ਸਿਰਦਰਦ ਬਣੇ ਪੋਲੀਥੀਨ ਦੇ ਲਿਫ਼ਾਫ਼ੇ, ਧੜੱਲੇ ਨਾਲ ਹੋ ਰਹੀ ਵਿਕਰੀ ਸਿਰਦਰਦ ਬਣੇ ਪੋਲੀਥੀਨ ਦੇ ਲਿਫ਼ਾਫ਼ੇ, ਧੜੱਲੇ ਨਾਲ ਹੋ ਰਹੀ ਵਿਕਰੀ
Publish Date: Fri, 28 Aug 2026 04:20 PM (IST)
Updated Date: Sat, 29 Aug 2026 04:01 AM (IST)
ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਸ਼ਹਿਰ ਵਿੱਚ ਸਿੰਗਲ ਯੂਜ਼ ਪੋਲੀਥੀਨ ਦੇ ਲਿਫ਼ਾਫ਼ਿਆਂ ਦੀ ਵਰਤੋਂ ’ਤੇ ਸਖ਼ਤ ਪਾਬੰਦੀ ਦੇ ਬਾਵਜੂਦ ਇਸ ਦੀ ਵਰਤੋਂ ਰੁਕਣ ਦਾ ਨਾਮ ਨਹੀਂ ਲੈ ਰਹੀ। ਬਾਜ਼ਾਰਾਂ, ਸਬਜ਼ੀ ਮੰਡੀ ਅਤੇ ਹੋਰ ਵਪਾਰਕ ਖੇਤਰਾਂ ਵਿੱਚ ਰੋਜ਼ਾਨਾ ਵੱਡੀ ਮਾਤਰਾ ਵਿੱਚ ਪੋਲੀਥੀਨ ਦੇ ਲਿਫ਼ਾਫ਼ੇ ਵਰਤੇ ਜਾ ਰਹੇ ਹਨ। ਦੁਕਾਨਦਾਰਾਂ ਤੋਂ ਲੈ ਕੇ ਗਾਹਕਾਂ ਤੱਕ ਇਨ੍ਹਾਂ ਦੀ ਵਰਤੋਂ ਕਰ ਰਹੇ ਹਨ। ਇਸ ਤੋਂ ਬਾਅਦ ਇਹ ਲਿਫ਼ਾਫ਼ੇ ਕੂੜੇ ਦੇ ਢੇਰਾਂ, ਨਿਕਾਸੀ ਨਾਲਿਆਂ ਅਤੇ ਸੀਵਰੇਜ ਲਾਈਨਾਂ ਤੱਕ ਪਹੁੰਚ ਰਹੇ ਹਨ। ਇਸ ਕਾਰਨ ਨਾ ਸਿਰਫ਼ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ, ਸਗੋਂ ਨਿਕਾਸੀ ਪ੍ਰਬੰਧ ਵੀ ਪ੍ਰਭਾਵਿਤ ਹੋ ਰਹੇ ਹਨ। ਸ਼ਹਿਰ ਵਿੱਚ ਰੋਜ਼ਾਨਾ ਨਿਕਲਣ ਵਾਲੇ 20-25 ਟਨ ਕੂੜੇ ਵਿੱਚ ਪੋਲੀਥੀਨ ਦੀ ਮਾਤਰਾ ਵੀ ਕਾਫ਼ੀ ਹੁੰਦੀ ਹੈ। ਇਸ ਨਾਲ ਨਜਿੱਠਣਾ ਹੁਣ ਨਗਰ ਕੌਂਸਲ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਲਈ ਵੱਡੀ ਚੁਣੌਤੀ ਬਣ ਗਿਆ ਹੈ। ਨਗਰ ਕੌਂਸਲ ਦੇ ਮੁੱਖ ਕੂੜਾ ਡੰਪ ’ਤੇ ਇਕੱਠੇ ਹੋਏ ਕਰੀਬ 16 ਹਜ਼ਾਰ ਐੱਮਟੀ ਕੂੜੇ ਦੇ ਨਿਪਟਾਰੇ ’ਤੇ ਕੌਂਸਲ ਵੱਲੋਂ 66.3 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਪਾਬੰਦੀ ਦੇ ਬਾਵਜੂਦ ਜਾਰੀ ਹੈ ਵਰਤੋਂ ਸਿੰਗਲ ਯੂਜ਼ ਪਾਲੀਥੀਨ ’ਤੇ ਪਾਬੰਦੀ ਲਾਗੂ ਹੋਣ ਦੇ ਬਾਵਜੂਦ ਬਾਜ਼ਾਰ ਵਿੱਚ ਇਸ ਦੀ ਆਸਾਨੀ ਨਾਲ ਉਪਲਬਧਤਾ ਕਈ ਸਵਾਲ ਖੜ੍ਹੇ ਕਰਦੀ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਨਗਰ ਕੌਂਸਲ ਵੱਲੋਂ ਕਦੇ-ਕਦਾਈਂ ਦੁਕਾਨਾਂ ਦੀ ਜਾਂਚ ਕਰਕੇ ਪੋਲੀਥੀਨ ਦੇ ਲਿਫ਼ਾਫ਼ੇ ਜ਼ਬਤ ਕੀਤੇ ਜਾਂਦੇ ਹਨ ਅਤੇ ਕਾਰਵਾਈ ਵੀ ਕੀਤੀ ਜਾਂਦੀ ਹੈ। ਪਰ ਕੁਝ ਸਮੇਂ ਬਾਅਦ ਮੁਹਿੰਮ ਠੰਢੇ ਬਸਤੇ ਪੈ ਜਾਂਦੀ ਹੈ। ਲਗਾਤਾਰ ਅਤੇ ਪ੍ਰਭਾਵਸ਼ਾਲੀ ਨਿਗਰਾਨੀ ਨਾ ਹੋਣ ਕਾਰਨ ਪੋਲੀਥੀਨ ਵੇਚਣ ਅਤੇ ਵਰਤਣ ਵਾਲਿਆਂ ਵਿੱਚ ਕਾਰਵਾਈ ਦਾ ਡਰ ਨਜ਼ਰ ਨਹੀਂ ਆਉਂਦਾ। --------- ਲੋਕਾਂ ਦੀ ਲਾਪਰਵਾਹੀ ਵੀ ਵੱਡਾ ਕਾਰਨ ਵਾਤਾਵਰਨ ਪ੍ਰੇਮੀ ਰੋਸ਼ਨ ਗਰਗ ਦਾ ਕਹਿਣਾ ਹੈ ਕਿ ਪੋਲੀਥੀਨ ਪ੍ਰਦੂਸ਼ਣ ਵਧਣ ਪਿੱਛੇ ਆਮ ਲੋਕਾਂ ਦੀ ਲਾਪਰਵਾਹੀ ਵੀ ਮੁੱਖ ਕਾਰਨ ਹੈ। ਜ਼ਿਆਦਾਤਰ ਲੋਕ ਘਰਾਂ ਅਤੇ ਦੁਕਾਨਾਂ ਤੋਂ ਨਿਕਲਣ ਵਾਲਾ ਕੂੜਾ ਪੋਲੀਥੀਨ ਦੇ ਲਿਫ਼ਾਫ਼ਿਆਂ ਵਿੱਚ ਭਰ ਕੇ ਖੁੱਲ੍ਹੇ ਵਿੱਚ ਜਾਂ ਨਿਕਾਸੀ ਨਾਲਿਆਂ ਵਿੱਚ ਸੁੱਟ ਦਿੰਦੇ ਹਨ। ਕੂੜਾ ਚੁੱਕਣ ਦੀ ਵਿਵਸਥਾ ਹੋਣ ਦੇ ਬਾਵਜੂਦ ਲੋਕ ਸਹੂਲਤ ਲਈ ਸੜਕਾਂ ’ਤੇ ਕੂੜਾ ਸੁੱਟ ਦਿੰਦੇ ਹਨ। ਇਸ ਤੋਂ ਬਾਅਦ ਇਹ ਲਿਫ਼ਾਫ਼ੇ ਨਾਲੀਆਂ ਅਤੇ ਸੀਵਰੇਜ ਤੱਕ ਪਹੁੰਚ ਜਾਂਦੇ ਹਨ। ਮੀਂਹ ਦੌਰਾਨ ਇਹੀ ਪੋਲੀਥੀਨ ਪਾਣੀ ਦੇ ਨਾਲ ਵਹਿ ਕੇ ਨਾਲਿਆਂ ਅਤੇ ਸੀਵਰੇਜ ਪਾਈਪਾਂ ਵਿੱਚ ਫਸ ਜਾਂਦੇ ਹਨ, ਜਿਸ ਕਾਰਨ ਸੀਵਰੇਜ ਜਾਮ ਹੋਣ ਦੀ ਸਮੱਸਿਆ ਪੈਦਾ ਹੁੰਦੀ ਹੈ। ਵਾਰ-ਵਾਰ ਸਫ਼ਾਈ ਕਰਨ ਦੇ ਬਾਵਜੂਦ ਸੀਵਰੇਜ ਦੀ ਸਮੱਸਿਆ ਪੂਰੀ ਤਰ੍ਹਾਂ ਹੱਲ ਨਹੀਂ ਹੋ ਪਾਉਂਦੀ। --------- ਬਰਸਾਤੀ ਨਾਲਿਆਂ ਅਤੇ ਸੀਵਰੇਜ ਦੀ ਨਿਕਾਸੀ ਵਿੱਚ ਵੱਡੀ ਰੁਕਾਵਟ ਸਮਾਜ ਸੇਵੀ ਸੰਦੀਪ ਸਿੰਘ ਭੁੱਲਣ ਦਾ ਕਹਿਣਾ ਹੈ ਕਿ ਸ਼ਹਿਰ ਦੇ ਬੱਸ ਸਟੈਂਡ ਦੇ ਬਾਹਰ ਮੌਜੂਦ ਬਰਸਾਤੀ ਨਾਲਾ ਅਤੇ ਸੁਨਾਮ ਰੋਡ ’ਤੇ ਸਥਿਤ ਨਾਲੇ ਪੋਲੀਥੀਨ ਨਾਲ ਭਰੇ ਨਜ਼ਰ ਆਉਂਦੇ ਹਨ। ਨਾਲਿਆਂ ਵਿੱਚ ਜਮ੍ਹਾਂ ਪੋਲੀਥੀਨ ਪਾਣੀ ਦੀ ਨਿਕਾਸੀ ’ਚ ਰੁਕਾਵਟ ਪੈਦਾ ਕਰਦਾ ਹੈ। ਮੀਂਹ ਦੇ ਸਮੇਂ ਜਦੋਂ ਪਾਣੀ ਦਾ ਵਹਾਅ ਵਧਦਾ ਹੈ ਤਾਂ ਰੁਕਾਵਟ ਕਾਰਨ ਪਾਣੀ ਭਰਨ ਦੀ ਸਥਿਤੀ ਪੈਦਾ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਸੀਵਰੇਜ ਲਾਈਨਾਂ ਵਿੱਚ ਪੋਲੀਥੀਨ ਫਸਣ ਕਾਰਨ ਵੀ ਨਿਕਾਸੀ ਪ੍ਰਬੰਧ ਪ੍ਰਭਾਵਿਤ ਹੁੰਦਾ ਹੈ। ਇਸ ਦਾ ਸੰਤਾਪ ਸਾਰਾ ਸ਼ਹਿਰ ਭੁਗਤ ਰਿਹਾ ਹੈ। ਖੁੱਲ੍ਹੇ ਨਾਲਿਆਂ ਨੂੰ ਅਸਥਾਈ ਤੌਰ ’ਤੇ ਢੱਕਿਆ ਜਾਣਾ ਚਾਹੀਦਾ ਹੈ, ਤਾਂ ਜੋ ਇਨ੍ਹਾਂ ਵਿੱਚ ਕੂੜਾ-ਕਰਕਟ ਅਤੇ ਪੋਲੀਥੀਨ ਨਾ ਸੁੱਟਿਆ ਜਾ ਸਕੇ। ਇਸ ਦੇ ਨਾਲ ਹੀ ਸਮੇਂ-ਸਿਰ ਇਨ੍ਹਾਂ ਦੀ ਸਫ਼ਾਈ ਵੀ ਕੀਤੀ ਜਾਣੀ ਚਾਹੀਦੀ ਹੈ। -------- ਪੋਲੀਥੀਨ ਕੂੜਾ ਬਣਿਆ ਨਗਰ ਕੌਂਸਲ ਲਈ ਚੁਣੌਤੀ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਅਸ਼ਵਨੀ ਕੁਮਾਰ ਦਾ ਕਹਿਣਾ ਹੈ ਕਿ ਪੋਲੀਥੀਨ ਦਾ ਵਧਦਾ ਕੂ਼ੜਾ ਨਗਰ ਕੌਂਸਲ ਲਈ ਨਵੀਂ ਚੁਣੌਤੀ ਬਣ ਗਿਆ ਹੈ। ਕੂੜੇ ਦੇ ਢੇਰਾਂ ਵਿੱਚੋਂ ਪੋਲੀਥੀਨ ਦੇ ਲਿਫ਼ਾਫ਼ਿਆਂ ਨੂੰ ਵੱਖ ਕਰਨਾ ਆਸਾਨ ਨਹੀਂ ਹੈ। ਇਸ ਦੇ ਨਾਲ ਹੀ ਨਾਲਿਆਂ ਅਤੇ ਸੀਵਰੇਜ ਵਿੱਚ ਫਸੇ ਲਿਫ਼ਾਫ਼ਿਆਂ ਨੂੰ ਕੱਢਣ ਲਈ ਕਰਮਚਾਰੀਆਂ ਨੂੰ ਵਾਧੂ ਮਿਹਨਤ ਕਰਨੀ ਪੈਂਦੀ ਹੈ। ਪੋਲੀਥੀਨ ਨਾਲਿਆਂ ਅਤੇ ਸੀਵਰੇਜ ਵਿੱਚ ਪਾਣੀ ਦੀ ਨਿਕਾਸੀ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕਰ ਦਿੰਦਾ ਹੈ। ਇਸ ਨਾਲ ਸਫ਼ਾਈ ਪ੍ਰਬੰਧ ’ਤੇ ਵਾਧੂ ਬੋਝ ਪੈਂਦਾ ਹੈ ਅਤੇ ਨਗਰ ਕੌਂਸਲ ਦੇ ਸਰੋਤਾਂ ਦੀ ਵੀ ਵਧੇਰੇ ਵਰਤੋਂ ਕਰਨੀ ਪੈਂਦੀ ਹੈ।