ਪੰਜਾਬ ਸਰਕਾਰ ਬੇਸਹਾਰਾ ਗਊਧਨ ਦੀ ਸਾਂਭ-ਸੰਭਾਲ ਲਈ ਵਚਨਬੱਧ : ਕੀਮਤੀ ਭਗਤ ਪੰਜਾਬ ਸਰਕਾਰ ਬੇਸਹਾਰਾ ਗਊਧਨ ਦੀ ਸਾਂਭ-ਸੰਭਾਲ ਲਈ ਵਚਨਬੱਧ: ਕੀਮਤੀ ਭਗਤ
Publish Date: Tue, 14 Jul 2026 03:49 PM (IST)
Updated Date: Wed, 15 Jul 2026 04:01 AM (IST)
ਪੰਜਾਬ ਗਊ ਸੇਵਾ ਕਮਿਸ਼ਨ ਦੇ ਉਪ ਚੇਅਰਮੈਨ ਵੱਲੋਂ ਅਹਿਮ ਮੀਟਿੰਗ, ਸਰਕਾਰੀ ਗਊਸ਼ਾਲਾ ਮਨਾਲ ਦਾ ਵੀ ਕੀਤਾ ਦੌਰਾ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਦੀਆਂ ਸਾਰੀਆਂ ਗਊਸ਼ਾਲਾਵਾਂ ਨੂੰ ਮੁਫ਼ਤ ਗਊਧਨ ਲਿਫਟਰ ਦਿੱਤੇ ਜਾਣਗੇ। ਸੂਬਾ ਸਰਕਾਰ ਵੱਲੋਂ ਪੰਜਾਬ ਭਰ ਦੀਆਂ ਗਊਸ਼ਾਲਾਵਾਂ ਨੂੰ 3 ਕਰੋੜ ਤੋਂ ਵੱਧ ਦੀ ਲਾਗਤ ਨਾਲ 500 ਦੇ ਕਰੀਬ ਲਿਫਟਰ ਦਿੱਤੇ ਜਾਣੇ ਹਨ। ਇਹ ਪ੍ਰਗਟਾਵਾ ਉਪ ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ ਕੀਮਤੀ ਭਗਤ ਨੇ ਏਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ’ਚ ਪ੍ਰਸ਼ਾਸਨਿਕ ਅਤੇ ਵਿਭਾਗੀ ਅਧਿਕਾਰੀਆਂ ਅਤੇ ਗਊਸ਼ਾਲਾਵਾਂ ਦੇ ਪ੍ਰਬੰਧਕਾਂ ਨਾਲ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗਊਧਨ ਦੀ ਸੰਭਾਲ ਲਈ ਸੂਬਾ ਸਰਕਾਰ ਵੱਲੋਂ ਠੋਸ ਅਤੇ ਸਮੇਂਬੱਧ ਯੋਜਨਾ ਉੱਤੇ ਕੰਮ ਕੀਤਾ ਜਾ ਰਿਹਾ ਹੈ। ਪੰਜਾਬ ਗਊ ਸੇਵਾ ਕਮਿਸ਼ਨ ਦੇ ਉਪ ਚੇਅਰਮੈਨ ਕੀਮਤੀ ਭਗਤ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ’ਚ ਬੇਸਹਾਰਾ ਤੇ ਲਾਵਾਰਿਸ ਗਊਧਨ ਦੀ ਸੁਚੱਜੀ ਸਾਂਭ-ਸੰਭਾਲ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸੇ ਤਹਿਤ ਸੜਕਾਂ ਤੇ ਜਨਤਕ ਥਾਵਾਂ ਤੇ ਘੁੰਮ ਰਹੇ ਗਊਧਨ ਨੂੰ ਜਲਦ ਹੀ ਸਰਕਾਰੀ ਤੇ ਪ੍ਰਾਈਵੇਟ ਗਊਸ਼ਾਲਾਵਾਂ ’ਚ ਭੇਜਣ ਦੀ ਮੁਹਿੰਮ ਨੂੰ ਤੇਜ਼ ਕੀਤਾ ਜਾਵੇਗਾ, ਜਿਸ ਨਾਲ ਨਾ ਸਿਰਫ਼ ਗਊਧਨ ਦੀ ਸੁਰੱਖਿਆ ਯਕੀਨੀ ਬਣੇਗੀ, ਸਗੋਂ ਸੜਕ ਹਾਦਸਿਆਂ, ਟਰੈਫਿਕ ਸਮੱਸਿਆ ਤੇ ਕਿਸਾਨਾਂ ਦੀਆਂ ਫ਼ਸਲਾਂ ਦੇ ਨੁਕਸਾਨ ’ਚ ਵੀ ਕਮੀ ਆਵੇਗੀ। ਉਪ ਚੇਅਰਮੈਨ ਨੇ ਨਗਰ ਨਿਗਮ/ਕੌਂਸਲਾਂ ਤੇ ਸਥਾਨਕ ਸਰਕਾਰਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਖੇਤਰਾਂ ’ਚ ਵਿਸ਼ੇਸ਼ ਮੁਹਿੰਮ ਚਲਾਕੇ ਬੇਸਹਾਰਾ ਗਊਧਨ ਨੂੰ ਗਊਸ਼ਾਲਾਵਾਂ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਉਣ ਅਤੇ ਅਗਲੀ ਮੀਟਿੰਗ ’ਚ ਅੰਕੜੇ ਪੇਸ਼ ਕਰਨ। ਇਸ ਮੌਕੇ ਉਨ੍ਹਾਂ ਬੀਡੀਪੀਓਜ਼ ਨੂੰ ਵੀ ਗਉਧਨ ਦੀ ਸੰਭਾਲ ਲਈ ਜਗ੍ਹਾ ਦੀ ਸ਼ਨਾਖ਼ਤ ਲਈ ਕਿਹਾ। ਕੀਮਤੀ ਭਗਤ ਨੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਗਊਸ਼ਾਲਾਵਾਂ ਦਾ ਲਗਾਤਾਰ ਦੌਰਾ ਕਰਕੇ ਗਊਧਨ ਦੇ ਟੀਕਾਕਰਨ, ਮੈਡੀਕਲ ਕੈਂਪ ਤੇ ਸੰਪੂਰਨ ਰਿਕਾਰਡ ਸੰਭਾਲ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਜਿਨ੍ਹਾਂ ਗਊਸ਼ਾਲਾਵਾਂ ਦੇ ਬਿਜਲੀ ਬਿੱਲ ਮੁਆਫ਼ੀ ਦੇ ਕੇਸ ਲੰਬਿਤ ਹਨ, ਉਨ੍ਹਾਂ ਨੂੰ ਤੁਰੰਤ ਤਿਆਰ ਕਰਕੇ ਕਮਿਸ਼ਨ ਨੂੰ ਭੇਜਿਆ ਜਾਵੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਗਊਸ਼ਾਲਾਵਾਂ ਨੂੰ ਵੱਡੀ ਰਾਹਤ ਦਿੰਦਿਆਂ ਚਾਰੇ, ਸੁੱਕੇ ਚਾਰੇ ਤੇ ਹੋਰ ਖੁਰਾਕ ਲਈ ਪ੍ਰਤੀ ਗਊ ਰੋਜ਼ਾਨਾ ਸਹਾਇਤਾ ਰਾਸ਼ੀ ਵਧਾ ਕੇ 61 ਰੁਪਏ ਕਰ ਦਿੱਤੀ ਹੈ, ਜਿਸ ਨਾਲ ਗਊਸ਼ਾਲਾਵਾਂ ਦੀ ਆਰਥਿਕ ਮਜ਼ਬੂਤੀ ਤੇ ਗਊਧਨ ਦੀ ਬਿਹਤਰ ਦੇਖਭਾਲ ਸੰਭਵ ਹੋਵੇਗੀ। ਉਪ ਚੇਅਰਮੈਨ ਨੇ ਨਗਰ ਨਿਗਮ ਅਤੇ ਨਗਰ ਕੌਂਸਲਾਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਕਿ ਗਊਆਂ ਨੂੰ ਸੜਕਾਂ ਤੇ ਅਵਾਰਾ ਛੱਡਣ ਵਾਲੇ ਡੇਅਰੀ ਫਾਰਮਾਂ ਤੇ ਹੋਰ ਵਿਅਕਤੀਆਂ ਖ਼ਿਲਾਫ਼ ਮਿਊਂਸਪਲ ਐਕਟ ਤਹਿਤ ਜੁਰਮਾਨੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਤੋਂ ਇਲਾਵਾ ਜ਼ਿਲ੍ਹਾ ਪੁਲਿਸ ਨੂੰ ਗਊਧਨ ਦੀ ਸਮੱਗਲਿੰਗ ਦੇ ਮਾਮਲਿਆਂ ’ਚ ਸਖ਼ਤ ਨਿਗਰਾਨੀ ਰੱਖਣ ਅਤੇ ਦੋਸ਼ੀਆਂ ਵਿਰੁੱਧ ਤੁਰੰਤ ਐਫ.ਆਈ.ਆਰ. ਦਰਜ ਕਰਕੇ ਸਖ਼ਤ ਕਾਰਵਾਈ ਕਰਨ ਲਈ ਵੀ ਕਿਹਾ ਗਿਆ। ਮੀਟਿੰਗ ਦੌਰਾਨ ਉਪ ਚੇਅਰਮੈਨ ਨੇ ਗਊਸ਼ਾਲਾ ਪ੍ਰਬੰਧਕਾਂ ਨਾਲ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕਰਦਿਆਂ ਉਨ੍ਹਾਂ ਦੀਆਂ ਮੁਸ਼ਕਲਾਂ ਅਤੇ ਸੁਝਾਅ ਵੀ ਸੁਣੇ ਤੇ ਭਰੋਸਾ ਦਿੱਤਾ ਕਿ ਗਊਧਨ ਦੀ ਭਲਾਈ ਨਾਲ ਸਬੰਧਤ ਹਰੇਕ ਜਾਇਜ਼ ਮਸਲੇ ਦਾ ਤਰਜੀਹੀ ਆਧਾਰ ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹਰ ਤਿੰਨ ਮਹੀਨੇ ਬਾਅਦ ਗਊਸ਼ਾਲਾਵਾਂ ਦੇ ਪ੍ਰਬੰਧਕਾਂ ਨਾਲ ਮੀਟਿੰਗ ਕਰਨੀ ਯਕੀਨੀ ਬਣਾਈ ਜਾਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਜਿੰਦਰ ਸਿੰਘ ਬੇਦੀ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਸਮੇਂ ਸਮੇਂ ਉੱਤੇ ਮੀਟਿੰਗ ਕਰਕੇ ਸਰਕਾਰ ਦੇ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ। ਇਸ ਮੌਕੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਪਰਮਿੰਦਰ ਸਿੰਘ ਭੰਗੂ ਨੇ ਭਰੋਸਾ ਦਿਵਾਇਆ ਕਿ ਸਰਕਾਰੀ ਗਊਸ਼ਾਲਾ ਮਨਾਲ ’ਚ ਗਊਧਨ ਦੀ ਸੰਭਾਲ ਲਈ ਹਰ ਲੋੜੀਂਦਾ ਪ੍ਰਬੰਧ ਯਕੀਨੀ ਬਣਾਇਆ ਜਾਵੇਗਾ ਤੇ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਨੂੰ ਪੂਰੀ ਤਨਦੇਹੀ ਨਾਲ ਲਾਗੂ ਕੀਤਾ ਜਾਵੇਗਾ। ਇਸ ਮੌਕੇ ਐੱਸਡੀਐਮ ਮਹਿਲ ਕਲਾਂ ਬੇਅੰਤ ਸਿੰਘ ਸਿੱਧੂ, ਡਿਪਟੀ ਡਾਇਰੈਕਟਰ (ਪਸ਼ੂ ਪਾਲਣ ਵਿਭਾਗ) ਡਾ. ਕਰਮਜੀਤ ਸਿੰਘ, ਪੰਜਾਬ ਗਊ ਸੇਵਾ ਕਮਿਸ਼ਨ ਨੇ ਮੈਂਬਰ ਅਨਿਲ ਬਾਂਸਲ ਨਾਣਾ, ਰਾਜ ਕੁਮਾਰ ਸ਼ਰਮਾ, ਪਰਵੀਨ ਕੁਮਾਰ ਸਮੇਤ ਵੱਖ ਵੱਖ ਗਊਸ਼ਾਲਾਵਾਂ ਦੇ ਪ੍ਰਬੰਧਕ ਅਤੇ ਵੱਖ- ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।