- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੀਂਹਾਂ ਨਾਲ ਨੁਕਸਾਨੇ ਮਕਾਨਾਂ ਦਾ ਮੁਆਵਜ਼ਾ ਨਾ ਮਿਲਣ ’ਤੇ ਧਰਨਾ ਲਾਇਆ

ਪੰਜ ਪਿੰਡਾਂ ਦੇ ਪੀੜਤ ਮਜ਼ਦੂਰ ਪਰਿਵਾਰਾਂ ਨੇ ਬੀਡੀਪੀਓ ਦਫ਼ਤਰ ਅੱਗੇ ਕੀਤਾ ਰੋਸ ਪ੍ਰਦਰਸ਼ਨ
ਫੋਟੋ–30
ਕੈਪਸ਼ਨ–ਸ਼ੇਰਪੁਰ ਧਰਨੇ ਦੌਰਾਨ ਪੁਤਲਾ ਸਾੜਦੇ ਹੋਏ।
ਸੱਤਪਾਲ ਸਿੰਘ ਕਾਲਾਬੂਲਾ ਪੰਜਾਬੀ ਜਾਗਰਣ, ਮਾਲੇਰਕੋਟਲਾ/ਸ਼ੇਰਪੁਰ
ਪਿਛਲੇ ਸਾਲ ਮੀਂਹਾਂ ਕਾਰਨ ਨੁਕਸਾਨੇ ਅਤੇ ਪੂਰੀ ਤਰ੍ਹਾਂ ਢਹਿ ਗਏ ਮਕਾਨਾਂ ਦਾ ਸਰਕਾਰੀ ਸਰਵੇਖਣ ਹੋਣ ਦੇ ਬਾਵਜੂਦ ਮੁਆਵਜ਼ਾ ਨਾ ਮਿਲਣ ਦੇ ਰੋਸ ਵਜੋਂ ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਕਾਂਗਰਸ ਦੇ ਐੱਸ.ਸੀ. ਵਿਭਾਗ ਦੇ ਸੂਬਾ ਵਰਕਿੰਗ ਚੇਅਰਮੈਨ ਬਨੀ ਖੈਰਾ ਦੀ ਅਗਵਾਈ ਹੇਠ ਪੀੜਤ ਪਰਿਵਾਰਾਂ ਨੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ (ਬੀਡੀਪੀਓ) ਸ਼ੇਰਪੁਰ ਦੇ ਦਫ਼ਤਰ ਅੱਗੇ ਧਰਨਾ ਦਿੱਤਾ। ਇਸ ਦੌਰਾਨ ਪੰਜ ਪਿੰਡਾਂ ਦੇ ਪੀੜਤ ਮਜ਼ਦੂਰ ਪਰਿਵਾਰਾਂ ਨੇ ਹੱਥਾਂ ਵਿੱਚ ਤਖ਼ਤੀਆਂ ਫੜ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਮੁਆਵਜ਼ੇ ਦੀ ਮੰਗ ਕੀਤੀ।
ਧਰਨੇ ਵਿੱਚ ਬਲਾਕ ਦੇ ਪਿੰਡ ਟਿੱਬਾ, ਗੁਰਬਖ਼ਸ਼ਪੁਰਾ, ਕਾਲਾਬੂਲਾ, ਪੰਜਗਰਾਈਆਂ ਅਤੇ ਖੇੜੀ ਖੁਰਦ ਦੇ ਪ੍ਰਭਾਵਿਤ ਪਰਿਵਾਰਾਂ ਨੇ ਸ਼ਮੂਲੀਅਤ ਕੀਤੀ। ਧਰਨਾਕਾਰੀਆਂ ਨੇ ਬੀਡੀਪੀਓ ਸੰਜੀਵ ਕੁਮਾਰ ਰਾਹੀਂ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਨਾਂ ਮੰਗ ਪੱਤਰ ਸੌਂਪਿਆ। ਇਸ ਮਗਰੋਂ ਸ਼ੇਰਪੁਰ ਦੇ ਕਾਤਰੋਂ ਚੌਕ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਪੁਤਲੇ ਫੂਕ ਕੇ ਰੋਸ ਪ੍ਰਗਟਾਇਆ ਗਿਆ।
ਸਰਕਾਰੀ ਸਰਵੇਖਣ ਦੇ ਬਾਵਜੂਦ ਮੁਆਵਜ਼ਾ ਨਾ ਮਿਲਣ ’ਤੇ ਚੁੱਕੇ ਸਵਾਲ
ਬਨੀ ਖੈਰਾ ਨੇ ਕਿਹਾ ਕਿ ਮੀਂਹਾਂ ਕਾਰਨ ਨੁਕਸਾਨੇ ਮਕਾਨਾਂ ਸਬੰਧੀ ਕਰਵਾਇਆ ਗਿਆ ਸਰਕਾਰੀ ਸਰਵੇਖਣ ਪੀੜਤ ਪਰਿਵਾਰਾਂ ਲਈ ਮਹਿਜ਼ ਇੱਕ ਡਰਾਮਾ ਬਣ ਕੇ ਰਹਿ ਗਿਆ ਹੈ, ਕਿਉਂਕਿ ਪ੍ਰਭਾਵਿਤ ਲੋਕ ਅਜੇ ਵੀ ਮੁਆਵਜ਼ੇ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਟੇਜਾਂ ਤੋਂ ਐਲਾਨ ਕੀਤੇ ਸਨ ਕਿ ਮੀਂਹਾਂ ਕਾਰਨ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ, ਪਰ ਜੇਕਰ ਸਰਕਾਰ ਨੇ ਸਮੇਂ ਸਿਰ ਨੁਕਸਾਨੇ ਮਕਾਨਾਂ ਦਾ ਮੁਆਵਜ਼ਾ ਦੇ ਦਿੱਤਾ ਹੁੰਦਾ ਤਾਂ ਇਨ੍ਹਾਂ ਗ਼ਰੀਬ ਪਰਿਵਾਰਾਂ ਨੂੰ ਸਰਕਾਰੀ ਦਫ਼ਤਰਾਂ ਅੱਗੇ ਧਰਨੇ ਲਾਉਣ ਲਈ ਮਜਬੂਰ ਨਾ ਹੋਣਾ ਪੈਂਦਾ।
ਉਨ੍ਹਾਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ’ਤੇ ਵੀ ਨਿਸ਼ਾਨਾ ਸੇਧਦਿਆਂ ਕਿਹਾ ਕਿ ਲੋਕ ਮਿਲਣੀਆਂ ਦਾ ਅਸਲ ਮਕਸਦ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਉਨ੍ਹਾਂ ਦਾ ਹੱਲ ਕਰਨਾ ਹੈ, ਪਰ ਜਦੋਂ ਲੋਕਾਂ ਨੂੰ ਮਿਲਣ ਲਈ ਸਮਾਂ ਹੀ ਨਹੀਂ ਦਿੱਤਾ ਜਾਂਦਾ ਤਾਂ ਅਜਿਹੀਆਂ ਮਿਲਣੀਆਂ ਦਾ ਕੀ ਲਾਭ? ਉਨ੍ਹਾਂ ਦੱਸਿਆ ਕਿ ਵਿਧਾਇਕ ਨੂੰ ਧਰਨੇ ਵਿੱਚ ਸ਼ਾਮਲ ਹੋ ਕੇ ਪੀੜਤ ਪਰਿਵਾਰਾਂ ਦੀਆਂ ਸਮੱਸਿਆਵਾਂ ਸੁਣਨ ਲਈ ਬਕਾਇਦਾ ਸੱਦਾ ਦਿੱਤਾ ਗਿਆ ਸੀ ਅਤੇ ਸਟੇਜ ਤੇ ਕੁਰਸੀਆਂ ਦਾ ਪ੍ਰਬੰਧ ਵੀ ਕੀਤਾ ਗਿਆ ਸੀ, ਪਰ ਉਨ੍ਹਾਂ ਦੀ ਗ਼ੈਰ-ਹਾਜ਼ਰੀ ਕਾਰਨ ਲੋਕਾਂ ਨੂੰ ਨਿਰਾਸ਼ਾ ਹੋਈ।
------------
ਮੰਗਾਂ ਨਾ ਮੰਨੀਆਂ ਤਾਂ 21 ਪਿੰਡਾਂ ਨੂੰ ਨਾਲ ਲੈ ਕੇ ਵੱਡਾ ਧਰਨਾ ਦੇਣ ਦੀ ਚਿਤਾਵਨੀ
ਬਨੀ ਖੈਰਾ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪੀੜਤ ਪਰਿਵਾਰਾਂ ਨੂੰ ਜਲਦੀ ਮੁਆਵਜ਼ਾ ਨਾ ਦਿੱਤਾ ਗਿਆ ਅਤੇ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਉਹ 21 ਪਿੰਡਾਂ ਦੇ ਲੋਕਾਂ ਨੂੰ ਨਾਲ ਲੈ ਕੇ ਵੱਡੇ ਪੱਧਰ ’ਤੇ ਧਰਨਾ ਦੇਣ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਕੁਦਰਤੀ ਆਫ਼ਤ ਕਾਰਨ ਪਹਿਲਾਂ ਹੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਮਜ਼ਦੂਰ ਪਰਿਵਾਰਾਂ ਨੂੰ ਰਾਹਤ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੈ।
---------
ਗ੍ਰਾਂਟ ਮਿਲਦਿਆਂ ਹੀ ਰਕਮ ਖਾਤਿਆਂ ਵਿੱਚ ਪਾਈ ਜਾਵੇਗੀ: ਬੀਡੀਪੀਓ
ਧਰਨਾਕਾਰੀਆਂ ਵੱਲੋਂ ਸੌਂਪੇ ਮੰਗ ਪੱਤਰ ਦੇ ਜਵਾਬ ਵਿੱਚ ਬੀਡੀਪੀਓ ਸ਼ੇਰਪੁਰ ਸੰਜੀਵ ਕੁਮਾਰ ਨੇ ਭਰੋਸਾ ਦਿੱਤਾ ਕਿ ਸਰਕਾਰ ਵੱਲੋਂ ਸਰਵੇਖਣ ਅਨੁਸਾਰ ਗ੍ਰਾਂਟ ਜਾਰੀ ਹੋਣ ’ਤੇ ਸਬੰਧਤ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਰਕਮ ਪਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਯੋਗ ਪਰਿਵਾਰਾਂ ਦੇ ਨਾਂ ਸਰਵੇਖਣ ਵਿੱਚ ਸ਼ਾਮਲ ਨਹੀਂ ਹੋ ਸਕੇ, ਉਹ ਦਸੰਬਰ ਮਹੀਨੇ ਹੋਣ ਵਾਲੇ ਗ੍ਰਾਮ ਸਭਾ ਦੇ ਇਜਲਾਸ ਦੌਰਾਨ ਆਪਣੇ ਨਾਂ ਦਰਜ ਕਰਵਾ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਰਾਮ ਜੀ ਸਕੀਮ ਤਹਿਤ ਪਿੰਡਾਂ ਵਿੱਚ ਕੰਮ ਸ਼ੁਰੂ ਕਰਵਾਏ ਗਏ ਹਨ ਅਤੇ ਹੋਰ ਕੰਮ ਵੀ ਜਲਦੀ ਸ਼ੁਰੂ ਕਰਵਾਉਣ ਦੀ ਯੋਜਨਾ ਹੈ, ਤਾਂ ਜੋ ਮਜ਼ਦੂਰਾਂ ਨੂੰ ਰੁਜ਼ਗਾਰ ਮਿਲ ਸਕੇ।
ਧਰਨੇ ਦੌਰਾਨ ਬਲਵਿੰਦਰ ਕੌਰ ਖੇੜੀ ਖੁਰਦ, ਕਰਮਜੀਤ ਕੌਰ ਟਿੱਬਾ, ਅਮਰਜੀਤ ਕੌਰ ਕਾਲਾਬੂਲਾ, ਪਿਆਰਾ ਸਿੰਘ ਬਦੇਸ਼ਾ, ਸਾਧੂ ਰਾਮ ਸ਼ੇਰਪੁਰ, ਠੇਕੇਦਾਰ ਸੰਜੇ ਸਿੰਗਲਾ, ਪ੍ਰਗਟ ਪ੍ਰੀਤ, ਹਰਬੰਸ ਸਿੰਘ ਟਿੱਬਾ, ਦਾਰਾ ਸਿੰਘ ਕਾਲਾਬੂਲਾ, ਹਰਨੇਕ ਸਿੰਘ ਸ਼ੇਰਪੁਰੀ, ਡਾ. ਲਖਵਿੰਦਰ ਸਿੰਘ ਟਿੱਬਾ, ਬਹਾਦਰ ਸਿੰਘ ਚੌਧਰੀ, ਰਾਮ ਸਿੰਘ ਖੇੜੀ ਖੁਰਦ, ਨਰੈਣ ਸਿੰਘ ਬਾਜਵਾ, ਰੁਪਿੰਦਰ ਸਿੰਘ ਟਿੱਬਾ, ਦਰਸ਼ੀ ਗੰਡੇਵਾਲ, ਕਾਮਰੇਡ ਜਸਵੰਤ ਸਿੰਘ ਬੜੀ, ਹਰਪ੍ਰੀਤ ਸਿੰਘ ਕਾਲਾਬੂਲਾ, ਅਮਰਜੀਤ ਸਿੰਘ ਕਾਲਾਬੂਲਾ, ਇੰਦਰਜੀਤ ਬੜੀ, ਇੰਦਰਜੀਤ ਸਿੰਘ ਗੰਡੇਵਾਲ, ਮਨਜੀਤ ਸਿੰਘ ਭੱਠਲ ਕਾਲਾਬੂਲਾ, ਯੂਥ ਆਗੂ ਮਨੀ, ਪਿਆਰਾ ਸਿੰਘ ਪੰਜਗਰਾਈਆਂ, ਜਗਤਾਰ ਸਿੰਘ, ਜਗਦੀਪ ਸਿੰਘ, ਹਾਕਮ ਸਿੰਘ ਅਤੇ ਜੀਤ ਸਿੰਘ ਹੇੜੀਕੇ ਸਮੇਤ ਵੱਡੀ ਗਿਣਤੀ ਵਿੱਚ ਔਰਤਾਂ, ਕਾਂਗਰਸੀ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ। ਇਸ ਮੌਕੇ ਥਾਣਾ ਸ਼ੇਰਪੁਰ ਦੇ ਮੁਖੀ ਸਬ-ਇੰਸਪੈਕਟਰ ਗੁਰਦੇਵ ਸਿੰਘ ਪੁਲਿਸ ਪਾਰਟੀ ਸਮੇਤ ਮੌਜੂਦ ਰਹੇ।