰੇ ਸ਼ਹਿਰ ਵਿੱਚ ਸੈਂਪਲਿੰਗ ਹੋਵੇਗੀ ਜਾਂ ਕਾਰਵਾਈ ਕੁਝ ਦੁਕਾਨਾਂ ਤੱਕ ਹੀ ਸੀਮਤ ਰਹੇਗੀ ? ਇੱਕ -ਦੋ ਦੁਕਾਨਦਾਰਾਂ ਨੇ ਦੋਸ਼ ਲਾਇਆ ਕਿ ਕੁਝ ਦੁਕਾਨਾਂ ਤੋਂ ਸੈਂਪਲ ਲੈਣ ਤੋਂ ਬਾਅਦ ਟੀਮ ਵਾਪਸ ਚਲੀ ਜਾਂਦੀ ਹੈ, ਜਦਕਿ ਸ਼ਹਿਰ ਵਿੱਚ ਹੋਰ ਥਾਵਾਂ ’ਤੇ ਵੀ ਖਾਣ-ਪੀਣ ਵਾਲੇ ਸਮਾਨ ਦੀ ਜਾਂਚ ਕੀਤੇ ਜਾਣ ਦੀ ਲੋੜ ਹੈ। ਸ਼ਹਿਰ ਨਿਵਾਸੀਆਂ ਮੱਖਣ ਸਿੰਘ, ਜਸਵੰਤ ਸਿੰਘ, ਪ੍ਰਮਿੰਦਰ ਸਿੰਘ ਅਤੇ ਹੋਰਨਾਂ ਨੇ ਕਿਹਾ, ਕਿ ਫੂਡ ਸੇਫਟੀ ਟੀਮ ਸਿਰਫ ਇੱਕ ਕਾਗਜੀ ਕਾਰਵਾਈ ਕਰਨ ਆਉਂਦੀ ਹੈ, ਜਦ ਕਿ ਸ਼ਹਿਰ ਵਿੱਚ ਵੱਡੀਆਂ ਡੇਅਰੀਆਂ ਹਨ,ਜਿੱਥੇ ਵੱਡੀ ਪੱਧਰ ਵਿੱਚ ਪਨੀਰ ਅਤੇ ਦਹੀਂ ਤਿਆਰ ਹੁੰਦਾ ਹੈ। ਉਸ ਦੀ ਅੱਜ ਤੱਕ ਸੈਂਪਲ ਕਿਉਂ ਨਹੀਂ ? ਉਨ੍ਹਾਂ ਨੇ ਮੰਗ ਕੀਤੀ ਹੈ ਕਿ ਉੱਚ ਅਧਿਕਾਰੀਆਂ ਦੀ ਵੱਡੇ ਪੱਧਰ ਤੇ ਟੀਮ ਆ ਕੇ ਇਕਦਮ ਕਾਫੀ ਦੁਕਾਨਾਂ ਅਤੇ ਡੈਰੀਆਂ ਵਿੱਚ ਵਸਤਾਂ ਦੇ ਨਮੂਨੇ ਲੈਣ,ਤਾਂ ਜੋ ਮਿਲਾਵਟ ਖੋਰਾਂ ਉੱਤੇ ਕਾਰਵਾਈ ਕੀਤੀ ਜਾਵੇ ਫੂਡ ਸੇਫਟੀ ਅਧਿਕਾਰੀ ਦਾ ਕੀ ਕਹਿਣਾ ਹੈ ਉੱਧਰ, ਫੂਡ ਸੇਫਟੀ ਅਧਿਕਾਰੀ ਅਦਿਤੀ ਗੁਪਤਾ ਨੇ ਦਿੰਦਿਆਂ ਦੱਸਿਆ, ਕਿ ਤਿਉਹਾਰਾਂ ਦੇ ਮੱਦੇਨਜ਼ਰ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ’ਤੇ ਖਾਣ-ਪੀਣ ਵਾਲੀਆਂ ਵਸਤਾਂ ਦੀ ਸੈਂਪਲਿੰਗ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਤਹਿਤ ਤਹਿਤ ਅੱਜ ਇੱਥੇ ਖੋਏ ਅਤੇ ਪਨੀਰ ਸਮੇਤ ਦੋ ਸੈਂਪਲ ਭਰੇ ਗਏ ਹਨ । ਸ਼ਹਿਰ ਵਿੱਚ ਪਨੀਰ ਦੇ ਕਥਿਤ ਮਿਲਾਵਟੀ ਕਾਰੋਬਾਰ ਅਤੇ ਹੋਰ ਥਾਵਾਂ ਤੋਂ ਸੈਂਪਲ ਨਾ ਲਏ ਜਾਣ ਸਬੰਧੀ ਸਵਾਲ ਪੁੱਛੇ ਗਏ ਤਾਂ ਉਨ੍ਹਾਂ ਵੱਲੋਂ ਇਨ੍ਹਾਂ ਸਵਾਲਾਂ ਦਾ ਵਿਸਥਾਰ ਨਾਲ ਜਵਾਬ ਨਹੀਂ ਦਿੱਤਾ ਗਿਆ।