- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਾਮ ਢਲਣ ਤੋਂ ਪਹਿਲਾਂ ਹੀ ਪਿੰਡਾਂ ’ਚ ਛਾ ਜਾਂਦਾ ਹੈ ਘੁੱਪ ਹਨੇਰਾ

ਸੱਤਪਾਲ ਸਿੰਘ ਕਾਲਾਬੂਲਾ ਪੰਜਾਬੀ ਜਾਗਰਣ,
ਮਾਲੇਰਕੋਟਲਾ/ਸ਼ੇਰਪੁਰ : ਸ਼ੇਰਪੁਰ ਅਤੇ ਨੇੜ਼ਲੇ ਪਿੰਡਾਂ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਖੇਤਾਂ ਵਿੱਚੋਂ ਉੱਠਦੇ ਧੂੰਏਂ ਨੇ ਇਲਾਕੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ, ਜਿਸ ਕਾਰਨ ਸ਼ਾਮ ਢਲਣ ਤੋਂ ਪਹਿਲਾਂ ਹੀ ਕਈ ਪਿੰਡਾਂ ਵਿੱਚ ਘੁੱਪ ਹਨੇਰੇ ਵਰਗਾ ਮਾਹੌਲ ਬਣ ਜਾਂਦਾ ਹੈ।
ਘਨੌਰੀ ਕਲਾਂ, ਘਨੌਰ ਕਲਾਂ, ਹਥਨ, ਬੁਰਜ ਨੌਧਰਾਣੀ ਸਮੇਤ ਸ਼ੇਰਪੁਰ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿੱਚ ਕਿਸਾਨਾਂ ਵੱਲੋਂ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਹੈਰਾਨੀ ਦੀ ਗੱਲ ਇਹ ਹੈ ਕਿ ਕਈ ਥਾਵਾਂ ’ਤੇ ਦਿਨ-ਦਿਹਾੜੇ ਹੀ ਸੜਕਾਂ ਦੇ ਬਿਲਕੁਲ ਨੇੜੇ ਪਰਾਲੀ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ। ਇਸ ਕਾਰਨ ਸੜਕਾਂ ਉੱਪਰ ਧੂੰਏਂ ਦੀ ਸੰਘਣੀ ਪਰਤ ਜਮ੍ਹਾਂ ਹੋ ਜਾਂਦੀ ਹੈ ਅਤੇ ਵਾਹਨ ਚਾਲਕਾਂ ਤੇ ਰਾਹਗੀਰਾਂ ਨੂੰ ਲੰਘਣ ਸਮੇਂ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਧੂੰਏਂ ਕਾਰਨ ਦੂਰ ਤੱਕ ਦਿਖਾਈ ਦੇਣਾ ਮੁਸ਼ਕਲ ਹੋ ਜਾਂਦਾ ਹੈ, ਜਿਸ ਨਾਲ ਸੜਕ ਹਾਦਸਿਆਂ ਦਾ ਖ਼ਤਰਾ ਵੀ ਵਧ ਜਾਂਦਾ ਹੈ।
ਪਰਾਲੀ ਸਾੜਨ ਨਾਲ ਉੱਠਦਾ ਧੂੰਆਂ ਸਿਰਫ਼ ਆਵਾਜਾਈ ਲਈ ਹੀ ਮੁਸ਼ਕਲਾਂ ਪੈਦਾ ਨਹੀਂ ਕਰ ਰਿਹਾ, ਸਗੋਂ ਲੋਕਾਂ ਦੀ ਸਿਹਤ ਲਈ ਵੀ ਗੰਭੀਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਬੱਚਿਆਂ, ਬਜ਼ੁਰਗਾਂ ਅਤੇ ਸਾਹ ਦੀਆਂ ਸਮੱਸਿਆਵਾਂ ਤੋਂ ਪੀੜਤ ਲੋਕਾਂ ਨੂੰ ਇਸ ਧੂੰਏਂ ਕਾਰਨ ਵਧੇਰੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅੱਖਾਂ ਵਿੱਚ ਜਲਣ, ਖੰਘ, ਸਾਹ ਲੈਣ ਵਿੱਚ ਤਕਲੀਫ਼ ਅਤੇ ਹੋਰ ਸਿਹਤ ਸਮੱਸਿਆਵਾਂ ਦਾ ਖ਼ਤਰਾ ਬਣਿਆ ਰਹਿੰਦਾ ਹੈ।
ਇਸ ਤੋਂ ਵੀ ਵਧੇਰੇ ਚਿੰਤਾਜਨਕ ਪਹਿਲੂ ਇਹ ਹੈ ਕਿ ਕਈ ਥਾਵਾਂ ’ਤੇ ਅੱਗ ਦੀ ਲਪੇਟ ਵਿੱਚ ਸੜਕਾਂ ਦੇ ਕਿਨਾਰਿਆਂ ’ਤੇ ਖੜ੍ਹੇ ਹਰੇ-ਭਰੇ ਰੁੱਖ ਵੀ ਆ ਰਹੇ ਹਨ। ਸਾਲਾਂ ਦੀ ਮਿਹਨਤ ਨਾਲ ਪਾਲੇ ਗਏ ਇਨ੍ਹਾਂ ਰੁੱਖਾਂ ਨੂੰ ਅੱਗ ਲੱਗਣ ਕਾਰਨ ਵਾਤਾਵਰਨ ਨੂੰ ਹੋਣ ਵਾਲਾ ਨੁਕਸਾਨ ਹੋਰ ਵੀ ਵਧ ਜਾਂਦਾ ਹੈ। ਵਾਤਾਵਰਨ ਪ੍ਰੇਮੀਆਂ ਨੇ ਇਸ ਵਰਤਾਰੇ ’ਤੇ ਡੂੰਘਾ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇੱਕ ਪਾਸੇ ਸਰਕਾਰ ਵੱਲੋਂ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਵਾਤਾਵਰਨ ਬਚਾਉਣ ਦੇ ਸੱਦੇ ਦਿੱਤੇ ਜਾਂਦੇ ਹਨ, ਜਦਕਿ ਦੂਜੇ ਪਾਸੇ ਸੜਕਾਂ ਕਿਨਾਰੇ ਲੱਗੇ ਰੁੱਖ ਪਰਾਲੀ ਦੀਆਂ ਅੱਗਾਂ ਦੀ ਭੇਟ ਚੜ੍ਹ ਰਹੇ ਹਨ।
-----------
ਕਿਸਾਨਾਂ ਲੋਕ ਲੱਖਾਂ ਪਰਾਲੀ ਨੂੰ ਸਾੜਨ ਦੀ ਦੱਸਿਆ ਮਜਬੂਰੀ
ਦੂਜੇ ਪਾਸੇ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਰਵਿੰਦਰ ਸਿੰਘ ਕਾਸ਼ਾਪੁਰ ਨੇ ਕਿਹਾ ਕਿ ਕਿਸਾਨਾਂ ਵੱਲੋਂ ਪਰਾਲੀ ਸਾੜਨਾ ਕੋਈ ਸ਼ੌਕ ਨਹੀਂ, ਸਗੋਂ ਮਜਬੂਰੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਅਜੇ ਤੱਕ ਪਰਾਲੀ ਦੇ ਨਿਪਟਾਰੇ ਲਈ ਅਜਿਹਾ ਢੁੱਕਵਾਂ ਅਤੇ ਕਿਫ਼ਾਇਤੀ ਬਦਲ ਮੁਹੱਈਆ ਨਹੀਂ ਕਰਵਾਇਆ ਗਿਆ, ਜਿਸ ਨੂੰ ਹਰ ਕਿਸਾਨ ਆਸਾਨੀ ਨਾਲ ਅਪਣਾ ਸਕੇ। ਉਨ੍ਹਾਂ ਅਨੁਸਾਰ ਛੋਟੇ ਅਤੇ ਦਰਮਿਆਨੇ ਕਿਸਾਨਾਂ ਸਾਹਮਣੇ ਪਰਾਲੀ ਦੇ ਪ੍ਰਬੰਧਨ ਲਈ ਆਰਥਿਕ ਅਤੇ ਤਕਨੀਕੀ ਮੁਸ਼ਕਲਾਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਨੂੰ ਸਿਰਫ਼ ਚਿਤਾਵਨੀਆਂ ਦੇਣ ਦੀ ਬਜਾਏ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਵਿਹਾਰਕ ਪ੍ਰਬੰਧ ਕਰਨੇ ਚਾਹੀਦੇ ਹਨ।