- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਅਸਮਾਨੀ ਚੜ੍ਹੀਆਂ, ਰਸੋਈ ਦਾ ਬਜਟ ਵਿਗੜਿਆ

ਦਾਲਾਂ, ਤੇਲ ਤੇ ਹੋਰ ਜ਼ਰੂਰੀ ਵਸਤਾਂ ਮਹਿੰਗੀਆਂ ਹੋਣ ਕਾਰਨ ਆਮ ਲੋਕਾਂ ਦੀ ਜੇਬ ’ਤੇ ਵਧਿਆ ਬੋਝ
ਘੱਟ ਤੇ ਮੱਧਵਰਗੀ ਪਰਿਵਾਰਾਂ ਲਈ ਘਰ ਦਾ ਗੁਜ਼ਾਰਾ ਕਰਨਾ ਬਣਿਆ ਚੁਣੌਤੀ
ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ,
ਮਾਲੇਰਕੋਟਲਾ : ਤਿਉਹਾਰਾਂ ਦੇ ਦਿਨਾਂ ਦੌਰਾਨ ਖਾਣ-ਪੀਣ ਦੀਆਂ ਜ਼ਰੂਰੀ ਵਸਤਾਂ ਦੀਆਂ ਵਧਦੀਆਂ ਕੀਮਤਾਂ ਨੇ ਆਮ ਲੋਕਾਂ ਦੇ ਘਰੇਲੂ ਬਜਟ ਦਾ ਤਾਣਾਬਾਣਾ ਵਿਗਾੜ ਕੇ ਰੱਖ ਦਿੱਤਾ ਹੈ। ਦਾਲਾਂ, ਖਾਣ ਵਾਲੇ ਤੇਲ, ਬੇਸਨ ਅਤੇ ਹੋਰ ਰੋਜ਼ਮਰ੍ਹਾ ਦੀਆਂ ਵਸਤਾਂ ਮਹਿੰਗੀਆਂ ਹੋਣ ਕਾਰਨ ਲੋਕਾਂ ਨੂੰ ਘਰ ਦਾ ਰਾਸ਼ਨ ਖਰੀਦਣ ਲਈ ਪਹਿਲਾਂ ਨਾਲੋਂ ਵਧੇਰੇ ਪੈਸੇ ਖਰਚਣੇ ਪੈ ਰਹੇ ਹਨ। ਮਹਿੰਗਾਈ ਦੀ ਮਾਰ ਕਾਰਨ ਖ਼ਾਸ ਕਰਕੇ ਘੱਟ ਅਤੇ ਮੱਧਵਰਗੀ ਪਰਿਵਾਰਾਂ ਲਈ ਸੀਮਤ ਆਮਦਨ ਵਿੱਚ ਘਰ ਦਾ ਗੁਜ਼ਾਰਾ ਚਲਾਉਣਾ ਔਖਾ ਹੁੰਦਾ ਜਾ ਰਿਹਾ ਹੈ।
ਸਤੰਬਰ ਦੇ ਮੁਕਾਬਲੇ ਅਕਤੂਬਰ ਮਹੀਨੇ ਦੌਰਾਨ ਕਈ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਇਸ ਦਾ ਸਿੱਧਾ ਅਸਰ ਘਰੇਲੂ ਰਸੋਈ ਦੇ ਖਰਚਿਆਂ ’ਤੇ ਪੈ ਰਿਹਾ ਹੈ। ਇੱਕ ਪਾਸੇ ਬਿਜਲੀ ਦੇ ਬਿੱਲ, ਬੱਚਿਆਂ ਦੀ ਪੜ੍ਹਾਈ, ਦਵਾਈਆਂ ਅਤੇ ਹੋਰ ਜ਼ਰੂਰੀ ਖਰਚੇ ਲਗਾਤਾਰ ਵਧ ਰਹੇ ਹਨ, ਉੱਥੇ ਹੀ ਦੂਜੇ ਪਾਸੇ ਰਾਸ਼ਨ ਦੀਆਂ ਕੀਮਤਾਂ ਵਿੱਚ ਵਾਧੇ ਨੇ ਪਰਿਵਾਰਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ।
ਘਰੇਲੂ ਔਰਤਾਂ ਦਾ ਕਹਿਣਾ ਹੈ ਕਿ ਦਾਲਾਂ ਅਤੇ ਖਾਣ ਵਾਲੇ ਤੇਲ ਵਰਗੀਆਂ ਵਸਤਾਂ ਹਰ ਘਰ ਦੀ ਬੁਨਿਆਦੀ ਲੋੜ ਹਨ। ਇਨ੍ਹਾਂ ਦੀ ਵਰਤੋਂ ਘਟਾਉਣਾ ਜਾਂ ਖਰੀਦਦਾਰੀ ਵਿੱਚ ਵੱਡੀ ਕਟੌਤੀ ਕਰਨਾ ਆਸਾਨ ਨਹੀਂ ਹੈ। ਅਜਿਹੇ ਵਿੱਚ ਜਦੋਂ ਰਾਸ਼ਨ ਦੀਆਂ ਕੀਮਤਾਂ ਵਧਦੀਆਂ ਹਨ ਤਾਂ ਮਹੀਨੇ ਦਾ ਬਜਟ ਸੰਭਾਲਣਾ ਮੁਸ਼ਕਲ ਹੋ ਜਾਂਦਾ ਹੈ। ਕਈ ਪਰਿਵਾਰਾਂ ਨੂੰ ਹੋਰ ਜ਼ਰੂਰੀ ਖਰਚਿਆਂ ਵਿੱਚ ਕਟੌਤੀ ਕਰਨੀ ਪੈਂਦੀ ਹੈ ਜਾਂ ਫਿਰ ਆਪਣੀਆਂ ਲੋੜਾਂ ਮੁਤਾਬਕ ਖਰੀਦਦਾਰੀ ਦੀ ਯੋਜਨਾ ਬਦਲਣੀ ਪੈਂਦੀ ਹੈ।
----
ਰਾਸ਼ਨ ਦੀ ਖਰੀਦਦਾਰੀ ’ਤੇ ਵੀ ਪੈਣ ਲੱਗਾ ਅਸਰ
ਸਥਾਨਿਕ ਕਰਿਆਨਾ ਦੇ ਦੁਕਾਨਦਾਰ ਪ੍ਰੇਮ ਸਿੰਘ ਨੇ ਦੱਸਿਆ ਕਿ ਸਤੰਬਰ ਦੇ ਮੁਕਾਬਲੇ ਅਕਤੂਬਰ ਵਿੱਚ ਕਈ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ ਹੈ। ਦਾਲਾਂ, ਛੋਲਿਆਂ ਅਤੇ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਧਣ ਕਾਰਨ ਗਾਹਕਾਂ ਦੀ ਖਰੀਦਦਾਰੀ ਦੇ ਢੰਗ ਵਿੱਚ ਵੀ ਤਬਦੀਲੀ ਆ ਰਹੀ ਹੈ। ਪਹਿਲਾਂ ਜਿਹੜੇ ਲੋਕ ਮਹੀਨੇ ਭਰ ਦਾ ਰਾਸ਼ਨ ਇਕੱਠਾ ਖਰੀਦ ਲੈਂਦੇ ਸਨ, ਉਹ ਹੁਣ ਲੋੜ ਮੁਤਾਬਕ ਥੋੜ੍ਹਾ-ਥੋੜ੍ਹਾ ਸਾਮਾਨ ਖਰੀਦਣ ਨੂੰ ਤਰਜੀਹ ਦੇ ਰਹੇ ਹਨ। ਕਈ ਗਾਹਕ ਕੀਮਤਾਂ ਦੀ ਤੁਲਨਾ ਕਰਨ ਤੋਂ ਬਾਅਦ ਹੀ ਖਰੀਦਦਾਰੀ ਕਰ ਰਹੇ ਹਨ।
ਮਹਿੰਗਾਈ ਦਾ ਸਭ ਤੋਂ ਵੱਧ ਅਸਰ ਉਨ੍ਹਾਂ ਪਰਿਵਾਰਾਂ ’ਤੇ ਪੈਂਦਾ ਹੈ, ਜਿਨ੍ਹਾਂ ਦੀ ਆਮਦਨ ਸੀਮਤ ਹੈ ਅਤੇ ਜਿਨ੍ਹਾਂ ਦੇ ਮਹੀਨਾਵਾਰ ਖਰਚੇ ਪਹਿਲਾਂ ਹੀ ਤੈਅ ਹਨ। ਆਮਦਨ ਵਿੱਚ ਵਾਧਾ ਨਾ ਹੋਣ ਦੇ ਬਾਵਜੂਦ ਜਦੋਂ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਮਹਿੰਗੀਆਂ ਹੋ ਜਾਂਦੀਆਂ ਹਨ ਤਾਂ ਪਰਿਵਾਰਾਂ ਲਈ ਆਪਣੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨਾ ਵੀ ਚੁਣੌਤੀ ਬਣ ਜਾਂਦਾ ਹੈ। ਇਸ ਲਈ ਵੱਧ ਰਹੀ ਮਹਿੰਗਾਈ ਕਾਰਨ ਆਮ ਆਦਮੀ ਦੇ ਤਿਉਹਾਰ ਫਿੱਕੇ ਜ਼ਰੂਰ ਰਹਿਣਗੇ।
-----
ਬਾਕਸ ਵਸਤਾਂ ਦੀਆਂ ਪਹਿਲਾਂ ਅਤੇ ਹੁਣ ਦੀਆਂ ਕੀਮਤਾਂ
ਪਹਿਲਾਂ/ਹੁਣ
ਛੋਲਿਆਂ ਦੀ ਦਾਲ 80/100
ਮਾਂਹ ਦੀ ਦਾਲ 110 /125
ਹਰਹਰ ਦਾਲ140/170
ਕਾਲੇ ਛੋਲੇ 80/100
ਰਾਜਮਾ 140/165
ਚਿੱਟੇ ਛੋਲੇ 130/150
ਸਰ੍ਹੋਂ ਦਾ ਤੇਲ 180/200
ਬੇਸਨ 85/120
ਮਸੂਰ ਦਾਲ 110/120
ਹਲਦੀ (100 ਗ੍ਰਾਮ) 25/40
ਰਿਫਾਇੰਡ ਤੇਲ 140 /160
ਰਿਹਾ ਹੈ।