ਸਮੂਹਿਕ ਛੁੱਟੀ ਲੈ ਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਸਰਕਾਰ ਵਿਰੁੱਧ ਕੀਤਾ ਰੋਸ ਮੁਜ਼ਾਹਰਾ ਸਮੂਹਿਕ ਛੁੱਟੀ ਲੈ ਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਵਿਰੁੱਧ ਕੀਤਾ ਰੋਸ ਮੁਜ਼ਾਹਰਾ
Publish Date: Wed, 21 Oct 2026 03:45 PM (IST)
Updated Date: Thu, 22 Oct 2026 04:00 AM (IST)
ਹੱਕੀ ਮੰਗਾਂ ਦੀ ਪੂਰਤੀ ਲਈ ਡੀਸੀ ਦਫ਼ਤਰ ਵਿਖੇ ਹੋਏ ਇਕੱਠੇ, ਮੰਗਾਂ ਨਾ ਮੰਨਣ ’ਤੇ 2027 ਦੀਆਂ ਚੋਣਾਂ ’ਚ ਸਬਕ ਸਿਖਾਉਣ ਦੀ ਚਿਤਾਵਨੀ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਸਾਂਝੀ ਤਾਲਮੇਲ ਕਮੇਟੀ, ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ, ਸਾਂਝਾ ਮੁਲਾਜ਼ਮ ਮੰਚ ਤੇ ਸਮੂਹ ਅਧਿਆਪਕ ਜਥੇਬੰਦੀਆਂ ਪੰਜਾਬ ਦੇ ਸੱਦੇ ’ਤੇ ਸਮੂਹਿਕ ਛੁੱਟੀ ਲੈ ਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ। ਇਸ ਦੌਰਾਨ ਜ਼ਿਲ੍ਹਾ ਬਰਨਾਲਾ ਦੇ ਵੱਖ-ਵੱਖ ਵਿਭਾਗਾਂ ਦੇ ਦਫ਼ਤਰਾਂ ਤੇ ਸਕੂਲਾਂ ’ਚ ਕੰਮਕਾਜ ਪ੍ਰਭਾਵਿਤ ਰਿਹਾ। ਵੱਡੀ ਗਿਣਤੀ ’ਚ ਮੁਲਾਜ਼ਮ ਅਤੇ ਪੈਨਸ਼ਨਰ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਇਕੱਠੇ ਹੋਏ ਤੇ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਤੇ ਮੰਗਾਂ ਪ੍ਰਤੀ ਅਣਗਹਿਲੀ ਵਾਲੇ ਰਵੱਈਏ ਵਿਰੁੱਧ ਨਾਅਰੇਬਾਜ਼ੀ ਕੀਤੀ। ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਮੁਲਾਜ਼ਮ ਆਗੂਆਂ ਮਨੋਹਰ ਲਾਲ ਅਰੋੜਾ, ਬਲਜਿੰਦਰ ਪ੍ਰਭੂ, ਦਰਸ਼ਨ ਚੀਮਾ, ਨਿਰਮਲਜੀਤ ਸਿੰਘ ਚਾਨੇ, ਮੋਹਨ ਸਿੰਘ ਛੰਨਾ ਤੇ ਇੰਜੀਨੀਅਰ ਕੇਵਲ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਨੂੰ ਲਗਾਤਾਰ ਅਣਗੌਲਿਆ ਕਰ ਰਹੀ ਹੈ, ਜਿਸ ਕਾਰਨ ਮੁਲਾਜ਼ਮ ਵਰਗ ’ਚ ਭਾਰੀ ਰੋਸ ਹੈ। ਉਨ੍ਹਾਂ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਪੰਜਾਬ ਪੇਅ ਸਕੇਲ ਮੁੜ ਲਾਗੂ ਕੀਤੇ ਜਾਣ, ਪੇਂਡੂ ਭੱਤਾ, ਬਾਰਡਰ ਭੱਤਾ ਤੇ ਬੰਦ ਕੀਤੇ ਗਏ 37 ਤਰ੍ਹਾਂ ਦੇ ਹੋਰ ਭੱਤੇ ਬਹਾਲ ਕੀਤੇ ਜਾਣ ਅਤੇ ਏਸੀਪੀ ਸਕੀਮ ਲਾਗੂ ਕੀਤੀ ਜਾਵੇ। ਆਗੂਆਂ ਨੇ ਕੰਪਿਊਟਰ ਅਧਿਆਪਕਾਂ ਤੇ ਐਨਐੱਸਕਿਊਐੱਫ ਮੁਲਾਜ਼ਮਾਂ ਨੂੰ ਸਿੱਖਿਆ ਵਿਭਾਗ ’ਚ ਸ਼ਾਮਲ ਕਰਨ, ਪੈਨਸ਼ਨਰਾਂ ਲਈ 2.59 ਦਾ ਗੁਣਾਂਕ ਲਾਗੂ ਕਰਨ ਤੇ 17 ਜੁਲਾਈ 2020 ਤੇ 15 ਜਨਵਰੀ 2015 ਦੇ ਪੱਤਰ ਰੱਦ ਕਰਕੇ ਬਣਦੇ ਵਿੱਤੀ ਲਾਭ ਦੇਣ ਦੀ ਮੰਗ ਵੀ ਕੀਤੀ। ਇਸ ਤੋਂ ਇਲਾਵਾ ਸਾਲ 2023 ’ਚ ਬਣਾਏ ਗਏ ਸਪੈਸ਼ਲ ਕਾਡਰ ਦੇ ਅਧਿਆਪਕਾਂ ਨੂੰ ਸੀਐੱਸਆਰ ਦੇ ਘੇਰੇ ’ਚ ਲਿਆਉਣ, ਸਮੂਹ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਤੇ ਆਂਗਣਵਾੜੀ ਵਰਕਰਾਂ, ਹੈਲਪਰਾਂ ਤੇ ਮਿਡ-ਡੇ-ਮੀਲ ਵਰਕਰਾਂ ਨੂੰ ਘੱਟੋ-ਘੱਟ ਉਜਰਤਾਂ ਸਬੰਧੀ ਕਾਨੂੰਨ ਅਨੁਸਾਰ ਹੱਕ ਦੇਣ ਦੀ ਮੰਗ ਉਠਾਈ ਗਈ। ਇਸ ਮੌਕੇ ਨਸ਼ਿਆਂ ਵਿਰੁੱਧ ਸੰਘਰਸ਼ ਕਰਨ ਵਾਲੇ ਮਾਨਸਾ ਦੇ ਸਾਥੀ ਪਰਵਿੰਦਰ ਸਿੰਘ ਝੋਟਾ ਤੇ ਨੇਹਾ ਸ਼ੌਰੀ ਦੇ ਨਸ਼ਾ ਵਿਰੋਧੀ ਲਹਿਰ ’ਚ ਪਾਏ ਯੋਗਦਾਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੇ ਪਰਿਵਾਰਾਂ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ ਗਈ। ਬੁਲਾਰਿਆਂ ਗੁਰਲਾਭ ਸਿੰਘ ਮੌੜ, ਨਰਿੰਦਰ ਸ਼ਹਿਣਾ, ਪਰਮਿੰਦਰ ਸਿੰਘ ਬਰਨਾਲਾ, ਗੁਰਪ੍ਰੀਤ ਸ਼ਹਿਣਾ, ਰਜਿੰਦਰ ਢਿੱਲੋਂ, ਰਮਨਦੀਪ ਸਿੰਗਲਾ, ਪ੍ਰਦੀਪ ਕੁਮਾਰ, ਗੁਰਪ੍ਰੀਤ ਭੋਤਨਾ, ਸੁਖਵਿੰਦਰ ਕੌਰ ਪੂਨਮ, ਕੁਲਦੀਪ ਨੈਣੇਵਾਲ, ਤਜਿੰਦਰ ਤੇਜੀ, ਸੁਖਚੈਨ ਜੇਠੁਕੇ, ਰੂਪ ਚੰਦ ਤਪਾ, ਅੰਸ਼ੂ ਗੁਪਤਾ, ਪ੍ਰਿੰਸੀਪਲ ਕੌਰ ਸਿੰਘ, ਸੁਖਜੰਟ ਸਿੰਘ, ਜਸਵੀਰ ਬੀਹਲਾ, ਨਵਨੀਤ ਸਿੰਘ ਭੱਠਲ, ਦਲਜਿੰਦਰ ਪੰਡੋਰੀ ਤੇ ਜਸਪਾਲ ਤਪਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਮੁਲਾਜ਼ਮ ਆਗੂਆਂ ਨਾਲ ਹਰ 15 ਦਿਨਾਂ ਬਾਅਦ ਮੀਟਿੰਗ ਕਰਨ ਦਾ ਭਰੋਸਾ ਦਿੱਤਾ ਗਿਆ ਸੀ, ਪਰ ਅਕਤੂਬਰ ਦੇ ਪਹਿਲੇ ਹਫ਼ਤੇ ਹੋਣ ਵਾਲੀ ਮੀਟਿੰਗ ਵਾਰ-ਵਾਰ ਯਾਦ ਕਰਵਾਉਣ ਦੇ ਬਾਵਜੂਦ ਨਹੀਂ ਕੀਤੀ ਗਈ। ਉਨ੍ਹਾਂ ਇਸ ਨੂੰ ਵਾਅਦਾ ਖ਼ਿਲਾਫ਼ੀ ਕਰਾਰ ਦਿੱਤਾ ਤੇ ਚਿਤਾਵਨੀ ਦਿੱਤੀ ਕਿ ਮੰਗਾਂ ਦਾ ਜਲਦ ਹੱਲ ਨਾ ਹੋਣ ’ਤੇ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਅੱਠ ਲੱਖ ਤੋਂ ਵੱਧ ਮੁਲਾਜ਼ਮ ਅਤੇ ਪੈਨਸ਼ਨਰ ਸਰਕਾਰ ਨੂੰ ਸਬਕ ਸਿਖਾਉਣਗੇ। ਆਗੂਆਂ ਨੇ ਦੱਸਿਆ ਕਿ ਅੱਜ ਪੰਜਾਬ ਭਰ ’ਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਉਨ੍ਹਾਂ ਐਲਾਨ ਕੀਤਾ ਕਿ 22 ਅਕਤੂਬਰ ਨੂੰ ਡੀਸੀ ਦਫ਼ਤਰ ਬਰਨਾਲਾ ਅੱਗੇ ਵਿਸ਼ਾਲ ਇਕੱਠ ਕੀਤਾ ਜਾਵੇਗਾ ਤੇ ਸ਼ਹਿਰ ’ਚ ਮੋਟਰਸਾਈਕਲ ਮਾਰਚ ਕੱਢ ਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਲੋਕਾਂ ਸਾਹਮਣੇ ਰੱਖੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਹੱਕਾਂ ਦੀ ਰਾਖੀ ਅਤੇ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਰਾਜੀਵ ਕੁਮਾਰ, ਹਰਿੰਦਰ ਮੱਲੀਆਂ, ਅਨਿਲ ਕੁਮਾਰ, ਜਗਵੰਤ ਸਿੰਘ, ਮੇਵਾ ਸਿੰਘ, ਸੁਰਿੰਦਰ ਸ਼ਰਮਾ, ਤੀਰਥ ਦਾਸ, ਨਿਰਮਲ ਚੁਹਾਣਕੇ, ਜੱਗਾ ਸਿੰਘ ਧਨੌਲਾ, ਜ਼ੋਰਾ ਸਿੰਘ ਖ਼ਿਆਲੀ, ਮਨਮੋਹਨ ਭੱਠਲ, ਹਰਵਿੰਦਰ ਬਰਨਾਲਾ, ਸੁਖਦੀਪ ਤਪਾ, ਇੰਜੀਨੀਅਰ ਗੁਰਪ੍ਰੀਤ ਸਿੰਘ ਬਰਨਾਲਾ, ਸੁਖਵਿੰਦਰ ਸਿੰਘ, ਈਸ਼ਰ ਸਿੰਘ ਚੀਮਾ, ਚੰਚਲ ਕੌਸ਼ਲ ਤੇ ਗੁਰਵਿੰਦਰ ਸਿੰਘ ਸਮੇਤ ਹੋਰ ਆਗੂ ਹਾਜ਼ਰ ਸਨ।