ਹਾਈਕੋਰਟ ਦੇ ਫ਼ੈਸਲੇ ਨਾਲ ਪੰਜਾਬ ਸਰਕਾਰ ਘਿਰੀ, ਪੈਨਸ਼ਨਰਾਂ ਨੇ 7 ਅਗਸਤ ਨੂੰ ਚੰਡੀਗੜ੍ਹ ਘੇਰਨ ਦਾ ਕੀਤਾ ਐਲਾਨ ਹਾਈਕੋਰਟ ਦੇ ਫ਼ੈਸਲੇ ਨਾਲ ਪੰਜਾਬ ਸਰਕਾਰ ਘਿਰੀ, ਪੈਨਸ਼ਨਰਾਂ ਨੇ 7 ਅਗਸਤ ਨੂੰ ਚੰਡੀਗੜ੍ਹ ਘੇਰਨ ਦਾ ਕੀਤਾ ਐਲਾਨ
Publish Date: Tue, 04 Aug 2026 05:09 PM (IST)
Updated Date: Wed, 05 Aug 2026 04:04 AM (IST)
ਕੇਵਲ ਸਿੰਘ ਪੰਡੋਰੀ ਨੇ ਕਿਹਾ— ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਵੇਗਾ ਹੋਰ ਤਿੱਖਾ, ਸੜਕਾਂ ਜਾਮ ਕਰਨ ਦੀ ਚੇਤਾਵਨੀ ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਪੰਜਾਬ ਸਟੇਟ ਪਾਵਰਕਾਮ ਤੇ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਦੀ ਡਿਵੀਜ਼ਨ ਪੱਧਰੀ ਅਹਿਮ ਮੀਟਿੰਗ ਅਨਾਜ ਮੰਡੀ ਮਹਿਲ ਕਲਾਂ ਵਿਖੇ ਡਿਵੀਜ਼ਨ ਪ੍ਰਧਾਨ ਇੰਜੀ. ਕੇਵਲ ਸਿੰਘ ਪੰਡੋਰੀ ਦੀ ਅਗਵਾਈ ਹੇਠ ਹੋਈ। ਮੀਟਿੰਗ ਤੋਂ ਬਾਅਦ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਗਟ ਕਰਦਿਆਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ ਤੇ 7 ਅਗਸਤ ਨੂੰ ਚੰਡੀਗੜ੍ਹ ਵਿਖੇ ਵੱਡਾ ਧਰਨਾ ਦੇ ਕੇ ਸੜਕਾਂ ਜਾਮ ਕਰਨ ਦਾ ਐਲਾਨ ਕੀਤਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਇੰਜੀ. ਕੇਵਲ ਸਿੰਘ ਪੰਡੋਰੀ ਨੇ ਕਿਹਾ ਕਿ ਪੈਨਸ਼ਨਰਾਂ ਦੇ ਹੱਕ ’ਚ ਆਇਆ ਮਾਨਯੋਗ ਹਾਈਕੋਰਟ ਦਾ ਹਾਲੀਆ ਫ਼ੈਸਲਾ ਪੰਜਾਬ ਸਰਕਾਰ ਲਈ ਇੱਕ ਕਰਾਰਾ ਜਵਾਬ ਹੈ। ਉਨ੍ਹਾਂ ਕਿਹਾ ਕਿ ਅਦਾਲਤ ਦੇ ਫ਼ੈਸਲੇ ਨੇ ਸਰਕਾਰ ਦੀ ਕਾਰਗੁਜ਼ਾਰੀ ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਜੇਕਰ ਸਰਕਾਰ ਨੇ ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਨੂੰ ਤੁਰੰਤ ਨਾ ਮੰਨਿਆ ਤਾਂ ਯੂਨੀਅਨ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਮਜਬੂਰ ਹੋਵੇਗੀ। ਮੀਟਿੰਗ ਦੌਰਾਨ ਸੂਬਾ ਵਿੱਤ ਸਕੱਤਰ ਇੰਜੀ. ਸੁਖਜੰਟ ਸਿੰਘ ਬਰਨਾਲਾ, ਸਰਕਲ ਸਕੱਤਰ ਸਾਧੂ ਸਿੰਘ ਬੜੀ, ਮੀਤ ਪ੍ਰਧਾਨ ਬਿੱਕਰ ਸਿੰਘ ਛੀਨੀਵਾਲ ਤੇ ਡਿਵੀਜ਼ਨ ਮੀਤ ਪ੍ਰਧਾਨ ਦਰਸ਼ਨ ਸਿੰਘ ਕਲਾਲ ਮਾਜਰਾ ਨੇ ਪੈਨਸ਼ਨਰਾਂ ਦੀਆਂ ਮੰਗਾਂ ਤੇ ਵਿਸਥਾਰ ਨਾਲ ਚਰਚਾ ਕੀਤੀ। ਆਗੂਆਂ ਨੇ ਮੰਗ ਕੀਤੀ ਕਿ 31 ਦਸੰਬਰ 2015 ਤੋਂ ਪਹਿਲਾਂ ਸੇਵਾਮੁਕਤ ਹੋਏ ਪੈਨਸ਼ਨਰਾਂ ਦੀ ਪੈਨਸ਼ਨ 2.59 ਗੁਣਾਕ ਨਾਲ ਤੁਰੰਤ ਸੋਧੀ ਜਾਵੇ, ਮਹਿੰਗਾਈ ਭੱਤੇ ਦੀਆਂ ਸਾਰੀਆਂ ਬਕਾਇਆ ਕਿਸ਼ਤਾਂ ਜਾਰੀ ਕੀਤੀਆਂ ਜਾਣ, ਰੁਕਿਆ ਹੋਇਆ 16 ਫ਼ੀਸਦੀ ਮਹਿੰਗਾਈ ਭੱਤਾ ਦਿੱਤਾ ਜਾਵੇ ਅਤੇ ਪੁਰਾਣੀ ਪੈਨਸ਼ਨ ਸਕੀਮ ਨੂੰ ਮੁੜ ਬਹਾਲ ਕੀਤਾ ਜਾਵੇ। ਇਸ ਤੋਂ ਇਲਾਵਾ ਪੈਨਸ਼ਨ ਏਰੀਅਰ ਇਕਮੁਸ਼ਤ ਜਾਰੀ ਕਰਨ, 200 ਰੁਪਏ ਜਜ਼ੀਆ ਟੈਕਸ ਦੀ ਕਟੌਤੀ ਬੰਦ ਕਰਨ ਅਤੇ ਸੱਤਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਤੁਰੰਤ ਲਾਗੂ ਕਰਨ ਦੀ ਵੀ ਮੰਗ ਕੀਤੀ ਗਈ। ਯੂਨੀਅਨ ਆਗੂਆਂ ਨੇ ਕਿਹਾ ਕਿ ਲਗਾਤਾਰ ਵਧ ਰਹੀ ਮਹਿੰਗਾਈ ਕਾਰਨ ਪੈਨਸ਼ਨਰਾਂ ਦੀ ਆਰਥਿਕ ਹਾਲਤ ਦਿਨੋਂ-ਦਿਨ ਨਾਜ਼ੁਕ ਬਣਦੀ ਜਾ ਰਹੀ ਹੈ, ਪਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਲਾਪਰਵਾਹੀ ਅਪਣਾਈ ਜਾ ਰਹੀ ਹੈ। ਇਸ ਮੌਕੇ ਕੇਂਦਰ ਸਰਕਾਰ ਤੋਂ ਚਾਰ ਲੇਬਰ ਕੋਡ, ਬਿਜਲੀ ਸੋਧ ਬਿੱਲ 2025 ਅਤੇ ਹੋਰ ਮਜ਼ਦੂਰ ਵਿਰੋਧੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਵੀ ਉਠਾਈ ਗਈ। ਮੀਟਿੰਗ ਦੇ ਅੰਤ ’ਚ ਯੂਨੀਅਨ ਨੇ ਐਲਾਨ ਕੀਤਾ ਕਿ 7 ਅਗਸਤ ਨੂੰ ਚੰਡੀਗੜ੍ਹ ਵਿੱਚ ਵੱਡੇ ਪੱਧਰ ਤੇ ਧਰਨਾ ਦਿੱਤਾ ਜਾਵੇਗਾ ਤੇ ਰੋਸ ਪ੍ਰਦਰਸ਼ਨ ਦੇ ਹਿੱਸੇ ਵਜੋਂ ਸੜਕਾਂ ਜਾਮ ਕੀਤੀਆਂ ਜਾਣਗੀਆਂ। ਆਗੂਆਂ ਨੇ ਸਮੂਹ ਪੈਨਸ਼ਨਰਾਂ ਨੂੰ ਵੱਡੀ ਗਿਣਤੀ ਵਿੱਚ ਕਾਫ਼ਲਿਆਂ ਸਮੇਤ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਮੀਟਿੰਗ ’ਚ ਸੁਰਜੀਤ ਸਿੰਘ ਸੀਤਾ ਖਿਆਲੀ, ਸ਼ਮਸ਼ੇਰ ਸਿੰਘ ਹਮੀਦੀ, ਬਿੱਕਰ ਸਿੰਘ ਖਿਆਲੀ, ਮਹਿੰਦਰ ਸਿੰਘ, ਗੋਬਿੰਦ ਸਿੰਘ, ਅਵਤਾਰ ਸਿੰਘ, ਮਘਰ ਸਿੰਘ, ਜਗਦੇਵ ਸਿੰਘ ਕੁਰੜ, ਹਰਜੋਧਨ ਸਿੰਘ ਮਾਂਗੇਵਾਲ, ਜਗਦੇਵ ਸਿੰਘ ਸਹੌਰ, ਅਜੈਬ ਸਿੰਘ ਛਾਪਾ, ਪਾਰਸ ਮਹਿਲ ਕਲਾਂ, ਜਗਸੀਰ ਸਿੰਘ ਝੋਰੜ, ਜਗਮੇਲ ਸਿੰਘ ਛੀਨੀਵਾਲ, ਹਰਮੇਲ ਸਿੰਘ ਗੋਬਿੰਦਗੜ੍ਹ, ਬਲਦੇਵ ਸਿੰਘ ਬਰਨਾਲਾ, ਸਿਆਮ ਸਿੰਘ ਖੇੜੀ, ਅਮਰੀਕ ਸਿੰਘ ਸਹੌਰ, ਮਹਿੰਦਰ ਸਿੰਘ ਸਹੌਰ, ਪਰਮਜੀਤ ਸਿੰਘ ਕੁਰੜ, ਰਜਿੰਦਰਪਾਲ ਕੌਰ ਨਿਹਾਲੂਵਾਲ, ਚਮਕੌਰ ਸਿੰਘ, ਸ਼ਿੰਗਾਰਾ ਸਿੰਘ, ਸੁਖਦੇਵ ਸਿੰਘ ਮਹਿਲ ਕਲਾਂ ਸਮੇਤ ਵੱਡੀ ਗਿਣਤੀ ਵਿੱਚ ਪੈਨਸ਼ਨਰ ਹਾਜ਼ਰ ਸਨ ।