- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਗੇੜਾ ਰੋਡ 'ਤੇ ਰੇਲਵੇ ਫਾਟਕ ਬੰਦ ਰਹਿਣ ਕਾਰਨ ਲੋਕ ਪ੍ਰੇਸ਼ਾਨ

ਮਹਾਂਵੀਰ ਗੋਇਲ, ਪੰਜਾਬੀ ਜਾਗਰਣ,
ਅਹਿਮਦਗੜ੍ਹ : ਅਹਿਮਦਗੜ੍ਹ ਨੇੜੇ ਸਥਿਤ ਜਗੇੜਾ ਰੋਡ ’ਤੇ ਬਣੇ ਰੇਲਵੇ ਫਾਟਕ ਦੇ ਘੰਟਿਆਂ ਬੱਧੀ ਬੰਦ ਰਹਿਣ ਕਾਰਨ ਸ਼ਹਿਰ ਵਾਸੀਆਂ ਅਤੇ ਰਾਹਗੀਰਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਗੇੜਾ ਰੋਡ 'ਤੇ ਐਸਡੀਐਮ ਦਫ਼ਤਰ, ਤਹਿਸੀਲ ਦਫ਼ਤਰ, ਪਟਵਾਰਖਾਨਾ ਆਦਿ ਸਥਿਤ ਹਨ, ਜਿੱਥੇ ਸ਼ਹਿਰ ਵਾਸੀਆਂ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਆਪਣੇ ਸਰਕਾਰੀ ਤੇ ਗੈਰ-ਸਰਕਾਰੀ ਕੰਮਾਂ ਲਈ ਰੋਜ਼ਾਨਾ ਆਉਣਾ ਪੈਂਦਾ ਹੈ। ਰੇਲਵੇ ਫਾਟਕ ਘੰਟਿਆਂ ਤੱਕ ਬੰਦ ਰਹਿਣ ਕਾਰਨ ਲੋਕਾਂ ਨੂੰ ਆਟੋ, ਰਿਕਸ਼ਾ ਆਦਿ ਦਾ ਜ਼ਿਆਦਾ ਕਿਰਾਇਆ ਦੇ ਕੇ ਲੰਬਾ ਚੱਕਰ ਕੱਟਣਾ ਪੈਂਦਾ ਹੈ।
ਇਸੇ ਰੋਡ 'ਤੇ ਅਨਾਜ ਮੰਡੀ ਵੀ ਸਥਿਤ ਹੈ, ਜਿੱਥੇ ਆਸ-ਪਾਸ ਦੇ ਕਿਸਾਨ ਆਪਣੀਆਂ ਟਰਾਲੀਆਂ ਵਿੱਚ ਅਨਾਜ ਭਰ ਕੇ ਲਿਆਉਂਦੇ ਹਨ। ਫਾਟਕ ਬੰਦ ਹੋਣ ਕਾਰਨ ਟਰਾਲੀਆਂ ਦੀਆਂ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ। ਇਸ ਤੋਂ ਇਲਾਵਾ ਫਾਟਕ ਖੁੱਲ੍ਹਣ ’ਤੇ ਦੋਵੇਂ ਪਾਸੇ ਭਾਰੀ ਟ੍ਰੈਫਿਕ ਜਾਮ ਲੱਗ ਜਾਂਦਾ ਹੈ, ਜਿਸ ਨਾਲ ਹਾਦਸਾ ਵਾਪਰਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਤਹਿਸੀਲ ਦਫ਼ਤਰ ਆਉਣ ਵਾਲੇ ਲੋਕਾਂ ਨੂੰ ਫਾਟਕ ਬੰਦ ਹੋਣ ਕਾਰਨ 3 ਤੋਂ 4 ਕਿਲੋਮੀਟਰ ਦਾ ਵਾਧੂ ਸਫ਼ਰ ਤੈਅ ਕਰਕੇ ਆਉਣਾ ਪੈਂਦਾ ਹੈ।
ਸਥਾਨਕ ਸਮਾਜ ਸੇਵਕਾਂ ਜਿਵੇਂ ਕਿ ਹੇਮਰਾਜ ਬਾਂਸਲ, ਵਿਪਿਨ ਜੈਨ, ਰਾਕੇਸ਼ ਸਿੰਗਲਾ, ਰਮੇਸ਼ ਕੁਮਾਰ, ਅਮਿਤ ਗਰਗ, ਮਨੀ ਸੇਖਾ, ਪ੍ਰੇਮ ਕੁਮਾਰ ਸ਼ਰਮਾ ਅਤੇ ਸੁਭਾਸ਼ ਸ਼ੇਖਾ ਆਦਿ ਨੇ ਮੰਗ ਕੀਤੀ ਹੈ ਕਿ ਜਗੇੜਾ ਰੋਡ ’ਤੇ ਅੰਡਰਪਾਸ ਬਣਾਇਆ ਜਾਵੇ, ਤਾਂ ਜੋ ਲੋਕਾਂ ਨੂੰ ਆਪਣੇ ਕੰਮਕਾਜ ਲਈ 3 ਤੋਂ 4 ਕਿਲੋਮੀਟਰ ਦਾ ਚੱਕਰ ਨਾ ਲਗਾਉਣਾ ਪਵੇ।
ਉਨ੍ਹਾਂ ਨੇ ਮੈਂਬਰ ਪਾਰਲੀਮੈਂਟ ਅਮਰ ਸਿੰਘ ਅਤੇ ਸੜਕ ਤੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਪਾਸੋਂ ਮੰਗ ਕੀਤੀ ਹੈ ਕਿ ਇਸ ਜਨਹਿਤ ਦੀ ਮੰਗ ’ਤੇ ਧਿਆਨ ਦਿੰਦਿਆਂ ਜਗੇੜਾ ਰੋਡ ’ਤੇ ਅੰਡਰਪਾਸ ਬਣਾਉਣ ਦੀ ਪ੍ਰਕਿਰਿਆ ਜਲਦ ਸ਼ੁਰੂ ਕਰਵਾਈ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਆਉਣ ਵਾਲੀਆਂ 2027 ਦੀਆਂ ਚੋਣਾਂ ਤੋਂ ਪਹਿਲਾਂ ਇਹ ਮੰਗ ਪੂਰੀ ਨਾ ਕੀਤੀ ਗਈ, ਤਾਂ ਲੋਕ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ, ਜਿਸ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਅਤੇ ਸਰਕਾਰ ਦੀ ਹੋਵੇਗੀ।