ਈਥਾਨੌਲ ਬਣਾਉਣ ਵਾਲੀ ਫੈਕਟਰੀ ਅੱਗੇ ਲੋਕਾਂ ਨੇ ਲਾਇਆ ਧਰਨਾ ਈਥਾਨੌਲ ਬਣਾਉਣ ਵਾਲੀ ਫੈਕਟਰੀ ਅੱਗੇ ਲੋਕਾਂ ਨੇ ਲਾਇਆ ਧਰਨਾ
Publish Date: Sun, 13 Sep 2026 03:38 PM (IST)
Updated Date: Mon, 14 Sep 2026 04:02 AM (IST)
ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਸ਼ੇਰਪੁਰ : ਪਿੰਡ ਜਹਾਂਗੀਰ ਅਤੇ ਘਨੌਰੀ ਕਲਾਂ ਵਿਚਕਾਰ ਸਥਿਤ ਹਾਰਪ ਕੈਮੀਕਲਜ਼ ਫੈਕਟਰੀ ਵਿਰੁੱਧ ਇਲਾਕੇ ਦੇ ਲੋਕਾਂ ਨੇ ਧਰਨਾ ਦੇ ਕੇ ਪ੍ਰਦੂਸ਼ਣ ਦੇ ਮਸਲੇ ’ਤੇ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਤੋਂ ਕਾਰਵਾਈ ਦੀ ਮੰਗ ਕੀਤੀ। ਧਰਨਾਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਫੈਕਟਰੀ ਦੇ ਗੇਟ ਬੰਦ ਕਰਨ ਦਾ ਸਖ਼ਤ ਕਦਮ ਚੁੱਕਿਆ ਜਾਵੇਗਾ। ਵਾਤਾਵਰਨ ਪ੍ਰੇਮੀ ਅਮਿਤੋਜ ਸਿੰਘ ਮਾਨ ਅਤੇ ਖੁਸ਼ਇੰਦਰ ਸਿੰਘ ਕਾਕਾ ਦੀ ਅਗਵਾਈ ਹੇਠ ਲਾਏ ਧਰਨੇ ਦੌਰਾਨ ਧਰਨਾਕਾਰੀਆਂ ਨੇ ਫੈਕਟਰੀ ਤੋਂ ਪੈਦਾ ਹੋ ਰਹੇ ਕਥਿਤ ਪ੍ਰਦੂਸ਼ਣ ਅਤੇ ਇਲਾਕੇ ਦੇ ਪਾਣੀ ਤੇ ਹਵਾ ’ਤੇ ਪੈ ਰਹੇ ਪ੍ਰਭਾਵਾਂ ਬਾਰੇ ਅਧਿਕਾਰੀਆਂ ਤੋਂ ਜਵਾਬ ਮੰਗੇ। ਆਗੂਆਂ ਨੇ ਕਿਹਾ ਕਿ ਫੈਕਟਰੀ ਦੇ ਪਾਣੀ ਅਤੇ ਹਵਾ ਕਾਰਨ ਨੇੜਲੇ ਪਿੰਡਾਂ ਦੇ ਵਸਨੀਕਾਂ ਨੂੰ ਕਥਿਤ ਤੌਰ ’ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੁਝ ਪਿੰਡਾਂ ਦੇ ਬੋਰਾਂ ਵਿੱਚ ਕਾਲਾ ਪਾਣੀ ਅਤੇ ਛੋਰਾ ਆਉਣ ਕਾਰਨ ਫ਼ਸਲਾਂ ਅਤੇ ਮਨੁੱਖੀ ਸਿਹਤ ’ਤੇ ਮਾੜਾ ਪ੍ਰਭਾਵ ਪੈਣ ਦਾ ਖ਼ਦਸ਼ਾ ਹੈ। ਭਾਨਾ ਸਿੱਧੂ, ਕਾਕਾ ਸਿੰਘ ਕੋਟੜਾ, ਗੁਰਪ੍ਰੀਤ ਸਿੰਘ ਕਾਲਾਬੂਲਾ, ਅਮਿਤੋਜ ਸਿੰਘ ਮਾਨ ਅਤੇ ਖੁਸ਼ਇੰਦਰ ਸਿੰਘ ਕਾਕਾ ਨੇ ਇਲਾਕੇ ਦੀਆਂ ਪੰਚਾਇਤਾਂ ਨੂੰ ਫੈਕਟਰੀ ਨਾਲ ਸਬੰਧਤ ਮਸਲਿਆਂ ’ਤੇ ਮਤੇ ਪਾਸ ਕਰਨ ਦੀ ਅਪੀਲ ਕੀਤੀ। ਕਮੇਟੀ ਦੀ ਹਾਜ਼ਰੀ ’ਚ ਮੁੜ ਲਏ ਜਾਣਗੇ ਨਮੂਨੇ: ਰੋਹਿਤ ਸਿੰਗਲਾ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਰੋਹਿਤ ਸਿੰਗਲਾ ਨੇ ਕਿਹਾ ਕਿ ਧਰਨਾਕਾਰੀ 15 ਦਿਨਾਂ ਦੇ ਅੰਦਰ ਆਪਣੀ ਕਮੇਟੀ ਦੇ ਮੈਂਬਰਾਂ ਦਾ ਪੈਨਲ ਵਿਭਾਗ ਨੂੰ ਦੇਣਗੇ। ਇਸ ਤੋਂ ਬਾਅਦ ਕਮੇਟੀ ਦੀ ਹਾਜ਼ਰੀ ਵਿੱਚ ਫੈਕਟਰੀ ਦੇ ਪਾਣੀ ਅਤੇ ਹੋਰ ਸਬੰਧਤ ਨਮੂਨੇ ਮੁੜ ਲਏ ਜਾਣਗੇ। ਉਨ੍ਹਾਂ ਕਿਹਾ ਕਿ ਨਮੂਨਿਆਂ ਦੀਆਂ ਰਿਪੋਰਟਾਂ ਦੇ ਆਧਾਰ ’ਤੇ ਜੇਕਰ ਨਿਯਮਾਂ ਦੀ ਉਲੰਘਣਾ ਸਾਹਮਣੇ ਆਈ ਤਾਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਫੈਕਟਰੀ ਦੇ ਜੀਐੱਮ ਜੈਨੇਂਦਰ ਸ਼ਰਮਾ ਪਹਿਲਾਂ ਹੀ ਲਾਏ ਗਏ ਦੋਸ਼ਾਂ ਨੂੰ ਝੂਠੇ ਅਤੇ ਬੇਬੁਨਿਆਦ ਕਰਾਰ ਦੇ ਚੁੱਕੇ ਹਨ। ਇਸ ਦੌਰਾਨ ਧਰਨੇ ਕਾਰਨ ਮੁੱਖ ਸੜਕ ’ਤੇ ਆਵਾਜਾਈ ਪ੍ਰਭਾਵਿਤ ਰਹੀ। ਫੈਕਟਰੀ ਦੇ ਬਾਹਰ ਪੁਲੀਸ ਦੀ ਤਾਇਨਾਤੀ ਕੀਤੀ ਗਈ ਸੀ ਅਤੇ ਵਾਹਨਾਂ ਨੂੰ ਕੁਝ ਸਮੇਂ ਲਈ ਬਮਾਲ ਤੇ ਘਨੌਰ ਰਾਹੀਂ ਬਦਲਵੇਂ ਰੂਟ ਤੋਂ ਲੰਘਣਾ ਪਿਆ। ਇਸ ਸਮੇ ਤਹਿਸੀਲਦਾਰ ਅਮਿਤ ਕੁਮਾਰ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਰੋਹਿਤ ਸਿੰਗਲਾ ਮੌਜੂਦ ਸਨ। ਇਸ ਮੌਕੇ ਜਸਬੀਰ ਸਿੰਘ ਧੰਦੀਵਾਲ,ਹਰਜੀਤ ਸਿੰਘ ਖਿਆਲੀ, ਵਾਰਿਸ ਪੰਜਾਬ ਤੋਂ ਬਲਜਿੰਦਰ ਸਿੰਘ ਲਸੋਈ, ਕਰਮਜੀਤ ਸਿੰਘ ਭੱਟੀ ਕਿਸਾਨ ਆਗੂ, ਅਕਾਲੀ ਆਗੂ ਰਣਜੀਤ ਸਿੰਘ ਰੰਧਾਵਾ ਮੌਜੂਦ ਸਨ।