ਬਿਜਲੀ ਕੱਟਾਂ ਨੇ ਪੰਜਾਬ ਦੇ ਲੋਕ ਕੀਤੇ ਬੇਹਾਲ: ਛਾਜਲੀ ਬਿਜਲੀ ਕੱਟਾਂ ਨੇ ਪੰਜਾਬ ਦੇ ਲੋਕ ਕੀਤੇ ਬੇਹਾਲ: ਛਾਜਲੀ
Publish Date: Sat, 12 Sep 2026 03:50 PM (IST)
Updated Date: Sun, 13 Sep 2026 04:02 AM (IST)
ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਮਜਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਗੋਬਿੰਦ ਸਿੰਘ ਛਾਜਲੀ, ਧਰਮਪਾਲ ਸੁਨਾਮ ਅਤੇ ਰਣਜੀਤ ਸਿੰਘ ਨੇ ਸੂਬੇ ਅੰਦਰ ਲੱਗ ਰਹੇ ਬਿਜਲੀ ਕੱਟਾਂ ਤੇ ਸੂਬੇ ਦੀ ਸਰਕਾਰ ਨੂੰ ਘੇਰਦਿਆਂ ਆਖਿਆ ਕਿ ਲੰਮੇ ਬਿਜਲੀ ਕੱਟਾਂ ਨੇ ਲੋਕਾਂ ਦਾ ਜਿਊਣਾ ਮੁਹਾਲ ਕਰ ਰੱਖਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਮੁਫ਼ਤ ਬਿਜਲੀ ਦੇਣ ਦੇ ਵੱਡੇ-ਵੱਡੇ ਦਾਅਵੇ ਤਾਂ ਕਰਦੀ ਹੈ, ਪਰ ਜਦੋਂ ਲੋਕਾਂ ਨੂੰ ਲੋੜ ਹੁੰਦੀ ਹੈ ਤਾਂ ਬਿਜਲੀ ਦੇ ਲੰਬੇ ਕੱਟ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹ ਰਹੇ ਹਨ। ਸਰਕਾਰ ਹਰ ਵਾਰ ਕੋਲੇ ਦੀ ਘਾਟ, ਤਕਨੀਕੀ ਸਮੱਸਿਆ ਜਾਂ ਹੋਰ ਕਾਰਨਾਂ ਦਾ ਹਵਾਲਾ ਦੇ ਕੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਨਹੀਂ ਝਾੜ ਸਕਦੀ।ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੂੰ ਪਹਿਲਾਂ ਤੋਂ ਪਤਾ ਸੀ ਕਿ ਬਿਜਲੀ ਦੀ ਮੰਗ ਵਧਣੀ ਹੈ ਤਾਂ ਕੋਲੇ ਅਤੇ ਬਿਜਲੀ ਉਤਪਾਦਨ ਦੇ ਲੋੜੀਂਦੇ ਪ੍ਰਬੰਧ ਸਮੇਂ ਸਿਰ ਕਿਉਂ ਨਹੀਂ ਕੀਤੇ ਗਏ? ਲੋਕਾਂ ਤੋਂ ਬਿਜਲੀ ਦੇ ਬਿੱਲ ਅਤੇ ਟੈਕਸ ਵਸੂਲਣ ਵੇਲੇ ਸਰਕਾਰ ਨੂੰ ਸਭ ਕੁਝ ਯਾਦ ਰਹਿੰਦਾ ਹੈ, ਪਰ ਬਿਜਲੀ ਦੇਣ ਦੀ ਵਾਰੀ ਆਉਂਦਿਆਂ ਪ੍ਰਬੰਧ ਕਿਉਂ ਫੇਲ੍ਹ ਹੋ ਜਾਂਦੇ ਹਨ? ਕਮਿਊਨਿਸ਼ਟ ਆਗੂਆਂ ਨੇ ਕਿਹਾ ਕਿ ਬਿਜਲੀ ਸੰਕਟ ਦਾ ਖਮਿਆਜ਼ਾ ਆਮ ਲੋਕਾਂ, ਮਜ਼ਦੂਰਾਂ ਅਤੇ ਗਰੀਬ ਪਰਿਵਾਰਾਂ ਨੂੰ ਭੁਗਤਣਾ ਪੈ ਰਿਹਾ ਹੈ। ਸਰਕਾਰ ਨੂੰ ਬਹਾਨੇ ਬਣਾਉਣ ਦੀ ਬਜਾਏ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਲੋਕਾਂ ਨੂੰ ਹਨੇਰੇ ਵਿੱਚ ਰੱਖ ਕੇ ਪੰਜਾਬ ਦੇ ਵਿਕਾਸ ਅਤੇ ਸੁਚੱਜੇ ਪ੍ਰਬੰਧਾਂ ਦੇ ਦਾਅਵੇ ਕਰਨਾ ਸਿਰਫ਼ ਲੋਕਾਂ ਨਾਲ ਧੋਖਾ ਹੈ। ਕਾਮਰੇਡ ਗੋਬਿੰਦ ਸਿੰਘ ਛਾਜਲੀ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਬਿਜਲੀ ਕੱਟਾਂ ਦੀ ਸਮੱਸਿਆ ਦਾ ਤੁਰੰਤ ਹੱਲ ਨਾ ਕੀਤਾ ਤਾਂ ਮਜਦੂਰ ਮੁਕਤੀ ਮੋਰਚਾ ਪੰਜਾਬ ਲੋਕਾਂ ਨੂੰ ਨਾਲ ਲੈਕੇ ਸਰਕਾਰ ਖ਼ਿਲਾਫ਼ ਸੰਘਰਸ਼ ਤੇਜ਼ ਕਰਨ ਲਈ ਮਜਬੂਰ ਹੋਵੇਗਾ।