- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਸ਼ਾ ਤਸਕਰਾਂ ਖ਼ਿਲਾਫ਼ ਪੁਲਿਸ ਦਾ ਸਰਚ ਆਪਰੇਸ਼ਨ

ਸੱਤਪਾਲ ਕਾਲਾਬੂਲਾ/ ਜਸਪਾਲ ਲਾਡੇਵਾਲ, ਪੰਜਾਬੀ ਜਾਗਰਣ,
ਮਾਲੇਰਕੋਟਲਾ : ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ 'ਯੁੱਧ ਨਸ਼ਿਆਂ ਵਿਰੁੱਧ'ਮੁਹਿੰਮ ਤਹਿਤ ਥਾਣਾ ਸੰਦੌੜ ਅਧੀਨ ਪੈਂਦੇ ਕਸਬਾ ਭਰਾਲ, ਫਰਵਾਲੀ, ਕਲਿਆਣ, ਬਾਪਲਾ ਆਦਿ ਪਿੰਡਾਂ ਵਿੱਚ ਸਰਚ ਆਪਰੇਸ਼ਨ ਦੌਰਾਨ ਨਸ਼ਾ ਤਸਕਰਾਂ ਨੂੰ ਭਾਜੜਾਂ ਪਾਈਆਂ। ਇਸ ਕਾਰਵਾਈ ਦੌਰਾਨ ਪੁਲਿਸ ਪਾਰਟੀਆਂ ਨੇ ਸ਼ੱਕੀ ਥਾਵਾਂ ਦੀ ਜਾਂਚ ਕੀਤੀ।
ਡੀਐੱਸਪੀ ਮਾਲੇਰਕੋਟਲਾ ਮਾਨਵਜੀਤ ਸਿੰਘ ਨੇ ਦੱਸਿਆ ਕਿ ਮਾਲੇਰਕੋਟਲਾ ਅਤੇ ਸੰਦੌੜ ਦੀਆਂ ਪੁਲਿਸ ਪਾਰਟੀਆਂ ਵੱਲੋਂ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਖ਼ਿਲਾਫ਼ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਇਲਾਕੇ ਦੇ ਕਈ ਪਿੰਡਾਂ ਵਿੱਚ ਨਸ਼ਿਆਂ ਦੀ ਵਿਕਰੀ ਅਤੇ ਤਸਕਰੀ ਸਬੰਧੀ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ। ਇਨ੍ਹਾਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ’ਤੇ ਸਰਚ ਆਪਰੇਸ਼ਨ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਪੁਲਿਸ ਦਾ ਮੁੱਖ ਉਦੇਸ਼ ਨਸ਼ਿਆਂ ਦੀ ਸਪਲਾਈ ਲੜੀ ਨੂੰ ਤੋੜਨਾ, ਨਸ਼ਾ ਤਸਕਰਾਂ ’ਤੇ ਕਾਨੂੰਨੀ ਸ਼ਿਕੰਜਾ ਕਸਣਾ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਮਾਹੌਲ ਸਿਰਜਣਾ ਹੈ। ਇਸ ਤੋਂ ਇਲਾਵਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਦੀਆਂ ਗਤੀਵਿਧੀਆਂ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ।
ਮਾਲੇਰਕੋਟਲਾ ਦੇ ਨਵੇਂ ਆਏ ਐੱਸਐੱਸਪੀ ਹਰ ਕਮਲਪ੍ਰੀਤ ਸਿੰਘ ਖੱਖ ਵੱਲੋਂ ਜ਼ਿਲ੍ਹੇ ਅੰਦਰ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਪੁਲਿਸ ਕਾਰਵਾਈਆਂ ਤੇਜ਼ ਕੀਤੀਆਂ ਗਈਆਂ ਹਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਸ਼ਿਆਂ ਦੇ ਖਾਤਮੇ ਲਈ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿੱਚ ਸਰਚ ਆਪਰੇਸ਼ਨ ਅਤੇ ਹੋਰ ਕਾਨੂੰਨੀ ਕਾਰਵਾਈਆਂ ਜਾਰੀ ਰਹਿਣਗੀਆਂ।