- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਦਾ ਕੁਦਰਤੀ ਖੇਤੀ ਵੱਲ ਮੁੜਨਾ ਸਮੇਂ ਦੀ ਲੋੜ : ਮੰਤਰੀ ਗੋਇਲ

ਸ਼ੰਭੂ ਗੋਇਲ, ਪੰਜਾਬੀ ਜਾਗਰਣ,
ਲਹਿਰਾਗਾਗਾ : ਕੁਦਰਤ ਮਾਨਵ ਕੇਂਦਰਤ ਲੋਕ ਲਹਿਰ ਦੀ ਤਿੰਨ ਰੋਜਾ ਆਲ ਇੰਡੀਆ ਕਾਨਫਰੰਸ ਸਥਾਨਕ ਜੀਪੀਐੱਫ ਧਰਮਸ਼ਾਲਾ ਵਿਖੇ ਸ਼ੁਰੂ ਹੋ ਗਈ ਹੈ। ਜਿਸ ਵਿੱਚ ਵੱਖ-ਵੱਖ ਸੂਬਿਆਂ ਤੋਂ ਡੈਲੀਗੇਟ ਅਤੇ ਸਮਾਜਿਕ ਕਾਰਕੁੰਨ ਹਿੱਸਾ ਲੈ ਰਹੇ ਹਨ। ਕਾਨਫਰੰਸ ਦੇ ਖੁੱਲੇ ਸੈਸ਼ਨ ਵਿੱਚ ਆਏ ਡੈਲੀਗੇਟਾਂ ਅਤੇ ਹੋਰਨਾਂ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਦਾ ਸਵਾਗਤ ਕਰਦਿਆਂ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਕਿਹਾ, ਕਿ ਵਾਤਾਵਰਨ ਦਾ ਸੰਕਟ ਭਿਆਨਕ ਰੂਪ ਅਖਤਿਆਰ ਕਰਦਾ ਜਾ ਰਿਹਾ ਹੈ। ਅੱਜ ਕੁਦਰਤੀ ਖੇਤੀ ਵੱਲ ਮੁੜਨਾ ਅਣਸਰਦੀ ਲੋੜ ਬਣ ਗਿਆ ਹੈ। ਜਿਸ ਨੂੰ ਸਮਝਦਿਆਂ ਪੰਜਾਬ ਸਰਕਾਰ ਨੇ ਨਹਿਰੀ ਪਾਣੀ ਦੀ ਸਿੰਜਾਈ ਨੂੰ ਤਰਜੀਹ ਦਿੱਤੀ ਅਤੇ 7 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਵਿੱਚ ਨਹਿਰੀ ਪਾਣੀ ਨੂੰ ਸੁਧਾਰਿਆ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਹੁਣ ਆਪਣੇ ਹਿੱਸੇ ਦਾ 80 ਫੀਸਦੀ ਤੋਂ ਵੱਧ ਨਹਿਰੀ ਪਾਣੀ ਵਰਤਣ ਦੇ ਯੋਗ ਹੋ ਗਿਆ ਹੈ।
ਉਨ੍ਹਾਂ ਇਹ ਵੀ ਆਖਿਆ ਕਿ ਭਾਵੇਂ ਇਸ ਵਾਰ 40 ਫੀਸਦੀ ਘੱਟ ਮੀਂਹ ਪਏ ਹਨ, ਪਰ ਪੰਜਾਬ ਵਿੱਚ 200 ਲੱਖ ਟਨ ਝੋਨੇ ਦੀ ਬੰਪਰ ਪੈਦਾਵਾਰ ਹੋਣ ਜਾ ਰਹੀ ਹੈ। ਲੋਕ ਲਹਿਰ ਦੇ ਕੌਮੀ ਸਕੱਤਰ ਸੁਖਦੇਵ ਸਿੰਘ ਭੋਪਾਲ ਨੇ ਖੁੱਲੇ ਸੈਸ਼ਨ ਦਾ ਏਜੰਡਾ ਖੋਲ੍ਹਦਿਆਂ ਆਖਿਆ, ਕਿ ਵਾਤਾਵਰਨ ਦੇ ਸੰਕਟ ਕਾਰਨ ਦੇਸ਼ ਵਿੱਚ ਖਾਦ ਸੁਰੱਖਿਆ ਹੀ ਨਹੀਂ ਸਗੋਂ ਸਮੁੱਚੀ ਖੇਤੀਬਾੜੀ ਦਾ ਭਵਿੱਖ ਦਾਅ ’ਤੇ ਲੱਗ ਗਿਆ ਹੈ। ਯੁਵਾ ਭਾਰਤ ਦੇ ਆਗੂ ਸਸ਼ੀ ਸੋਨਵਨੇ ਨੇ ਕਿਹਾ ਕਿ ਵਾਤਾਵਰਨ ਸੁਰੱਖਿਆ ਸਾਡੀ ਅਜੋਕੀ ਸਮਾਜਿਕ ਹਕੀਕਤ ਦੀ ਤਰਜਮਾਨੀ ਕਰਦਾ ਹੈ।
ਇਸ ਕਾਨਫਰੰਸ ਨੂੰ ਕਿਸਾਨ ਯੂਨੀਅਨ ਨੈਨ ਦੇ ਪ੍ਰਧਾਨ ਜੋਗਿੰਦਰ ਨੈਨ, ਕੁੱਲ ਹਿੰਦ ਕਿਸਾਨ ਸਭਾ ਦੇ ਉੱਧਮ ਸਿੰਘ ਸੰਤੋਖਪੁਰਾ, ਆਰ ਕੇ ਮੇਘਵਾਲ, ਆਈਡੀਪੀ ਆਗੂ ਕਰਨੈਲ ਸਿੰਘ ਜਖੇਪਲ, ਨੇਪਾਲ ਤੋਂ ਬਿੰਦੂ ਸਪਕੋਟਾ ਨੇ ਵੀ ਸੰਬੋਧਨ ਕੀਤਾ। ਇਸ ਸਮੇਂ ਉਗੇ ਸਮਾਜ ਸੇਵੀ ਮਰਹੂਮ ਜਸ ਪੇਂਟਰ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਦੇ ਪੁੱਤਰ ਵਿਨੇ ਬਾਂਸਲ, ਜੀਪੀਐਫ ਦੇ ਪ੍ਰਧਾਨ ਸੰਜੀਵ ਕੁਮਾਰ ਰੋਡਾ, ਸਤੀਸ਼ ਗੋਇਲ, ਗੌਰਵ ਵਿਕੀ ਨੂੰ ਸਨਮਾਨ ਕੀਤਾ। ਨਗਰ ਕੌਂਸਲ ਦੀ ਪ੍ਰਧਾਨ ਕਾਂਤਾਂ ਗੋਇਲ ਨੇ ਸੈਸ਼ਨ ਵਿੱਚ ਆਏ ਡੈਲੀਗੇਟਾਂ ਨੂੰ ਜੀ ਆਇਆ ਆਖਿਆ। ਮੰਚ ਸੰਚਾਲਣ ਮਹਿੰਦਰ ਸਿੰਘ ਖੋਖਰ ਨੇ ਕੀਤਾ। ਸ਼ਾਮ ਨੂੰ ਲੋਕ ਲਹਿਰ ਦੇ ਕਾਰਕੁਨਾਂ ਅਤੇ ਚੇਤਨ ਲੋਕਾਂ ਨੇ ਵਾਤਾਵਰਨ ਪ੍ਰਤੀ ਸੰਵੇਦਨਸ਼ੀਲਤਾ ਪੈਦਾ ਕਰਨ ਹਿੱਤ ਸ਼ਹਿਰ ਵਿੱਚ ਚੇਤਨਾ ਮਾਰਚ ਵੀ ਕੀਤਾ ਗਿਆ।