ਸਫ਼ਾਈ ਕਰਮਚਾਰੀਆਂ 'ਤੇ ਲਾਠੀਚਾਰਜ ਕਰਨ ਵਾਲੇ ਪੁਲਿਸ ਅਧਿਕਾਰੀ ਬਖ਼ਸ਼ੇ ਨਹੀਂ ਜਾਣਗੇ ਸਫ਼ਾਈ ਕਰਮਚਾਰੀਆਂ 'ਤੇ ਲਾਠੀਚਾਰਜ ਕਰਨ ਵਾਲੇ ਪੁਲਿਸ ਅਧਿਕਾਰੀ ਬਖ਼ਸ਼ੇ ਨਹੀਂ ਜਾਣਗੇ
Publish Date: Mon, 27 Jul 2026 06:57 PM (IST)
Updated Date: Tue, 28 Jul 2026 04:05 AM (IST)
ਅਕਾਲੀ ਸਰਕਾਰ ਆਉਣ ਤੇ ਭੇਜਾਂਗੇ ਜੇਲ੍ਹ: ਸੁਖਬੀਰ ਸਿੰਘ ਬਾਦਲ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਵਿਖੇ ਆਪਣੇ ਹੱਕਾਂ ਲਈ ਰੋਸ ਪ੍ਰਦਰਸ਼ਨ ਕਰ ਰਹੇ ਸਫ਼ਾਈ ਕਰਮਚਾਰੀਆਂ ਤੇ ਹੋਏ ਲਾਠੀਚਾਰਜ ਦੀ ਤਿੱਖੀ ਨਿੰਦਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵਿਰੁੱਧ ਜ਼ੋਰਦਾਰ ਭੜਾਸ ਕੱਢੀ ਹੈ। ਨਗਰ ਨਿਗਮ ਬਰਨਾਲਾ ਦੇ ਵਿਹੜੇ ਵਿੱਚ ਧਰਨੇ ਤੇ ਬੈਠੇ ਕਾਮਿਆਂ ਦੇ ਹੱਕ ਵਿੱਚ ਹਾਂ ਦਾ ਨਾਅਰਾ ਮਾਰਦਿਆਂ ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਤੇ ਸਫ਼ਾਈ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇਗਾ ਅਤੇ ਜ਼ੁਲਮ ਕਰਨ ਵਾਲੇ ਪੁਲਿਸ ਅਧਿਕਾਰੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਕੇ ਉਨ੍ਹਾਂ ਨੂੰ ਜੇਲ੍ਹ ਦੀਆਂ ਸਿਲਾਖਾਂ ਪਿੱਛੇ ਭੇਜਿਆ ਜਾਵੇਗਾ। --ਪੁਲਿਸ ਅਧਿਕਾਰੀਆਂ ਨੂੰ ਚਿਤਾਵਨੀ ਅਤੇ ਬੂਥ ਕੈਪਚਰਿੰਗ ਦੇ ਦੋਸ਼ ਸਫਾਈ ਸੇਵਕਾਂ ਦੇ ਰੋਸ ਧਰਨੇ ਚ ਸ਼ਾਮਿਲ ਹੁੰਦਿਆਂ ਮੰਚ ਤੋਂ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਬਰਨਾਲਾ ਦੇ ਡੀ.ਐੱਸ.ਪੀ. ਅਤੇ ਐੱਸ.ਐੱਚ.ਓ. ਤੇ ਸਿੱਧਾ ਨਿਸ਼ਾਨਾ ਸਾਧਿਆ। ਉਨ੍ਹਾਂ ਦੋਸ਼ ਲਾਇਆ ਕਿ ਇਹ ਉਹੀ ਅਧਿਕਾਰੀ ਹਨ। ਜਿਨ੍ਹਾਂ ਨੇ ਲੰਘੀਆਂ ਚੋਣਾਂ ਵਿੱਚ ਸ਼ਰੇਆਮ ਬੂਥ ਕੈਪਚਰਿੰਗ ਕਰਵਾ ਕੇ ਆਮ ਆਦਮੀ ਪਾਰਟੀ ਨੂੰ ਇੱਕਤਰਫ਼ਾ ਜਿੱਤ ਦਿਵਾਈ ਸੀ। ਬਾਦਲ ਨੇ ਕਿਹਾ, ਸਾਡੇ ਹੱਕਾਂ ਲਈ ਲੜ ਰਹੇ ਲੋਕਾਂ ਤੇ ਅੱਤਿਆਚਾਰ ਕਰਨ ਵਾਲੇ ਅਧਿਕਾਰੀ ਬਚ ਨਹੀਂ ਸਕਦੇ। ਅਕਾਲੀ ਦਲ ਦੀ ਸਰਕਾਰ ਆਉਣ ਤੇ ਇਨ੍ਹਾਂ ਅਧਿਕਾਰੀਆਂ ਤੇ ਇਰਾਦਾ-ਏ-ਕਤਲ ਦਾ ਪਰਚਾ ਦਰਜ ਕੀਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਸਫ਼ਾਈ ਕਾਮਿਆਂ ਤੇ ਅੱਤਿਆਚਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਪ ਆਗੂਆਂ ਦੇ ਹੁਕਮਾਂ ਤੇ ਕੀਤਾ ਗਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਸਫ਼ਾਈ ਕਾਮਿਆਂ ਨੂੰ ਬਰਨਾਲਾ ਦੇ ਬਾਜ਼ਾਰਾਂ ਵਿੱਚ ਦੌੜਾ-ਦੌੜਾ ਕੇ ਡੰਡਿਆਂ ਨਾਲ ਕੁੱਟਿਆ ਗਿਆ ਹੈ, ਵੋਟਾਂ ਦੇ ਸਮੇਂ ਆਪ ਦੇ ਨੁਮਾਇੰਦਿਆਂ ਨੂੰ ਵੀ ਆਪਣੇ ਘਰਾਂ ਅਤੇ ਮੁਹੱਲਿਆਂ ਵਿੱਚੋਂ ਵੋਟਾਂ ਦੀ ਤਾਕਤ ਨਾਲ ਭਜਾਇਆ ਜਾਵੇ। --ਔਰਤਾਂ ’ਤੇ ਹੋਏ ਅੱਤਿਆਚਾਰ ’ਤੇ ਪ੍ਰਗਟਾਇਆ ਦੁੱਖ ਸਾਬਕਾ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਪੁਲਿਸ ਦੁਆਰਾ ਕੀਤੇ ਗਏ ਅੰਨ੍ਹੇਵਾਹ ਲਾਠੀਚਾਰਜ ਵਿੱਚ ਲਗਭਗ 17-18 ਬੀਬੀਆਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਈਆਂ ਹਨ। ਕਈਆਂ ਦੇ ਸਰੀਰ ਤੇ ਗੰਭੀਰ ਚੋਟਾਂ ਆਈਆਂ ਹਨ ਅਤੇ ਹੱਡੀਆਂ ਤੱਕ ਟੁੱਟ ਗਈਆਂ ਹਨ। ਉਨ੍ਹਾਂ ਇਸ ਕਾਰਵਾਈ ਨੂੰ ਮਨੁੱਖੀ ਅਧਿਕਾਰਾਂ ਦਾ ਨੰਗਾ ਨਾਚ ਦੱਸਿਆ। --ਪੇਪਰ ਲੀਕ ਮਾਮਲਾ: ਮੰਤਰੀ ਦੇ ਅਸਤੀਫ਼ੇ ਦੀ ਮੰਗ ਸੂਬੇ ਵਿੱਚ ਲਗਾਤਾਰ ਹੋ ਰਹੇ ਪੇਪਰ ਲੀਕ ਮਾਮਲਿਆਂ ਤੇ ਪੰਜਾਬ ਸਰਕਾਰ ਨੂੰ ਘੇਰਦਿਆਂ ਬਾਦਲ ਨੇ ਕਿਹਾ ਕਿ ਹੁਣ ਤੱਕ 6 ਭਰਤੀ ਪ੍ਰੀਖਿਆਵਾਂ ਦੇ ਪੇਪਰ ਲੀਕ ਹੋ ਚੁੱਕੇ ਹਨ। ਮੌਜੂਦਾ ਸਰਕਾਰ ਨੇ ਸਰਕਾਰੀ ਨੌਕਰੀਆਂ ਦੀ ਪ੍ਰਕਿਰਿਆ ਨੂੰ ਪੈਸਾ ਕਮਾਉਣ ਦੀ ਦੁਕਾਨ ਬਣਾ ਲਿਆ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਦਿੱਲੀ ਜਾਂ ਕੇਂਦਰ ਵਿੱਚ ਅਜਿਹੇ ਮਾਮਲਿਆਂ ਵਿੱਚ ਮੰਤਰੀ ਅਸਤੀਫ਼ਾ ਦੇ ਸਕਦੇ ਹਨ, ਤਾਂ ਪੰਜਾਬ ਦੇ ਸਬੰਧਤ ਮੰਤਰੀਆਂ ਤੋਂ ਅਸਤੀਫ਼ਾ ਕਿਉਂ ਨਹੀਂ ਲਿਆ ਜਾ ਰਿਹਾ? ਉਨ੍ਹਾਂ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਭ੍ਰਿਸ਼ਟ ਸਿਸਟਮ ਅਤੇ ਪੇਪਰ ਲੀਕ ਮਾਫ਼ੀਆ ਖ਼ਿਲਾਫ਼ ਆਰ-ਪਾਰ ਦੀ ਜੰਗ ਲੜੇਗਾ। -ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਮਾਂ ਪਾਰਟੀ ਹੈ ਅੰਤ ਵਿੱਚ ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਸਿਰਫ਼ ਪੰਜਾਬ ਨੂੰ ਲੁੱਟਣ ਲਈ ਆਉਂਦੀਆਂ ਹਨ। ਪਿਛਲੇ 10 ਸਾਲਾਂ ਵਿੱਚ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਆਪਣੀ ਮਾਂ ਪਾਰਟੀ ਹੈ, ਜੋ ਪੰਜਾਬ ਦੇ ਹੱਕਾਂ ਲਈ ਜਿਊਂਦੀ ਅਤੇ ਮਰਦੀ ਹੈ, ਇਸ ਲਈ ਸਾਰਿਆਂ ਨੂੰ ਇਕੱਠੇ ਹੋ ਕੇ ਆਪਣੀ ਖੇਤਰੀ ਪਾਰਟੀ ਦੀ ਸਰਕਾਰ ਬਣਾਉਣੀ ਚਾਹੀਦੀ ਹੈ। ਇਸ ਰੋਸ ਧਰਨੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਕਈ ਸੀਨੀਅਰ ਆਗੂਆਂ ਨੇ ਵੀ ਹਾਜ਼ਰੀ ਭਰੀ, ਸੰਤ ਬਲਬੀਰ ਸਿੰਘ ਘੁੰਨਸ ਸਾਬਕਾ ਸੰਸਦੀ ਸਕੱਤਰ ਅਤੇ ਐੱਸ.ਜੀ.ਪੀ.ਸੀ. ਮੈਂਬਰ, ਕੁਲਵੰਤ ਸਿੰਘ ਕੀਤੂ ਹਲਕਾ ਇੰਚਾਰਜ ਬਰਨਾਲਾ, ਐਡਵੋਕੇਟ ਸਤਨਾਮ ਸਿੰਘ ਰਾਹੀ ਹਲਕਾ ਇੰਚਾਰਜ ਭਦੌੜ, ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਜ਼ਿਲ੍ਹਾ ਪ੍ਰਧਾਨ, ਸੰਜੀਵ ਸ਼ੋਰੀ ਸਾਬਕਾ ਪ੍ਰਧਾਨ, ਨਗਰ ਕੌਂਸਲ, ਐਡਵੋਕੇਟ ਰੁਪਿੰਦਰ ਸਿੰਘ ਸੰਧੂ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਤਰਲੋਚਨ ਬਾਂਸਲ ਸਾਬਕਾ ਪ੍ਰਧਾਨ ਨਗਰ ਕੌਂਸਲ ਤਪਾ ਅਤੇ ਸੂਬਾ ਪ੍ਰਧਾਨ ਪੰਜਾਬ ਮਹਾਂ ਕਾਂਵੜ ਸੰਘ,ਜਸਵਿੰਦਰ ਕੌਰ ਸ਼ੇਰਗਿੱਲ ਅਤੇ ਬੇਅੰਤ ਕੌਰ ਖਹਿਰਾ ਮਹਿਲਾ ਵਿੰਗ ਆਗੂ ਆਦਿ ਸ਼ਾਮਲ ਸਨ।