ਮੂਰਤੀ ਚੋਰ ਕਾਬੂ, ਮੂਰਤੀ ਅਜੇ ਵੀ ਗਾਇਬ, ਲੈਪਟਾਪ ਤੇ ਏਸੀ ਹੋਏ ਬਰਾਮਦ ਬਰਨਾਲੇ ਆਲ਼ੀ ਪੁਲਿਸ ਨੇ ਫੜ੍ਹੇ ਭਗਵਾਨ ਮੂਰਤੀ ਚੋਰ
Publish Date: Wed, 09 Sep 2026 06:44 PM (IST)
Updated Date: Thu, 10 Sep 2026 04:02 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਜਨਮ ਅਸ਼ਟਮੀ ਵਾਲ਼ੇ ਦਿਹਾੜੇ ਬਰਨਾਲੇ ਸ਼ਹਿਰ ਚੋਂ ਪਿੱਤਲ ਦੀ ਭਾਰੀ-ਵਜ਼ਨ ਸ੍ਰੀ ਗਣੇਸ਼ ਜੀ ਦੀ ਮੂਰਤੀ ਚੋਰੀ ਕਰਨ ਆਲ਼ੇ ਚੋਰ ਨੂੰ ਬਰਨਾਲਾ ਪੁਲਿਸ ਨੇ ਨੱਪ ਤਾਂ ਲਿਆ ਪਰ ਭਗਵਾਨ ਦੀ ਮੂਰਤੀ ਲੱਭਣ ਚ ਪੁਲਿਸ ਦੇ ਹੱਥ ਅਜੇ ਤੱਕ ਖਾਲ਼ੀ ਈ ਨੇ। ਪੁਲਿਸ ਨੇ ਇਸ ਚੋਰ ਦੇ ਨਾਲ਼ ਪੱਕੇ ਬੇਲੀ ਦੋ ਹੋਰ ਚੋਰਾਂ ਨੂੰ ਵੀ ਕਾਬੂ ਕੀਤਾ ਹੈ। ਬੁੱਧਵਾਰ ਦੀ ਦਿਨ-ਢਲ਼ਦੀ ਨੂੰ ਸੀ.ਆਈ.ਏ. ਸਟਾਫ਼ ਬਰਨਾਲਾ ਵਿਖੇ ਪ੍ਰੈੱਸ ਅੱਗੇ ਪੇਸ਼ ਕਰਦਿਆਂ ਪੁਲਿਸ ਨੇ ਫੜ੍ਹੇ ਗਏ ਬੰਦਿਆਂ ਤੇ ਬਰਾਮਦ ਕੀਤੇ ਚੋਰੀ ਦੇ ਮਾਲ਼ ਦਾ ਖੁਲਾਸਾ ਕੀਤਾ। ਸੀ.ਆਈ.ਏ. ਸਟਾਫ਼ ਦੇ ਇੰਚਾਰਜ ਤੇ ਰਾਸ਼ਟਰਪਤੀ ਮੈਡਲ ਜੇਤੂ ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਜਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ ਆਲਮ ਦੇ ਹੁਕਮਾਂ ਤੇ ਸ਼ਹਿਰ ਚ ਚੋਰੀਆਂ ਰੋਕਣ ਲਈ ਵਿੱਢੀ ਮੁਹਿੰਮ ਤਹਿਤ ਇਹ ਸਫ਼ਲਤਾ ਮਿਲ਼ੀ ਹੈ। ਸਹਾਇਕ ਥਾਣੇਦਾਰ ਗੁਰਤੇਜ ਸਿੰਘ ਨੂੰ ਪੱਕੀ ਖ਼ਬਰ ਮਿਲ਼ੀ ਸੀ ਕਿ ਹਰਦੀਪ ਸਿੰਘ ਉਰਫ਼ ਦੀਪਾ ਵਾਸੀ ਰੋਡੇ ਫਾਟਕ, ਖੁੱਡੀ ਰੋਡ ਬਰਨਾਲਾ, ਜਸਪ੍ਰੀਤ ਸਿੰਘ ਉਰਫ਼ ਜੱਸੂ ਤੇ ਗੁਰਪ੍ਰੀਤ ਸਿੰਘ ਉਰਫ਼ ਬਿੱਲਾ ਵਾਸੀ ਗੁਰੂ ਤੇਗ ਬਹਾਦਰ ਨਗਰ, ਹੰਡਿਆਇਆ ਰੋਡ ਬਰਨਾਲਾ ਨੇ ਢਾਣੀ ਬਣਾਈ ਹੋਈ ਹੈ। ਇਹ ਢਾਣੀ ਚੋਰੀ ਦੇ ਮੋਟਰਸਾਈਕਲ ਤੇ ਚੜ੍ਹ ਕੇ ਬਰਨਾਲੇ ਸ਼ਹਿਰ ਤੇ ਆਲੇ-ਦੁਆਲ਼ੇ ਦੇ ਪਿੰਡਾਂ ਚ ਘਰਾਂ-ਦੁਕਾਨਾਂ ਦੇ ਤਾਲ਼ੇ ਭੰਨਦੀ ਸੀ। ਜਦੋਂ ਪੁਲਿਸ ਨੇ ਜਗਜੀਤਪੁਰਾ ਨੇੜੇ ਬੰਦ ਪਏ ਟੋਲ ਪਲਾਜ਼ੇ ਲਵੇ ਗੇੜੇ ਮਾਰਦੇ ਇਹਨਾਂ ਬੰਦਿਆਂ ਨੂੰ ਧਰ ਦਬੋਚਿਆ, ਤਾਂ ਅਦਾਲਤ ਚੋਂ ਰਿਮਾਂਡ ਲੈ ਕੇ ਕੀਤੀ ਪੁੱਛਗਿੱਛ ਚ ਜਸਪ੍ਰੀਤ ਸਿੰਘ ਜੱਸੂ ਨੇ ਮੰਨਿਆ ਕਿ ਉਸ ਨੇ ਹੰਡਿਆਇਆ ਰੋਡ ਤੇ ਨਾਨਕਸਰ ਰੋਡ ਤੇ ਆਰ.ਐੱਸ. ਇੰਟਰਪ੍ਰਾਈਜ਼ ਦੀ ਦੁਕਾਨ ਚੋਂ ਰਾਤ ਨੂੰ ਮਾਲ਼ ਚੁੱਕਿਆ ਸੀ। ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਚੋਰਾਂ ਤੋਂ ਬਰਾਮਦ ਕੀਤੇ ਗਏ ਸਮਾਨ ਚ 2 ਲੈਪਟੋਪ, 1.ਐੱਲ.ਈ.ਡੀ.,1 ਏ.ਸੀ., 1 ਗਰੈਂਡਰ ਚੋਰਾਂ ਦੀ ਨਿਸ਼ਾਨਦੇਹੀ ਤੇ ਪਿੰਡ ਚੂੰਘਾਂ ਤੋਂ ਬਰਾਮਦ ਕੀਤਾ ਹੈ। ਪੁਲਿਸ ਮੁਤਾਬਕ ਫੜ੍ਹੇ ਗਏ ਭਗਵਾਨ ਦੀ ਮੂਰਤੀ ਚੋਰ ਜਸਪ੍ਰੀਤ ਸਿੰਘ ਤੇ ਪਹਿਲਾਂ ਵੀ ਬਰਨਾਲੇ 1 ਤੇ ਅੰਮ੍ਰਿਤਸਰ ਚ 3 ਪਰਚੇ ਦਰਜ ਹਨ। ਪੁਲਿਸ ਹੁਣ ਇਹਨਾਂ ਕੋਲ਼ੋਂ ਡੂੰਘਾਈ ਨਾਲ਼ ਪੁੱਛਗਿੱਛ ਕਰ ਰਹੀ ਹੈ। -ਭਗਵਾਨ ਦੀ ਮੂਰਤੀ ਜਲਦ ਹੋਵੇਗੀ ਬਰਾਮਦ : ਬਲਜੀਤ ਸਿੰਘ ਸੀਆਈਏ ਸਟਾਫ਼ ਬਰਨਾਲਾ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ਬਾਅਦ ਤਿੰਨੇ ਚੋਰਾਂ ਨੂੰ ਮੁੜ ਮਾਣਯੋਗ ਅਦਾਲਤ ਚ ਪੇਸ਼ ਕਰਕੇ ਹੋਰ ਡੁੰਘਾਈ ਨਾਲ ਜਾਂਚ ਕਰਨ ਤੇ ਸ੍ਰੀ ਗਣੇਸ਼ ਜੀ ਭਗਵਾਨ ਦੀ ਮੂਰਤੀ ਬਰਾਮਦ ਕਰਨ ਲਈ ਮੁੜ ਤੋਂ ਇਹਨਾਂ ਦਾ ਅਦਾਲਤ ਤੋਂ ਰਿਮਾਂਡ ਹਾਸਿਲ ਕਰਨਗੇ ਤੇ ਡੁੰਘਾਈ ਨਾਲ ਜਾਂਚ ਕਰਦਿਆਂ ਭਗਵਾਨ ਦੀ ਮੂਰਤੀ ਸਮੇਤ ਹੋਰ ਵੀ ਕਈ ਚੋਰੀਆਂ ਦੇ ਭੇਤ ਖੁੱਲ੍ਹਣਗੇ।