ਖੂਨਦਾਨੀ ਧਰਮਵੀਰ ਗਰਗ 'ਤੇ ਈਸ਼ਵਰ ਬਾਂਸਲ ਸਨਮਾਨਿਤ ਖੂਨਦਾਨੀ ਧਰਮਵੀਰ ਗਰਗ 'ਤੇ ਈਸ਼ਵਰ ਬਾਂਸਲ ਸਨਮਾਨਿਤ
Publish Date: Thu, 20 Aug 2026 05:23 PM (IST)
Updated Date: Fri, 21 Aug 2026 04:03 AM (IST)
ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਪੰਜਾਬ ਸਰਕਾਰ ਵੱਲੋਂ ਪੰਜਾਬ ਮਿਊਂਸਿਪਲ ਭਵਨ, ਚੰਡੀਗੜ੍ਹ ਵਿਖੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਦੌਰਾਨ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਰੋਟਰੀ ਜ਼ਿਲ੍ਹਾ 3090 ਦੇ ਪਾਸਟ ਡਿਸਟ੍ਰਿਕਟ ਗਵਰਨਰ ਧਰਮਵੀਰ ਗਰਗ ਅਤੇ ਰੋਟਰੀ ਕਲੱਬ ਭਵਾਨੀਗੜ੍ਹ ਸਿਟੀ ਦੇ ਸਾਬਕਾ ਪ੍ਰਧਾਨ ਈਸ਼ਵਰ ਬਾਂਸਲ ਨੂੰ ਸਿਹਤ ਸੇਵਾਵਾਂ ਅਤੇ ਸਵੈ-ਇੱਛੁਕ ਖੂਨਦਾਨ ਮੁਹਿੰਮ ਵਿੱਚ ਉਨ੍ਹਾਂ ਦੇ ਵਿਸ਼ੇਸ਼ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਵੈ-ਇੱਛੁਕ ਖੂਨਦਾਨ ਦੇ ਲੱਗਭੱਗ 80 ਫੀਸਦੀ ਟੀਚੇ ਨੂੰ ਹਾਸਲ ਕਰ ਚੁੱਕਾ ਹੈ ਅਤੇ ਇਸ ਪ੍ਰਾਪਤੀ ਵਿੱਚ ਸਮਾਜ ਸੇਵੀ ਸੰਸਥਾਵਾਂ ਅਤੇ ਸਵੈ-ਇੱਛੁਕ ਖ਼ੂਨਦਾਨੀਆਂ ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਨੇ ਭਵਿੱਖ ਵਿੱਚ ਵੀ ਇਨ੍ਹਾਂ ਸੰਸਥਾਵਾਂ ਦੇ ਸਹਿਯੋਗ ਨੂੰ ਬੇਹੱਦ ਮਹੱਤਵਪੂਰਨ ਦੱਸਿਆ। ਉਨ੍ਹਾਂ ਨੇ ਖਾਸ ਤੌਰ ’ਤੇ ਰੋਟਰੀ ਕਲੱਬ ਭਵਾਨੀਗੜ੍ਹ ਸਿਟੀ ਵੱਲੋਂ ਥੈਲੇਸੀਮੀਆ ਪੀੜਤ ਬੱਚਿਆਂ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਸਮਾਗਮ ਦੌਰਾਨ ਇੱਕ ਤਕਨੀਕੀ ਵਰਕਸ਼ਾਪ ਵੀ ਕਰਵਾਈ ਗਈ, ਜਿਸ ਵਿੱਚ ਖ਼ੂਨਦਾਨ ਕੈਂਪਾਂ ਨੂੰ ਹੋਰ ਸੁਚੱਜੇ ਢੰਗ ਨਾਲ ਆਯੋਜਿਤ ਕਰਨ, ਡੋਨਰ ਕੇਅਰ, ਖੂਨਦਾਨ ਦੀ ਯੋਗਤਾ ਅਤੇ ਅੰਤਰਾਲ ਸਬੰਧੀ ਨਵੇਂ ਪ੍ਰੋਟੋਕੋਲਾਂ ਅਤੇ ਖੂਨਦਾਨੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਬਾਰੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਸਨਮਾਨ ਪ੍ਰਾਪਤ ਕਰਨ ਉਪਰੰਤ ਧਰਮਵੀਰ ਗਰਗ ਅਤੇ ਈਸ਼ਵਰ ਬਾਂਸਲ ਨੇ ਕਿਹਾ ਕਿ ਇਹ ਸਨਮਾਨ ਉਨ੍ਹਾਂ ਲਈ ਬੇਹੱਦ ਕੀਮਤੀ ਅਤੇ ਪ੍ਰੇਰਣਾਦਾਇਕ ਹੈ, ਪਰ ਉਨ੍ਹਾਂ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕਿਸੇ ਵੀ ਲੋੜਵੰਦ ਮਰੀਜ਼ ਨੂੰ ਸਮੇਂ ਸਿਰ ਖੂਨ ਦੀ ਘਾਟ ਦਾ ਸਾਹਮਣਾ ਨਾ ਕਰਨਾ ਪਵੇ।