ਜਹਾਂਗੀਰ ਫੈਕਟਰੀ ਨੂੰ ਪੱਕੇ ਤੌਰ ਤੇ ਬੰਦ ਕਰਵਾਉਣ ਲਈ ਅੜੇ ਲੋਕ ਜਹਾਂਗੀਰ ਫੈਕਟਰੀ ਨੂੰ ਪੱਕੇ ਤੌਰ ਤੇ ਬੰਦ ਕਰਵਾਉਣ ਲਈ ਅੜੇ ਲੋਕ
Publish Date: Thu, 08 Oct 2026 06:41 PM (IST)
Updated Date: Fri, 09 Oct 2026 04:06 AM (IST)
ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਮਾਲੇਰਕੋਟਲਾ/ ਸ਼ੇਰਪੁਰ : ਇਲਾਕੇ ਅੰਦਰ ਚਰਚਾ ’ਚ ਆਈ ਹਾਰਪ ਕੈਮੀਕਲ ਪ੍ਰਾਈਵੇਟ ਲਿਮਟਿਡ ਫੈਕਟਰੀ ਜਹਾਂਗੀਰ ਵਿਰੁੱਧ ਧਰਤੀ ਅਤੇ ਹਵਾ ਵਿੱਚ ਪ੍ਰਦੂਸ਼ਣ ਫੈਲਾਏ ਜਾਣ ਦੇ ਕਥਿਤ ਵਿਰੋਧ ਵਿੱਚ ਲੋਕਾਂ ਦਾ ਰੋਹ ਦਿਨੋ ਦਿਨ ਵੱਧਦਾ ਜਾ ਰਿਹਾ ਹੈ। ਅੱਜ ਦੂਸਰੇ ਦਿਨ ਵੀ ਫੈਕਟਰੀ ਨੂੰ ਪੱਕੇ ਤੌਰ ’ਤੇ ਬੰਦ ਕਰਵਾਉਣ ਲਈ ਇਲਾਕੇ ਦੇ ਵੱਡੀ ਗਿਣਤੀ ਲੋਕਾਂ ਨੇ ਮੁੜ ਸਵੇਰ ਤੋਂ ਸ਼ੇਰਪੁਰ ਧੂਰੀ ਮਾਰਗ ਨੂੰ ਜਾਮ ਕਰਕੇ ਫੈਕਟਰੀ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਜ਼ੋਰਦਾਰ ਆਵਾਜ਼ ਉਠਾਈ। ਦੱਸ ਦਈਏ ਕਿ ਪਿਛਲੇ ਕਈ ਮਹੀਨਿਆਂ ਤੋਂ ਪਿੰਡਾਂ ਦੇ ਲੋਕਾਂ ਵੱਲੋਂ ਇਸ ਫੈਕਟਰੀ ਦੇ ਖਿਲਾਫ ਪ੍ਰਦੂਸ਼ਣ ਫੈਲਾਉਣ ਦੇ ਰੋਸ ਵਜੋਂ ਲਗਾਤਾਰ ਪਿੰਡਾਂ ਅੰਦਰ ਜਿੱਥੇ ਰੋਸ ਮਾਰਚ ਕੀਤੇ ਜਾ ਰਹੇ ਹਨ ਉਥੇ ਫੈਕਟਰੀ ਦੇ ਕਾਰਨ ਪਿੰਡਾਂ ਦੇ ਪਾਣੀ ਵਿੱਚੋਂ ਛੋਰਾ ਅਤੇ ਕਾਲੇ ਰੰਗ ਦਾ ਪਾਣੀ ਆਉਣ ਕਾਰਨ ਲੋਕਾਂ ਦੀਆਂ ਚਿੰਤਾਵਾਂ ਵਧੀਆਂ ਹਨ। ਭਾਵੇਂ ਫੈਕਟਰੀ ਅੱਗੇ ਧਰਨਾ ਪੱਕੇ ਤੌਰ ਤੇ ਚੱਲ ਰਿਹਾ ਸੀ ਪ੍ਰੰਤੂ ਮਾਮਲਾ ਉਸ ਸਮੇਂ ਤੂਲ ਫੜ ਗਿਆ ਜਦੋਂ ਪਿਛਲੇ ਦਿਨੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਰਾਖ ਦੇ ਭਰੇ ਟਿੱਪਰ ਖਿਲਾਫ ਬਣਦੀ ਕਾਰਵਾਈ ਕਰਨ ਦੀ ਬਜਾਏ ਟਾਲ ਮਟੋਲ ਕਰਨਾ ਸ਼ੁਰੂ ਕੀਤਾ ਤਾਂ ਉੱਚ ਅਧਿਕਾਰੀਆਂ ਵਿਰੁੱਧ ਭੜਕੇ ਲੋਕਾਂ ਵੱਲੋਂ ਸੜਕ ਜਾਮ ਕਰਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਧਰਨੇ ਨੂੰ ਨੌਜਵਾਨ ਆਗੂ ਭਾਨਾ ਸਿੱਧੂ, ਅਮਜੋਤ ਮਾਨ, ਨਰਿੰਦਰ ਸਿੰਘ ਕਾਲਾਬੂਲਾ, ਮੋਹਨਜੀਤ ਸ਼ੇਰੋਂ, ਕੀਪਾ ਅਸਪਾਲਾ, ਸੰਘਰਸ਼ ਕਮੇਟੀ ਦੇ ਆਗੂ ਜਸਪਾਲ ਸਿੰਘ ਜੱਸਾ ਘਨੌਰ, ਗੁਰਪ੍ਰੀਤ ਸਿੰਘ ਕਾਲਾਬੂਲਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਅਤੇ ਕਾਦੀਆਂ ਦੇ ਆਗੂਆਂ ਨੇ ਫੈਕਟਰੀ ਵੱਲੋਂ ਹਵਾ ਅਤੇ ਧਰਤੀ ਅੰਦਰ ਫੈਲਾਏ ਜਾ ਰਹੇ ਪ੍ਰਦੂਸਨ ਨੂੰ ਇਲਾਕੇ ਦੀ ਜ਼ੁਬਾਨੀ ਅਤੇ ਕਿਸਾਨੀ ਨੂੰ ਬਰਬਾਦੀ ਦਾ ਰਾਹ ਦੱਸਿਆ। ਆਗੂਆਂ ਨੇ ਕਿਹਾ ਹੈ ਕਿ ਫੈਕਟਰੀ ਦੁਆਰਾ ਹਵਾ ਚ ਘੁਲ ਰਹੀ ਗੰਦੀ ਹਵਾ ਅਤੇ ਧਰਤੀ ਦਾ ਪਾਣੀ ਜਹਰੀਲਾ ਹੋਣ ਕਾਰਨ ਇਲਾਕੇ ਦੇ ਆਲੇ ਦੁਆਲੇ ਦੇ ਪਿੰਡ ਕੈਂਸਰ ਅਤੇ ਕਾਲਾ ਪੀਲੀਆ ਵਰਗੀਆਂ ਭਿਆਨਕ ਬਿਮਾਰੀਆਂ ਦਾ ਦਿਨੋ ਦਿਨ ਸ਼ਿਕਾਰ ਹੁੰਦੇ ਜਾ ਰਹੇ ਹਨ ਅਤੇ ਕਈ ਪਿੰਡਾਂ ਅੰਦਰ ਤਾਂ ਕੈਂਸਰ ਇਨਾ ਫੈਲ ਚੁੱਕਾ ਹੈ ਕਿ ਲੋਕ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ। ਪਰ ਸਰਕਾਰ ਇਸ ਫੈਕਟਰੀ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਬਜਾਏ ਕੁੰਭ ਕਰਨੀ ਨੀਂਦ ਸੁੱਤੀ ਪਈ ਨਜ਼ਰ ਆ ਰਹੀ ਹੈ। ਆਗੂਆਂ ਨੇ ਕਿਹਾ ਹੈ ਹੁਣ ਮਸਲਾ ਫੈਕਟਰੀ ਨੂੰ ਪੱਕੇ ਤੌਰ ਤੇ ਬੰਦ ਕਰਵਾਉਣ ਨਾਲ ਹੀ ਹੱਲ ਹੋਵੇਗਾ।। ਅੱਜ ਫੈਕਟਰੀ ਅੱਗੇ ਪੂਰੀ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋ ਲੋਕ ਆਪਣੇ ਵੱਖ-ਵੱਖ ਸਾਧਨਾ ਟਰੈਕਟਰ ਟਰਾਲੀਆਂ ਰਾਹੀਂ ਫੈਕਟਰੀ ਅੱਗੇ ਬਿਮਾਰੀ ਪੁੱਜੇ ਹੋਏ ਸਨ। ਪ੍ਰਬੰਧਕਾਂ ਅਨੁਸਾਰ ਤਹਿਸੀਲਦਾਰ ਧੂਰੀ ਅਤੇ ਐਸਡੀਐਮ ਸਿਸਮਤ ਵਿਜੇ ਸਿੰਘ ਨਾਲ ਲੰਮਾ ਸਮਾਂ ਚੱਲੀ ਗੱਲਬਾਤ ਕਿਸੇ ਤਣ ਪੱਤਣ ਨਹੀਂ ਲੱਗ ਸਕੀ। ਕਮੇਟੀ ਮੈਂਬਰਾਂ ਦਾ ਦੋ ਸੀ ਕੇ ਪ੍ਰਸ਼ਾਸਨ ਸਿੱਧੇ ਤੌਰ ਤੇ ਫੈਕਟਰੀ ਮਾਲਕਾਂ ਦੇ ਹੱਕ ਵਿੱਚ ਭੁਗਤ ਰਿਹਾ ਹੈ। ਖਬਰ ਲਿਖੇ ਜਾਣ ਤੱਕ ਧਰਨਾਕਾਰੀ ਫੈਕਟਰੀ ਨੂੰ ਪੱਕੇ ਤੌਰ ਤੇ ਬੰਦ ਕਰਵਾਉਣ ਲਈ ਅੜੇ ਹੋਏ ਸਨ।