- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫ਼ਰਜ਼ੀ ਲਿੰਕਾਂ ਤੇ ਵੀਡੀਓਜ਼ ਰਾਹੀਂ ਸਾਈਬਰ ਠੱਗੀ ਤੋਂ ਸੁਚੇਤ ਰਹਿਣ ਲੋਕ : ਐੱਸਐੱਸਪੀ ਖੱਖ

ਸੱਤਪਾਲ ਸਿੰਘ ਕਾਲਾਬੂਲਾ/ਰਹਿਮਾਨ, ਪੰਜਾਬੀ ਜਾਗਰਣ,
ਮਾਲੇਰਕੋਟਲਾ : ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਫ਼ਰਜ਼ੀ ਲਿੰਕਾਂ ਅਤੇ ਸ਼ੱਕੀ ਵੀਡੀਓਜ਼ ਰਾਹੀਂ ਸਾਈਬਰ ਠੱਗੀ ਦੀਆਂ ਵਧ ਰਹੀਆਂ ਕੋਸ਼ਿਸ਼ਾਂ ਦੇ ਮੱਦੇਨਜ਼ਰ ਐੱਸਐੱਸਪੀ ਮਾਲੇਰਕੋਟਲਾ ਹਰਕਮਲਪ੍ਰੀਤ ਸਿੰਘ ਖੱਖ ਨੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅਣਜਾਣੇ ਲਿੰਕ ਖੋਲ੍ਹਣ ਜਾਂ ਸ਼ੱਕੀ ਵੀਡੀਓਜ਼ ’ਤੇ ਕਲਿੱਕ ਕਰਨ ਨਾਲ ਮੋਬਾਈਲ ਫ਼ੋਨ, ਲੈਪਟਾਪ ਅਤੇ ਕੰਪਿਊਟਰ ਵਿੱਚ ਮੌਜੂਦ ਨਿੱਜੀ ਜਾਣਕਾਰੀ ਸਾਈਬਰ ਅਪਰਾਧੀਆਂ ਦੇ ਹੱਥ ਲੱਗ ਸਕਦੀ ਹੈ। ਇਸ ਤੋਂ ਇਲਾਵਾ ਬੈਂਕ ਖਾਤਿਆਂ ਅਤੇ ਯੂਪੀਆਈ ਰਾਹੀਂ ਜਮ੍ਹਾਂ ਪੂੰਜੀ ਵੀ ਠੱਗੀ ਦਾ ਸ਼ਿਕਾਰ ਹੋ ਸਕਦੀ ਹੈ।
ਐੱਸਐੱਸਪੀ ਨੇ ਦੱਸਿਆ ਕਿ ਸਾਈਬਰ ਅਪਰਾਧੀ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਉਣ ਲਈ ਵੱਖ-ਵੱਖ ਤਰੀਕੇ ਅਪਣਾ ਰਹੇ ਹਨ। ਫ਼ਰਜ਼ੀ ਲਿੰਕਾਂ ਅਤੇ ਸ਼ੱਕੀ ਵੀਡੀਓਜ਼ ਰਾਹੀਂ ਮੋਬਾਈਲ ਜਾਂ ਕੰਪਿਊਟਰ ਵਿੱਚ ਮੌਜੂਦ ਫੋਟੋਆਂ, ਦਸਤਾਵੇਜ਼ਾਂ ਅਤੇ ਹੋਰ ਨਿੱਜੀ ਡਾਟੇ ਤੱਕ ਪਹੁੰਚ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਕੁਝ ਮਾਮਲਿਆਂ ਵਿੱਚ ਡਿਵਾਈਸ ’ਤੇ ਅਣਚਾਹੇ ਐਪ ਇੰਸਟਾਲ ਕਰਵਾ ਕੇ ਵੀ ਨੁਕਸਾਨ ਪਹੁੰਚਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਅਣਜਾਣੇ ਨੰਬਰ ਤੋਂ ਆਏ ਸ਼ੱਕੀ ਸੰਦੇਸ਼, ਵੀਡੀਓ ਜਾਂ ਲਿੰਕ ਨੂੰ ਬਿਨਾਂ ਜਾਂਚੇ ਖੋਲ੍ਹਣ ਤੋਂ ਗੁਰੇਜ਼ ਕੀਤਾ ਜਾਵੇ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਬੈਂਕ ਖਾਤਾ ਨੰਬਰ, ਪਾਸਵਰਡ, ਓਟੀਪੀ ਅਤੇ ਹੋਰ ਗੁਪਤ ਜਾਣਕਾਰੀ ਕਿਸੇ ਅਣਜਾਣ ਵਿਅਕਤੀ ਨਾਲ ਸਾਂਝੀ ਨਾ ਕਰਨ। ਕਿਸੇ ਵੀ ਸੰਦੇਸ਼ ਦੀ ਭਰੋਸੇਯੋਗਤਾ ਦੀ ਪੁਸ਼ਟੀ ਕੀਤੇ ਬਿਨਾਂ ਉਸ ਨੂੰ ਅੱਗੇ ਸਾਂਝਾ ਨਾ ਕੀਤਾ ਜਾਵੇ। ਮੋਬਾਈਲ ਫ਼ੋਨ ਅਤੇ ਹੋਰ ਡਿਜ਼ੀਟਲ ਉਪਕਰਨਾਂ ਨੂੰ ਸੁਰੱਖਿਅਤ ਰੱਖਣ ਲਈ ਉਨ੍ਹਾਂ ਦੇ ਸਾਫ਼ਟਵੇਅਰ ਨੂੰ ਅੱਪਡੇਟ ਰੱਖਣ ਅਤੇ ਭਰੋਸੇਯੋਗ ਸੁਰੱਖਿਆ ਐਪਸ ਦੀ ਵਰਤੋਂ ਕਰਨ ਦੀ ਵੀ ਸਲਾਹ ਦਿੱਤੀ।
ਐੱਸਐੱਸਪੀ ਖੱਖ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਸਾਈਬਰ ਠੱਗੀ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਉਹ ਬਿਨਾਂ ਦੇਰੀ ਕੀਤੇ 1930 ਸਾਈਬਰ ਹੈਲਪਲਾਈਨ ਨੰਬਰ ’ਤੇ ਫ਼ੋਨ ਕਰੇ ਅਤੇ ਆਪਣੀ ਸ਼ਿਕਾਇਤ ਦਰਜ ਕਰਵਾਏ। ਇਸ ਦੇ ਨਾਲ ਹੀ ਸਬੰਧਤ ਬੈਂਕ ਨੂੰ ਸੂਚਿਤ ਕਰਨਾ ਅਤੇ ਪੁਲਿਸ ਜਾਂ ਸਾਈਬਰ ਸੈੱਲ ਨਾਲ ਸੰਪਰਕ ਕਰਨਾ ਵੀ ਜ਼ਰੂਰੀ ਹੈ, ਤਾਂ ਜੋ ਸਮੇਂ ਸਿਰ ਕਾਰਵਾਈ ਕੀਤੀ ਜਾ ਸਕੇ।
ਉਨ੍ਹਾਂ ਕਿਹਾ ਕਿ ਡਿਜ਼ੀਟਲ ਸਹੂਲਤਾਂ ਦੇ ਵਧਣ ਨਾਲ ਸਾਈਬਰ ਅਪਰਾਧੀਆਂ ਵੱਲੋਂ ਅਪਣਾਏ ਜਾ ਰਹੇ ਹਥਕੰਡੇ ਵੀ ਬਦਲ ਰਹੇ ਹਨ। ਅਜਿਹੇ ਅਪਰਾਧਾਂ ਤੋਂ ਬਚਣ ਲਈ ਲੋਕਾਂ ਵਿੱਚ ਜਾਗਰੂਕਤਾ ਅਤੇ ਸਾਵਧਾਨੀ ਬਹੁਤ ਜ਼ਰੂਰੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਮਾਲੇਰਕੋਟਲਾ ਪੁਲਿਸ ਲੋਕਾਂ ਦੀ ਸੁਰੱਖਿਆ ਲਈ ਵਚਨਬੱਧ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਾਈਬਰ ਠੱਗੀ ਤੋਂ ਬਚਣ ਲਈ ਖ਼ੁਦ ਵੀ ਜਾਗਰੂਕ ਰਹਿਣ ਅਤੇ ਦੂਜਿਆਂ ਨੂੰ ਵੀ ਇਸ ਬਾਰੇ ਸੁਚੇਤ ਕਰਨ।