- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਜ਼ਦੂਰ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਐੱਸਐੱਸਪੀ ਦਫ਼ਤਰ ਅੱਗੇ ਧਰਨਾ

ਜਸਵੀਰ ਸਿੰਘ, ਪੰਜਾਬੀ ਜਾਗਰਣ
ਸੰਗਰੂਰ : ਪਿੰਡ ਭੁਟਾਲ ਕਲਾਂ ਦੇ ਇੱਕ ਮਜ਼ਦੂਰ ਪਰਿਵਾਰ ਨਾਲ ਕਥਿਤ ਧੱਕੇਸ਼ਾਹੀ ਦੇ ਵਿਰੋਧ ਵਿੱਚ ਮਜ਼ਦੂਰ ਜਥੇਬੰਦੀ ਵੱਲੋਂ ਸਦਰ ਥਾਣਾ ਲਹਿਰਾਗਾਗਾ ਦੇ ਸਾਹਮਣੇ ਪੱਕਾ ਧਰਨਾ ਲਾਇਆ ਗਿਆ ਸੀ। ਇਸ ਦੇ ਬਾਵਜੂਦ ਇਨਸਾਫ਼ ਨਾ ਮਿਲਣ ਤੋਂ ਨਾਰਾਜ਼ ਮਜ਼ਦੂਰਾਂ ਨੇ ਮੰਗਲਵਾਰ ਨੂੰ ਐੱਸਐੱਸਪੀ ਦਫ਼ਤਰ ਦੇ ਸਾਹਮਣੇ ਧਰਨਾ ਲਾਇਆ। ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਪ੍ਰਧਾਨ ਗੋਬਿੰਦ ਸਿੰਘ ਛਾਜਲੀ ਦੀ ਅਗਵਾਈ ਹੇਠ ਮਜ਼ਦੂਰਾਂ ਨੇ ਧਰਨੇ ਦੌਰਾਨ ਰੋਸ ਪ੍ਰਗਟਾਇਆ। ਉਨ੍ਹਾਂ ਦੱਸਿਆ ਕਿ ਝੋਨੇ ਦੇ ਸੀਜ਼ਨ ਦੌਰਾਨ ਪਿੰਡ ਭੁਟਾਲ ਕਲਾਂ ਦੇ ਮਜ਼ਦੂਰ ਪਰਿਵਾਰ ਨਾਲ ਸਬੰਧਿਤ ਰਾਜ ਸਿੰਘ ਦੀ ਪਿੰਡ ਦੇ ਹੀ ਇੱਕ ਕਿਸਾਨ ਅਤੇ ਭਾਜਪਾ ਆਗੂ ਨੇ ਖੇਤ ਵਿੱਚ ਜਾ ਕੇ ਕਥਿਤ ਤੌਰ ’ਤੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਸੀ।
ਮਜ਼ਦੂਰ ਆਗੂਆਂ ਨੇ ਦੋਸ਼ ਲਾਇਆ ਕਿ ਪੀੜਤ ਪਰਿਵਾਰ ਵੱਲੋਂ ਐੱਸਸੀ ਕਮਿਸ਼ਨ ਅਤੇ ਐੱਸਐੱਸਪੀ ਸੰਗਰੂਰ ਨੂੰ ਸ਼ਿਕਾਇਤਾਂ ਦੇਣ ਦੇ ਬਾਵਜੂਦ ਲਹਿਰਾਗਾਗਾ ਪੁਲਿਸ ਵੱਲੋਂ ਕਥਿਤ ਤੌਰ ’ਤੇ ਮੁਲਜ਼ਮ ਦਾ ਪੱਖ ਪੂਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਮ ਲੋਕਾਂ ਨੂੰ ਇਨਸਾਫ਼ ਦਿਵਾਉਣ ਵਿੱਚ ਅਸਫ਼ਲ ਸਾਬਤ ਹੋ ਰਹੀ ਹੈ, ਜਿਸ ਕਾਰਨ ਗ਼ਰੀਬ ਪਰਿਵਾਰਾਂ ਨੂੰ ਨਿਆਂ ਲਈ ਸੜਕਾਂ ’ਤੇ ਉਤਰਨਾ ਪੈ ਰਿਹਾ ਹੈ। ਮਜ਼ਦੂਰ ਆਗੂਆਂ ਨੇ ਸਪੱਸ਼ਟ ਕੀਤਾ ਕਿ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਨਿਰਮਲ ਸਿੰਘ ਭੁਟਾਲ, ਅਮਰਜੀਤ ਕੌਰ, ਰਣਜੀਤ ਸਿੰਘ ਛਾਜਲੀ, ਪੱਪੂ ਸਿੰਘ ਓਪਰ ਅਤੇ ਸਾਧਾ ਸਿੰਘ ਸਮੇਤ ਹੋਰ ਕਾਰਕੁੰਨ ਵੀ ਮੌਜੂਦ ਸਨ।