ਓਵਰਬ੍ਰਿਜਾਂ ਦੇ ਧੀਮੇ ਕੰਮ ਤੋਂ ਲੋਕ ਖ਼ਫ਼ਾ, ਬਡਬਰ ਟੋਲ ਫ੍ਰੀ ਕਰਨ ਦੀ ਮੰਗ ਬਰਨਾਲਾ-ਬਠਿੰਡਾ ਹਾਈਵੇ ’ਤੇ ਹੰਡਿਆਇਆ ਤੇ ਤਪਾ ਓਵਰਬ੍ਰਿਜਾਂ ਦੇ ਧੀਮੇ ਕੰਮ ਤੋਂ ਲੋਕ ਖ਼ਫ਼ਾ, ਬਡਬਰ ਟੋਲ ਫ੍ਰੀ ਕਰਨ ਦੀ ਮੰਗ
Publish Date: Wed, 11 Nov 2026 07:22 PM (IST)
Updated Date: Thu, 12 Nov 2026 04:03 AM (IST)
ਨਿਤ ਦਿਨ ਹੋ ਰਹੇ ਹਾਦਸੇ, ਲੱਗ ਰਹੇ ਜਾਮ ਤੋਂ ਲੋਕ ਪਰੇਸ਼ਾਨ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇ ਨੰਬਰ-7 ’ਤੇ ਜ਼ਿਲ੍ਹਾ ਬਰਨਾਲਾ ਦੀ ਸਬ-ਡਿਵੀਜ਼ਨ ਤਪਾ ਮੰਡੀ ਅਤੇ ਹੰਡਿਆਇਆ ਚੌਂਕ ਵਿੱਚ ਅਧਿਕਾਰੀਆਂ ਅਤੇ ਠੇਕੇਦਾਰਾਂ ਦੀ ਅਣਗਹਿਲੀ ਨਾਲ ਸਮੇਂ ਤੋਂ ਪਹਿਲਾਂ ਹੀ ਢਹਿ-ਢੇਰੀ ਹੋਏ ਓਵਰਬ੍ਰਿਜਾਂ ਦਾ ਮੁੜ-ਨਿਰਮਾਣ ਪ੍ਰਸ਼ਾਸਨ ਲਈ ਵੱਡੀ ਸਿਰਦਰਦੀ ਬਣਿਆ ਹੋਇਆ ਹੈ। ਭਾਵੇਂ ਮੁਰੰਮਤ ਤਹਿਤ ਇਹਨਾਂ ਪੁਲਾਂ ਨੂੰ ਸੜਕ ਤੱਕ ਢਾਹ ਕੇ ਮੁੱਢ ਤੋਂ ਬਣਾਉਣਾ ਸ਼ੁਰੂ ਤਾਂ ਕਰ ਦਿੱਤਾ ਗਿਆ ਹੈ, ਪਰ ਕੰਮ ਦੀ ਬੇਹੱਦ ਮੱਠੀ ਰਫ਼ਤਾਰ ਨੇ ਇਲਾਕਾ ਨਿਵਾਸੀਆਂ ਅਤੇ ਰਾਹਗੀਰਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ। ਮਾਣਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਕ ਸੁਚਾਰੂ ਅਤੇ ਨਿਰਵਿਘਨ ਆਵਾਜਾਈ ਮੁਹੱਈਆ ਨਾ ਕਰਵਾਏ ਜਾਣ ਦੇ ਬਾਵਜੂਦ ਬਡਬਰ ਟੋਲ ਪਲਾਜ਼ਾ ’ਤੇ ਲੋਕਾਂ ਤੋਂ ਮੋਟਾ ਟੈਕਸ ਵਸੂਲਿਆ ਜਾ ਰਿਹਾ ਹੈ। ਇਸ ਤੋਂ ਅੱਕੇ ਹੋਏ ਇਲਾਕਾ ਨਿਵਾਸੀਆਂ ਨੇ ਹੁਣ ਨੈਸ਼ਨਲ ਹਾਈਵੇ ਅਥਾਰਟੀ ਖ਼ਿਲਾਫ਼ ਮੋਰਚਾ ਖੋਲ੍ਹਣ ਦਾ ਮਨ ਬਣਾ ਲਿਆ ਹੈ। ਰੋਜ਼ਾਨਾ ਲੱਗਦੇ ਹਨ ਲੰਮੇ ਜਾਮ, ਵਾਪਰ ਰਹੇ ਹਨ ਹਾਦਸੇ ਇਨ੍ਹਾਂ ਦੋਵੇਂ ਅਧੂਰੇ ਓਵਰਬ੍ਰਿਜਾਂ ਕਾਰਨ ਹਾਈਵੇ ’ਤੇ ਲੰਮੇ-ਲੰਮੇ ਜਾਮ ਲੱਗਣਾ ਆਮ ਗੱਲ ਹੋ ਗਈ ਹੈ। ਸਥਾਨਕ ਵਸਨੀਕਾਂ ਹਰਮੇਲ ਸਿੰਘ, ਨਛੱਤਰ ਸਿੰਘ, ਗੁਰਮੇਲ ਸਿੰਘ, ਹਰਭਜਨ ਸਿੰਘ ਅਤੇ ਗੁਰਨਾਮ ਸਿੰਘ ਨੇ ਦੱਸਿਆ ਕਿ ਹੰਡਿਆਇਆ ਚੌਂਕ ਇੱਕ ਅਹਿਮ ਪੁਆਇੰਟ ਹੈ, ਜਿੱਥੋਂ ਬਠਿੰਡਾ, ਮਾਨਸਾ ਅਤੇ ਪਟਿਆਲਾ ਵੱਲ ਜਾਣ ਵਾਲੀਆਂ ਬੱਸਾਂ ਸਮੇਤ ਭਾਰੀ ਵਾਹਨ ਲੰਘਦੇ ਹਨ। ਓਵਰਬ੍ਰਿਜ ਦਾ ਕੰਮ ਅਧੂਰਾ ਹੋਣ ਕਾਰਨ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ, ਜਿਸ ਕਰਕੇ ਲੋਕਾਂ ਦਾ ਸਮਾਂ ਅਤੇ ਪੈਸਾ ਦੋਵੇਂ ਬਰਬਾਦ ਹੋ ਰਹੇ ਹਨ। --ਧੁੰਦ ਤੇ ਧੂੰਏਂ ਨੇ ਵਧਾਈਆਂ ਮੁਸ਼ਕਲਾਂ, ਨਾ ਰਿਫਲੈਕਟਰ ਨਾ ਪ੍ਰਬੰਧ ਲੋਕਾਂ ਨੇ ਦੱਸਿਆ ਕਿ ਇਨ੍ਹੀਂ ਦਿਨੀਂ ਧੁੰਦ ਅਤੇ ਪਰਾਲੀ ਦੇ ਧੂੰਏਂ ਕਾਰਨ ਵਿਜ਼ੀਬਿਲਟੀ (ਦਿਖਣ ਦੀ ਸਮਰੱਥਾ) ਬਹੁਤ ਘੱਟ ਗਈ ਹੈ। ਅਜਿਹੇ ਹਾਲਾਤਾਂ ਵਿੱਚ ਅਧਿਕਾਰੀਆਂ ਵੱਲੋਂ ਹਾਦਸਿਆਂ ਨੂੰ ਰੋਕਣ ਲਈ ਕੋਈ ਢੁੱਕਵੇਂ ਪ੍ਰਬੰਧ ਨਹੀਂ ਕੀਤੇ ਗਏ। ਮੌਕੇ ’ਤੇ ਨਾ ਤਾਂ ਆਵਾਜਾਈ ਨੂੰ ਕੰਟਰੋਲ ਕਰਨ ਲਈ ਮੁਲਾਜ਼ਮ ਤਾਇਨਾਤ ਹਨ ਅਤੇ ਨਾ ਹੀ ਰਿਫਲੈਕਟਰ ਜਾਂ ਚੇਤਾਵਨੀ ਬੋਰਡ ਲਗਾਏ ਗਏ ਹਨ, ਜਿਸ ਕਾਰਨ ਅਣਜਾਣ ਰਾਹਗੀਰ ਲਗਾਤਾਰ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਇੱਥੇ ਹੁਣ ਤੱਕ ਕਈ ਲੋਕ ਜ਼ਖ਼ਮੀ ਹੋ ਚੁੱਕੇ ਹਨ ਅਤੇ ਕਈ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਹਨ। --ਟੋਲ ਪਲਾਜ਼ਾ ਮੁਫ਼ਤ ਕਰਨ ਦੀ ਮੰਗ ਵੱਖ-ਵੱਖ ਜਥੇਬੰਦੀਆਂ ਦੇ ਬੁਲਾਰਿਆਂ ਅਤੇ ਆਗੂਆਂ ਨੇ ਮੰਗ ਕੀਤੀ ਹੈ ਕਿ ਨੈਸ਼ਨਲ ਹਾਈਵੇ ਦੇ ਉੱਚ ਅਧਿਕਾਰੀ ਤੁਰੰਤ ਮਾਮਲੇ ਦਾ ਨੋਟਿਸ ਲੈ ਕੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ। ਜਦੋਂ ਤੱਕ ਤਪਾ ਅਤੇ ਹੰਡਿਆਇਆ ਓਵਰਬ੍ਰਿਜਾਂ ਦਾ ਕੰਮ ਪੂਰਾ ਨਹੀਂ ਹੁੰਦਾ, ਉਦੋਂ ਤੱਕ ਬਡਬਰ ਟੋਲ ਪਲਾਜ਼ਾ ਆਮ ਲੋਕਾਂ ਲਈ ਬਿਲਕੁਲ ਮੁਫ਼ਤ ਕੀਤਾ ਜਾਵੇ। ਸੜਕ ’ਤੇ ਤੁਰੰਤ ਆਵਾਜਾਈ ਸੁਚਾਰੂ ਬਣਾਉਣ ਲਈ ਟ੍ਰੈਫਿਕ ਮੁਲਾਜ਼ਮ, ਰਿਫਲੈਕਟਰ ਅਤੇ ਸਾਈਨ ਬੋਰਡ ਲਗਾਏ ਜਾਣ। ਲੋਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਹਾਈਵੇ ਅਥਾਰਟੀ ਨੇ ਜਲਦ ਕੋਈ ਢੁੱਕਵਾਂ ਕਦਮ ਨਾ ਚੁੱਕਿਆ ਤਾਂ ਉਹ ਤਿੱਖਾ ਸੰਘਰਸ਼ ਵਿਢਣ ਲਈ ਮਜਬੂਰ ਹੋਣਗੇ।