ਤਪਾ ਮੰਡੀ ਵਿਖੇ ਝੋਨੇ ਦੀ ਆਮਦ ਸ਼ੁਰੂ ਤਪਾ ਮੰਡੀ ਵਿਖੇ ਅਗੇਤੇ ਝੋਨੇ ਦੀ ਆਮਦ ਸ਼ੁਰੂ
Publish Date: Wed, 30 Sep 2026 05:26 PM (IST)
Updated Date: Thu, 01 Oct 2026 04:01 AM (IST)
ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਪੰਜਾਬ ਸਰਕਾਰ ਵੱਲੋਂ ਝੋਨੇ ਦੀ ਖ਼ਰੀਦ ਨੂੰ ਲੈ ਕੇ ਭਾਵੇਂ 1 ਅਕਤੂਬਰ ਮੁਕੱਰਰ ਕੀਤੀ ਹੋਈ ਹੈ, ਜਿਸਦੇ ਚਲਦਿਆਂ ਝੋਨੇ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਤੇ ਮੰਡੀਆਂ ’ਚ ਪਰਮਲ ਝੋਨੇ ਦੀ ਫ਼ਸਲ ਦੀ ਆਮਦ ਸ਼ੁਰੂ ਹੋ ਚੁੱਕੀ ਹੈ। ਅੰਦਰਲੀ ਅਨਾਜ ਮੰਡੀ ’ਚ ਕਿਸਾਨ ਕੇਵਲ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਮੋੜ ਮਕਸੁਥਾ ਵੱਲੋਂ ਐਸਐਮ ਟਰੇਡਿੰਗ ਕੰਪਨੀ ਆੜਤੀਏ ਮੋਹਿਤ ਭੂਤ ਦੀ ਦੁਕਾਨ ਤੇ ਝੋਨੇ ਦੀ ਢੇਰੀ ਲਿਆਂਦੀ ਗਈ। ਇਸੇ ਤਰ੍ਹਾਂ ਕਿਸਾਨ ਬਲਵੀਰ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਤਾਜੋ ਵੱਲੋਂ ਐਨ.ਕੇ ਕਮਿਸ਼ਨ ਏਜੰਟ ਬੌਬੀ ਤਾਜੋ ਦੀ ਦੁਕਾਨ ਤੇ ਝੋਨੇ ਦੀ ਢੇਰੀ ਲਿਆਂਦੀ ਗਈ। ਇਸ ਸਬੰਧੀ ਕਿਸਾਨ ਨੇ ਦੱਸਿਆ ਕਿ ਉਸ ਵੱਲੋਂ ਅਗੇਤਾ ਪੰਜ ਏਕੜ ਦੇ ਕਰੀਬ ਇਹ ਝੋਨਾ ਬੀਜਿਆ ਗਿਆ ਹੈ। ਜਿਸ ਨੂੰ ਉਹ ਵੇਚਣ ਲਈ ਅਨਾਜ ਮੰਡੀ ਚ ਲੈ ਕੇ ਆਇਆ ਹੈ। ਜਦ ਇਸ ਸਬੰਧੀ ਮਾਰਕੀਟ ਕਮੇਟੀ ਤਪਾ ਦੇ ਸੈਕਟਰੀ ਹਰਦੀਪ ਸਿੰਘ ਗਿੱਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਜਾਰੀ ਮਾਪਦੰਡਾਂ ਅਨੁਸਾਰ ਖਰੀਦ ਏਜੰਸੀਆਂ ਵੱਲੋਂ ਸਰਕਾਰੀ ਰੇਟ 2461 ਅਨੁਸਾਰ ਪਰਮਲ ਕਿਸਮ ਦੇ ਝੋਨੇ ਦੀ ਖਰੀਦ 1 ਅਕਤੂਬਰ ਤੋਂ ਕੀਤੀ ਜਾਵੇਗੀ।ਉਨ੍ਹਾਂ ਝੋਨੇ ਦੀ ਆਮਦ ਸਬੰਧੀ ਇਹ ਵੀ ਕਿਹਾ ਕਿ ਖ਼ਰੀਦ ਕੇਂਦਰਾਂ ਚ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਹਨ, ਆੜ੍ਹਤੀਆ, ਕਿਸਾਨਾਂ ਤੇ ਮਜ਼ਦੂਰਾਂ ਨੂੰ ਕੋਈ ਵੀ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਮੰਡੀਆਂ ’ਚ ਸੁੱਕਾ ਝੋਨਾ ਹੀ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।