- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੀਵਾਲੀ ਮੌਕੇ ਪਟਾਕੇ ਚਲਾਉਂਦੇ ਸਮੇਂ ਸਾਵਧਾਨੀਆਂ ਵਰਤਣ ਲੋਕ: ਡਾ. ਰਾਜਿੰਦਰ ਮਿੱਤਲ

ਮਹਾਂਵੀਰ ਗੋਇਲ, ਪੰਜਾਬੀ ਜਾਗਰਣ,
ਅਹਿਮਦਗੜ੍ਹ : ਦੀਵਾਲੀ ਖੁਸ਼ੀਆਂ ਅਤੇ ਰੋਸ਼ਨੀਆਂ ਦੇ ਤਿਉਹਾਰ ਦੌਰਾਨ ਪਟਾਕਿਆਂ ਅਤੇ ਦੀਵਿਆਂ ਕਾਰਨ ਵਾਪਰਨ ਵਾਲੀਆਂ ਅੱਗ ਲੱਗਣ ਦੀਆਂ ਘਟਨਾਵਾਂ ਖੁਸ਼ੀਆਂ ਨੂੰ ਗਮ ਵਿੱਚ ਬਦਲ ਸਕਦੀਆਂ ਹਨ। ਡੀਐਮਸੀ ਹਸਪਤਾਲ ਲੁਧਿਆਣਾ ਦੇ ਪ੍ਰਸਿੱਧ ਪਲਾਸਟਿਕ ਸਰਜਨ ਡਾ. ਰਾਜਿੰਦਰ ਮਿੱਤਲ ਅਹਿਮਦਗੜ੍ਹ ਨੇ ਅਵਾਮ ਨੂੰ ਤਿਉਹਾਰ ਦੌਰਾਨ ਵਿਸ਼ੇਸ਼ ਸਾਵਧਾਨੀ ਵਰਤਣ ਦੀ ਅਪੀਲ ਕਰਦੇ ਕਿਹਾ ਕਿ ਦੀਵਾਲੀ ਦੌਰਾਨ ਝੁਲਸਣ ਦੀਆਂ ਲੱਗਭੱਗ 67 ਫ਼ੀਸਦੀ ਘਟਨਾਵਾਂ ਪਟਾਕਿਆਂ ਅਤੇ 33 ਫ਼ੀਸਦੀ ਦੀਵਿਆਂ ਕਾਰਨ ਵਾਪਰਦੀਆਂ ਹਨ। ਪਟਾਕੇ ਚਲਾਉਂਦੇ ਸਮੇਂ ਸੂਤੀ ਕੱਪੜੇ ਪਹਿਨਣ, ਬੱਚਿਆਂ ਨੂੰ ਬਾਲਗਾਂ ਦੀ ਨਿਗਰਾਨੀ ਹੇਠ ਪਟਾਕੇ ਚਲਾਉਣ ਦੇਣ ਅਤੇ ਖੁੱਲ੍ਹੀ ਥਾਂ ਦੀ ਚੋਣ ਕਰਨ ਦੀ ਸਲਾਹ ਦਿੱਤੀ। ਨਾ ਚੱਲਣ ਵਾਲੇ ਪਟਾਕਿਆਂ ਨੂੰ ਦੁਬਾਰਾ ਜਲਾਉਣ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਹੈ।
ਡਾ. ਮਿੱਤਲ ਨੇ ਕਿਹਾ ਕਿ ਅੱਗ ਨਾਲ ਝੁਲਸਣ ਦੀ ਸੂਰਤ ਵਿੱਚ ਪ੍ਰਭਾਵਿਤ ਹਿੱਸੇ ਨੂੰ 15 ਤੋਂ 20 ਮਿੰਟ ਤੱਕ ਠੰਢੇ ਵਗਦੇ ਪਾਣੀ ਹੇਠ ਰੱਖਣਾ ਚਾਹੀਦਾ ਹੈ। ਸੜੀ ਹੋਈ ਚਮੜੀ ’ਤੇ ਟੂਥਪੇਸਟ, ਘਿਓ, ਤੇਲ ਜਾਂ ਹਲਦੀ ਵਰਗੇ ਘਰੇਲੂ ਨੁਸਖੇ ਨਹੀਂ ਵਰਤਣੇ ਚਾਹੀਦੇ। ਜ਼ਖ਼ਮ ਗੰਭੀਰ ਹੋਣ ਜਾਂ ਚਿਹਰੇ, ਹੱਥਾਂ ਅਤੇ ਪੈਰਾਂ ’ਤੇ ਸੱਟ ਲੱਗਣ ਦੀ ਸੂਰਤ ਵਿੱਚ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਥੋੜ੍ਹੀ ਜਿਹੀ ਸਾਵਧਾਨੀ ਵਰਤ ਕੇ ਦੀਵਾਲੀ ਨੂੰ ਸੁਰੱਖਿਅਤ ਅਤੇ ਖੁਸ਼ੀਆਂ ਭਰਿਆ ਬਣਾਇਆ ਜਾ ਸਕਦਾ ਹੈ।